ਸਹਿਜਧਾਰੀਆਂ ਦੀ ਸਾਰ ਲਉ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ‘ਸਿੱਖ ਰਹਿਤ ਮਰਯਾਦਾ’ ਦਾ ਹਵਾਲਾ ਦੇ ਕੇ ਕਈ ਸੱਜਣ ਇਹ ਆਖਦੇ ਹਨ ਕਿ ਸਹਿਜਧਾਰੀਆਂ ਦਾ ਸਿੱਖ ਹਲਕਿਆਂ ਵਿੱਚ ਕੋਈ ਸਥਾਨ ਨਹੀਂ ਹੈ, ਕਿਉਂਕਿ ‘ਸਿੱਖ ਰਹਿਤ ਮਰਯਾਦਾ’ ਸਹਿਜਧਾਰੀਆਂ ਦਾ ਕੋਈ ਜ਼ਿਕਰ ਨਹੀਂ ਕਰਦੀ ।

‘ਰਹਿਤਨਾਮਾ ਭਾਈ ਚਉਪਾ ਸਿੰਘ’ ਵਿੱਚ ਲਫ਼ਜ਼ ‘ਸਹਜਧਾਰੀ’ ਕਈ ਵਾਰ ਵਰਤਿਆ ਗਿਆ ਮਿਲਦਾ ਹੈ । ਇਸ ਤੋਂ ਸਾਨੂੰ ਇਹ ਸੰਕੇਤ ਮਿਲਦਾ ਹੈ ਕਿ ਸਹਜਧਾਰੀ ਪਰੰਪਰਾ ਕੋਈ ਬਿਲਕੁਲ ਨਵੀਨ ਪਰੰਪਰਾ ਨਹੀਂ ਹੈ ।

ਸਿੱਖ ਪਰੰਪਰਾ ਅਨੁਸਾਰ ਸਹਿਜਧਾਰੀ ਉਹ ਵਿਅਕਤੀ ਹੈ, ਜੋ ਸਹਿਜੇ-ਸਹਿਜੇ ਸਿੱਖੀ ਦੇ ਮਾਰਗ ਵੱਲ ਆ ਰਿਹਾ ਹੈ । ਆਪਣੇ ਗ੍ਰੰਥ ‘ਮਹਾਨ ਕੋਸ਼’ ਵਿੱਚ ‘ਸਹਜਧਾਰੀ’ ਲਫ਼ਜ਼ ਬਾਰੇ ‘ਸਰਦਾਰ ਬਹਾਦੁਰ’ ਕਾਨ੍ਹ ਸਿੰਘ ਨਾਭਾ ਲਿੱਖਦੇ ਹਨ: – “ਸਹਜਧਾਰੀ: ਵਿ-ਸਹਜ (ਗਯਾਨ) ਧਾਰਣ ਵਾਲਾ, ਵਿਚਾਰਵਾਨ । ੨. ਸੁਖਾਲੀ ਧਾਰਣਾ ਵਾਲਾ, ਸੌਖੀ ਰੀਤਿ ਅੰਗੀਕਾਰ ਕਰਨ ਵਾਲਾ । ੩. ਸੰਗਯਾ । ਸਿੱਖਾਂ ਦਾ ਇੱਕ ਅੰਗ, ਜੋ ਖੰਡੇ ਦਾ ਅਮ੍ਰਿਤ ਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰਖਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮਪੁਸਤਕ ਨਹੀਂ ਮੰਨਦਾ’। (‘ਮਹਾਨ ਕੋਸ਼’, ਪੰਨਾ ੧੩੭, ਐਡੀਸ਼ਨ ੧੯੮੧, ਭਾਸ਼ਾ ਵਿਭਾਗ, ਪੰਜਾਬ)। ਉਸੇ ਪੰਨੇ ਉੱਤੇ ਦਿੱਤੇ ਫ਼ੁਟ-ਨੋਟ ਵਿੱਚ ਉਹ ਲਿੱਖਦੇ ਹਨ, “ਪੰਜਾਬ ਅਤੇ ਸਿੰਧ ਵਿੱਚ ਸਹਜਧਾਰੀ ਬਹੁਤ ਗਿਨਤੀ ਦੇ ਹਨ. ਖ਼ਾਸ ਕਰਕੇ ਸਿੰਧ ਦੇ ਸਹਜਧਾਰੀ ਵਡੇ ਪ੍ਰੇਮੀ ਅਤੇ ਸ਼੍ਰੱਧਾਵਾਨ ਹਨ. ਜੋ ਸਿੰਘ, ਸਹਜਧਾਰੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ, ਉਹ ਸਿੱਖਧਰਮ ਤੋਂ ਅਞਾਣ ਹਨ.”

ਸਹਿਜਧਾਰੀ ਪਰੰਪਰਾ ਦੇ ਪਿਛੋਕੜ ਬਾਰੇ ਮੈਂ ਇੱਕ ਵੱਖਰੇ ਲੇਖ ਵਿੱਚ ਚਰਚਾ ਕੀਤੀ ਹੋਈ ਹੈ ।

ਅਜੋਕੇ ਸਮੇਂ ਵਿੱਚ ਉੱਠਿਆ ਸਹਿਜਧਾਰੀਆਂ ਸੰਬੰਧੀ ਵਿਵਾਦ ਮੂਲ ਰੂਪ ਵਿੱਚ ਰਾਜਨੀਤਿਕ ਖੇਡ ਹੀ ਜਾਪ ਰਿਹਾ ਹੈ । ਅਖੌਤੀ ਸਹਿਜਧਾਰੀਆਂ ਦੀ ਇੱਕ ਰਾਜਨੀਤਿਕ ਸੰਸਥਾ ਰਾਹੀਂ ਕੁੱਝ ਪਤਿਤ ਹੋਏ ਸਿੱਖ ‘ਸਹਿਜਧਾਰੀ’ ਦੀ ਪਦਵੀ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਜਾਪਦੇ ਹਨ । ਦੂਜੇ ਪਾਸੇ, ਖ਼ਾਨਦਾਨੀ ਸਹਿਜਧਾਰੀ ਸੱਜਣਾਂ ਦਾ ਇਸ ਅਖੌਤੀ ਸਹਿਜਧਾਰੀ ਰਾਜਨੀਤਿਕ ਸੰਸਥਾ ਨਾਲ ਕੋਈ ਸੰਬੰਧ ਨਹੀਂ ਹੈ ।

ਖ਼ਾਨਦਾਨੀ ਸਹਿਜਧਾਰੀ ਗੁਰਬਾਣੀ ਦਾ ਆਨੰਦ ਮਾਣਨ ਵਾਲੇ ਲੋਕ ਹਨ, ਜੋ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਆਪਣੀਆਂ ਰਸਮਾਂ ਕਰਦੇ ਹਨ ।

ਜਦੋਂ ਮੈਂ ਵੱਖ-ਵੱਖ ਇਲਾਕਿਆਂ ਵਿੱਚ ਵਿਚਰਦਾ ਹਾਂ, ਤਾਂ ਇਹ ਦੇਖਣ ਵਿੱਚ ਆ ਜਾਂਦਾ ਹੈ ਕਿ ਬਹੁਤ ਸਾਰੇ ਹਿੰਦੂ ਪਰਿਵਾਰ ਅਸਲ ਵਿੱਚ ਸਹਿਜਧਾਰੀ ਪਿਛੋਕੜ ਤੋਂ ਹਨ । ਅਜਿਹਾ ਕੇਵਲ ਸਿੰਧੀ ਪਰਿਵਾਰਾਂ ਵਿੱਚ ਹੀ ਨਹੀਂ ਹੈ, ਸਗੋਂ ਬਹੁਤ ਸਾਰੇ ਪੰਜਾਬੀ ਹਿੰਦੂ ਪਰਿਵਾਰ ਵੀ ਅਸਲ ਵਿੱਚ ਸਹਿਜਧਾਰੀ ਪਿਛੋਕੜ ਤੋਂ ਹੀ ਹਨ ।

ਬਹੁਤ ਸਮਾਂ ਪਹਿਲਾਂ ਮੇਰੇ ਗੁਆਂਢ ਵਿੱਚ ਆ ਕੇ ਇੱਕ ਪੰਜਾਬੀ ਹਿੰਦੂ ਖਤਰੀ ਪਰਿਵਾਰ ਰਹਿਣ ਲੱਗਾ । ਜਦੋਂ ਜਾਣ-ਪਹਿਚਾਣ ਹੋਈ, ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਵਿਆਹ ਗੁਰਦੁਆਰੇ ਵਿੱਚ ਆਨੰਦ ਕਾਰਜ ਦੀ ਰੀਤੀ ਨਾਲ ਹੀ ਹੋਇਆ ਸੀ । ਪਰ, ਉਹ ਪਰਿਵਾਰ ਵੀ ‘ਸਹਿਜਧਾਰੀ’ ਲਫ਼ਜ਼ ਤੋਂ ਅਣਜਾਣ ਹੀ ਸੀ ਤੇ ਖ਼ੁਦ ਨੂੰ ਹਿੰਦੂ ਹੀ ਅਖਵਾਉਂਦੇ ਸਨ ।

ਆਹਿਸਤਾ-ਆਹਿਸਤਾ ਉਸ ਪਰਿਵਾਰ ਦੀ ਬੀਬੀ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਵੀ ਕਰਨ ਲੱਗ ਪਈ । ਉਸ ਦੀ ਹੌਂਸਲਾ ਅਫ਼ਜ਼ਾਈ ਲਈ ਅਸੀਂ ਵੀ ਇੱਕ ਗੁਰਮਤਿ ਸਮਾਗਮ ਦੌਰਾਨ ਉਸ ਦਾ ਸਨਮਾਨ ਕੀਤਾ ।

ਸਹਿਜਧਾਰੀ ਬੀਬੀ ਦਾ ਸਨਮਾਨ

ਉਸ ਸਮੇਂ ਮੇਰੇ ਦਿਮਾਗ਼ ਵਿੱਚ ਵੀਚਾਰ ਆਇਆ ਕਿ ਅਜਿਹੇ ਪਰਿਵਾਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਗੁਰਮਤਿ ਦੇ ਹੋਰ ਨਜ਼ਦੀਕ ਆਉਣ । ਅੱਜ ਤਾਂ ਸਥਿੱਤੀ ਇਹ ਹੈ ਕਿ ਅਜਿਹੇ ਪਰਿਵਾਰ ਗੁਰਮਤਿ ਤੋਂ ਦੂਰ ਹੁੰਦੇ ਜਾ ਰਹੇ ਹਨ ।

ਸਤਿਗੁਰੂ ਜੀ ਜਿੰਨੀ-ਕੁ ਸੇਵਾ ਸਾਡੇ ਤੋਂ ਕਰਵਾਉਂਦੇ ਰਹੇ, ਅਸੀਂ ਉਹ ਕਰਦੇ ਰਹੇ, ਪ੍ਰੰਤੂ ਸਹਿਜਧਾਰੀ ਪਰਿਵਾਰਾਂ ਵਾਸਤੇ ਕੋਈ ਵਿਸ਼ੇਸ਼ ਪ੍ਰਚਾਰ ਦੀ ਸੇਵਾ ਅਸੀਂ ਨਾ ਕਰ ਸਕੇ ।

ਫਿਰ ਇੰਝ ਹੋਇਆ ਕਿ ਮੈਂਨੂੰ ਰਿਸ਼ਤੇ ਵਿੱਚ ਆਪਣੀ ਭੈਣ ਲੱਗਦੀ ਇੱਕ ਬੀਬੀ ਦੇ ਆਨੰਦ ਕਾਰਜ ਵਿੱਚ ਸ਼ਾਮਿਲ ਹੋਣ ਜਾਣਾ ਪਿਆ । ਉਸ ਨੇ ਆਪਣੀ ਇੱਕ ਸਹੇਲੀ ਨਾਲ ਮੇਰੀ ਮੁਲਾਕਾਤ ਕਰਵਾਈ, ਜੋ ਕਿ ਦਿੱਲੀ ਵਿੱਚ ਵਿਆਹੀ ਹੋਈ ਹੈ । ਉਹ ਕੁੜੀ ਪੰਜਾਬੀ ਖਤਰੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ । ਮੇਰੀ ਭੈਣ ਮੈਂਨੂੰ ਆਖਣ ਲੱਗੀ ਕਿ ਉਸ ਦੀ ਇਹ ਸਹੇਲੀ ‘ਸਰਦਾਰਨੀ’ ਹੈ । ਮੈਂ ਪੁੱਛਿਆ ਕਿ ਇਹ ਸਰਦਾਰਨੀ ਕਿਵੇਂ ਹੈ, ਤਾਂ ਜਵਾਬ ਮਿਲਿਆ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹੈ । ਜਦੋਂ ਮੈਂ ਉਸ ਦਾ ਨਾਮ ਪੁੱਛਿਆ, ਤਾਂ ਨਾਮ ਆਮ ਹਿੰਦੂ ਪਰਿਵਾਰ ਦੀਆਂ ਬੀਬੀਆਂ ਵਾਲਾ ਹੀ ਸੀ । ਭਾਵ, ਉਸ ਦੇ ਨਾਮ ਨਾਲ ‘ਕੌਰ’ ਨਹੀਂ ਸੀ ਲੱਗਿਆ ਹੋਇਆ । ਜਦੋਂ ਉਸ ਦੇ ਬਜ਼ੁਰਗਾਂ ਦੇ ਨਾਮਾਂ ਦੀ ਗੱਲ ਚੱਲੀ, ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਨਾਵਾਂ ਨਾਲ ਵੀ ‘ਸਿੰਘ’ ਨਹੀਂ ਲੱਗਦਾ ।

ਮੈਂ ਪੁੱਛਿਆ, “ਤੁਹਾਡੇ ਪਰਿਵਾਰਾਂ ਵਿੱਚ ਵਿਆਹ ਦੀ ਰਸਮ ਕਿਵੇਂ ਹੁੰਦੀ ਹੈ?”

ਉਹ ਬੀਬੀ ਕਹਿਣ ਲੱਗੀ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਹੁੰਦੀਆਂ ਹਨ ।”

ਫਿਰ ਮੈਂ ਪੁੱਛਿਆ, “ਨਵੇਂ ਜੰਮੇ ਬੱਚੇ ਦਾ ਨਾਮ ਕਿਵੇਂ ਰੱਖਦੇ ਹੋ?”

ਉਹ ਬੋਲੀ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵਾਕ ਲੈ ਕੇ ਵਾਕ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ।”

ਅਸਲ ਵਿੱਚ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਸਭ ਰੀਤੀਆਂ ਉਹ ਹੀ ਹਨ, ਜੋ ਕਿਸੇ ਵੀ ਆਮ ਸਿੱਖ ਪਰਿਵਾਰ ਵਿੱਚ ਹੁੰਦੀਆਂ ਹਨ । ਉਹ ਗੁਰਦੁਆਰੇ ਨੂੰ ਹੀ ਮੰਨਦੇ ਹਨ । ਗੁਰਬਾਣੀ ਹੀ ਪੜ੍ਹਦੇ ਹਨ । ਮੈਂਨੂੰ ਵਿਸ਼ਵਾਸ ਹੋ ਗਿਆ ਕਿ ਇਹ ਬੀਬੀ ਸਹਿਜਧਾਰੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ । ਪਰ ਜਦੋਂ ਮੈਂ ਉਸ ਨਾਲ ‘ਸਹਿਜਧਾਰੀ’ ਲਫ਼ਜ਼ ਬਾਰੇ ਗੱਲ ਕੀਤੀ, ਤਾਂ ਉਹ ‘ਸਹਿਜਧਾਰੀ’ ਲਫ਼ਜ਼ ਤੋਂ ਅਣਜਾਣ ਹੀ ਜਾਪੀ ।

ਜਦੋਂ ਹੋਰ ਖੋਜ ਕੀਤੀ, ਤਾਂ ਪਤਾ ਲੱਗਾ ਕਿ ਅਜਿਹੇ ਸੈਂਕੜੇ ਪਰਿਵਾਰ ਪੰਜਾਬ ਤੇ ਹਰਿਆਣਾ ਵਿੱਚ ਹਨ, ਜੋ ਅਸਲ ਵਿੱਚ ਸਹਿਜਧਾਰੀ ਹੀ ਹਨ, ਪਰ ਸਿੱਖ ਪ੍ਰਚਾਰਕ ਉਨ੍ਹਾਂ ਤਕ ਪਹੁੰਚ ਨਹੀਂ ਰਹੇ ।

ਹਰਿਆਣਾ ਰਾਜ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਛਛਰੌਲੀ ਕਸਬੇ ਵਿੱਚ ਇੱਕ ਅਜਿਹੇ ਹੀ ਪਰਿਵਾਰ ਨਾਲ ਮੁਲਾਕਾਤ ਹੋਈ, ਜੋ ਗੁਰਦੁਆਰਾ ਸਾਹਿਬ ਨੂੰ ਹੀ ਮੰਨਦੇ ਹਨ । ਇਸ ਪਰਿਵਾਰ ਤੋਂ ਹੀ ਪਤਾ ਲੱਗਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਵੀ ਲੱਗਭੱਗ ਇਹੀ ਸਥਿੱਤੀ ਹੈ ।

ਰਿਸ਼ਤੇ ਵਿੱਚ ਮੇਰੀ ਇੱਕ ਭਾਣਜੀ ਛਛਰੌਲੀ ਹੀ ਰਹਿੰਦੀ ਹੈ । ਉਸ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਹ ਜਿਹੜੇ ਗੁਰਦੁਆਰਾ ਸਾਹਿਬ ਰੋਜ਼ਾਨਾ ਜਾਂਦੀ ਹੈ, ਉੱਥੇ ਹਿੰਦੂ ਵੀ ਬਹੁਤ ਆਉਂਦੇ ਹਨ । ਮੈਂਨੂੰ ਕੋਈ ਸ਼ੱਕ ਨਹੀਂ ਕਿ ਉਹ ਅਸਲ ਵਿੱਚ ਸਹਿਜਧਾਰੀ ਹੀ ਹਨ, ਜਿਨ੍ਹਾਂ ਨੂੰ ਸਾਡੀਆਂ ਸਿੱਖ ਸੰਸਥਾਵਾਂ ਤੇ ਪ੍ਰਚਾਰਕ ਕੁੱਝ ਖ਼ਾਸ ਕਾਰਣਾਂ ਕਰਕੇ ਭੁਲਾਈ ਬੈਠੀ ਹਨ ।

ਬਹੁਤ ਵੀਚਾਰ ਕਰਨ ਤੋਂ ਬਾਅਦ ਮੈਂ ਇਸ ਨਤੀਜੇ ‘ਤੇ ਪੁੱਜਾ ਹਾਂ ਕਿ ਸਾਨੂੰ ਇਨ੍ਹਾਂ ਸਹਿਜਧਾਰੀਆਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ । ਜੇ ਅਸੀਂ ਇਸ ਪਾਸੇ ਤੋਂ ਅਵੇਸਲੇ ਹੋ ਗਏ, ਤਾਂ ਇਹ ਸਹਿਜਧਾਰੀ ਹੌਲੀ-ਹੌਲੀ ਗੁਰਮਤਿ ਦੇ ਦਾਇਰੇ ਤੋਂ ਬਹੁਤ ਦੂਰ ਹੋ ਜਾਣਗੇ ।

ਨਿਜੀ ਤੌਰ ‘ਤੇ, ਜਿੰਨਾ ਵੀ ਹੋ ਸਕੇ, ਮੈਂ ਖ਼ੁਦ ਇਨ੍ਹਾਂ ਸਹਿਜਧਾਰੀ ਪਰਿਵਾਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਦਾ ਯਤਨ ਕਰਾਂਗਾ । ਹੋਰ ਗੁਰਸਿੱਖ ਸੱਜਣਾਂ ਅਤੇ ਸਿੱਖ ਸੰਸਥਾਵਾਂ ਦਾ ਵੀ ਇਹ ਫ਼ਰਜ਼ ਹੈ ਕਿ ਅਜਿਹੇ ਸਹਿਜਧਾਰੀਆਂ ਵਿੱਚ ਗੁਰਮਤਿ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਏ ।