Tag Archives: ਸਮਾਜ

ਸਾਮਾਜਿਕ ਨਿਯਮ ਸਦਾ ਬਦਲਦੇ ਰਹਿੰਦੇ ਹਨ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਚੰਦੂ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦੇ ਵਕਤ ਮੁਗ਼ਲ ਦਰਬਾਰ ਵਿੱਚ ਇੱਕ ਉੱਚ ਅਧਿਕਾਰੀ ਸੀ । ਆਪਣੀ ਧੀ ਦਾ ਮੰਗਣਾ ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸਪੁੱਤਰ ਸ੍ਰੀ (ਗੁਰੂ) ਹਰਗੋਬਿੰਦ ਸਾਹਿਬ ਜੀ ਨਾਲ ਹੋਣ ਤੋਂ ਬਾਅਦ ਉਸਨੇ ਗੁਰੂ ਸਾਹਿਬ ਦੇ ਬਾਰੇ ਕੁੱਝ ਅਪਮਾਨਜਨਕ ਟਿੱਪਣੀਆਂ ਕੀਤੀਆਂ । ਉੱਥੇ ਮੌਜੂਦ ਕੁੱਝ ਸਿੱਖਾਂ ਨੇ ਇਹ ਸੁਣਿਆ ਤੇ ਖ਼ੁਦ ਨੂੰ ਅਪਮਾਨਿਤ ਹੋਇਆ ਮਹਿਸੂਸ ਕੀਤਾ । ਉਨ੍ਹਾਂ ਨੇ ਗੁਰੂ ਜੀ ਨੂੰ ਅਖਵਾ ਭੇਜਿਆ ਕਿ ਇਹ ਰਿਸ਼ਤਾ ਮੰਨਜ਼ੂਰ ਨਾ ਕੀਤਾ ਜਾਏ । ਗੁਰੂ ਅਰਜੁਨ ਦੇਵ ਜੀ ਨੇ ਉਹੀ ਕੀਤਾ, ਜੋ ਸਿੱਖ ਚਾਹੁੰਦੇ ਸਨ ।

ਚੰਦੂ ਦੀ ਧੀ ਤੇ (ਗੁਰੂ) ਹਰਗੋਬਿੰਦ ਸਾਹਿਬ ਜੀ ਦਾ ਕਦੇ ਵੀ ਆਪਸ ਵਿੱਚ ਵਿਆਹ ਨਾ ਹੋਇਆ । ਜਿਵੇਂ ਕਿ ਉਨ੍ਹੀਂ ਦਿਨੀਂ ਅਖਉਤੀ ਉੱਚੀ ਜਾਤੀ ਦੇ ਹਿੰਦੂ ਸਮਾਜ ਵਿੱਚ ਰਿਵਾਜ਼ ਸੀ, ਚੰਦੂ ਦੀ ਧੀ ਆਪਣੀ ਮੌਤ ਤਕ ਵਿਣ-ਵਿਆਹੀ ਹੀ ਰਹੀ ।

ਉਨ੍ਹਾਂ ਦਿਨਾਂ ਵਿੱਚ ਅਖਉਤੀ ਉੱਚੀ ਜਾਤੀ ਦੀ ਹਿੰਦੂ ਔਰਤ ਨੂੰ ਇਹ ਬਿਲਕੁਲ ਮੰਨਜ਼ੂਰ ਨਹੀਂ ਸੀ ਕਿ ਇੱਕ ਵਾਰ ਕਿਸੀ ਮਰਦ ਨਾਲ ਉਸਦਾ ਨਾਮ ਜੁੜ੍ਹ ਜਾਣ ਮਗਰੋਂ ਉਹ ਕਿਸੀ ਹੋਰ ਮਰਦ ਬਾਰੇ ਸੋਚੇ ਵੀ । ਇੱਕ ਵਾਰ ਕਿਸੀ ਔਰਤ ਦਾ ਮੰਗਣਾ ਹੋਣ ਮਗਰੋਂ ਕੋਈ ਹੋਰ ਮਰਦ ਉਸ ਨਾਲ ਕਦੀ ਵਿਆਹ ਨਹੀਂ ਸੀ ਕਰਦਾ, ਜੇ ਉਸ ਔਰਤ ਦਾ ਮੰਗਣਾ ਟੁੱਟ ਜਾਏ । ਅਜਿਹੇ ਨਿਯਮ ਸਨ ਤਦੋਂ ਸਮਾਜ ਦੇ ।

ਉਨ੍ਹੀਂ ਦਿਨੀਂ ਕਿਸੀ ਹਿੰਦੂ ਵਿਧਵਾ ਲਈ ਦੁਬਾਰਾ ਵਿਆਹ ਕਰ ਲੈਣਾ ਅਸੰਭਵ ਸੀ । ਸਿੱਖ ਗੁਰੂਆਂ ਨੇ ਵਿਧਵਾ-ਵਿਆਹ ਨੂੰ ਉਤਸ਼ਾਹਿਤ ਕੀਤਾ, ਤਾਂਕਿ ਉਹ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ । ਇਹ ਸਾਮਾਜਿਕ ਨਿਯਮਾਂ ਵਿੱਚ ਇਰਾਦਨ ਲਿਆਉਂਦਾ ਗਿਆ ਬਦਲਾਵ ਸੀ ।

ਅੱਜਕੱਲ੍ਹ ਅਸੀਂ ਦੇਖ ਸਕਦੇ ਹਾਂ ਕਿ ਪਰੰਪਰਾਗਤ ਭਾਰਤੀ ਸਮਾਜ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਨਾਲ ਬਦਲ ਲਿਆ ਹੈ । ਟੁੱਟੇ ਹੋਏ ਮੰਗਣੇ, ਇੱਥੋਂ ਤੱਕ ਕਿ ਟੁੱਟੇ ਹੋਏ ਵਿਆਹ ਵੀ ਹੁਣ ਕੁੜੀਆਂ ਲਈ ਸ਼ਰਮਿੰਦਗੀ ਦੀ ਵਜ੍ਹਾ ਨਹੀਂ ਰਹੇ, ਚਾਹੇ ਕਿ ਹੁਣ ਵੀ ਬਹੁਤ ਸਾਰੇ ਲੋਕ ਐਸੇ ਹਨ, ਜੋ ਇਨ੍ਹਾਂ ਬਦਲਾਵਾਂ ਤੋਂ ਖ਼ੁਸ਼ ਨਹੀਂ ਹਨ ।

ਇੱਕ ਸੋਸ਼ਲ ਨੈੱਟਵਰਕ ਵੈੱਬਸਾਈਟ ਉੱਤੇ ਮੈਂ ਇੱਕ ਸੁਨੇਹਾ ਪੜ੍ਹਿਆ ਸੀ, ਜੋ ਕੁੱਝ ਇਸ ਤਰ੍ਹਾਂ ਸੀ: –

ਪਹਿਲਾਂ ਕੁੜੀਆਂ ਆਖਿਆ ਕਰਦੀਆਂ ਹਨ, “ਮੈਂ ਪਹਿਲਾਂ ਬੀ.ਏ. ਵਨ ਪਾਸ ਕੀਤੀ, ਫਿਰ ਬੀ.ਏ. ਟੂ, ਤੇ ਫਿਰ ਬੀ.ਏ. ਫ਼ਾਈਨਲ ਕੀਤੀ । ਜਾਂ, ਮੈਂ ਪਹਿਲਾਂ ਬੀ. ਕੋਮ. ਵਨ ਪਾਸ ਕੀਤੀ, ਫਿਰ ਬੀ. ਕੋਮ. ਟੂ, ਤੇ ਫਿਰ ਬੀ.ਕੋਮ. ਫ਼ਾਈਨਲ। ਜਾਂ, ਮੈਂ ਪਹਿਲਾਂ ਬੀ.ਐੱਸ.ਸੀ. ਵਨ ਪਾਸ ਕੀਤੀ, ਫਿਰ ਬੀ.ਐੱਸ.ਸੀ. ਟੂ, ਤੇ ਫਿਰ ਬੀ.ਐੱਸ.ਸੀ. ਫ਼ਾਈਨਲ ਕੀਤੀ।” ਅੱਜਕਲ੍ਹ ਦੀ ਕੁੜੀ ਆਖਦੀ ਹੈ, “ਮੈਂ ਪਹਿਲਾਂ ਪਹਿਲਾ ਮੰਗਣਾ ਕੀਤਾ, ਫਿਰ ਦੂਜਾ ਮੰਗਣਾ ਕੀਤਾ, ਤੇ ਫਿਰ ਫ਼ਾਈਨਲ ਮੰਗਣਾ ਕੀਤਾ”।

ਚਾਹੇ ਸਾਮਾਜਿਕ ਤੌਰ ‘ਤੇ ਇੱਜ਼ਤਦਾਰ ਕਈ ਪਰਿਵਾਰ ਹੁਣ ਵੀ ਆਪਣੀ ਕਿਸੀ ਧੀ ਦਾ ਮੰਗਣਾ ਟੁੱਟ ਜਾਣ ਨੂੰ ਆਪਣੀ ਬੇਇੱਜ਼ਤੀ ਦੇ ਤੌਰ ‘ਤੇ ਲੈਂਦੇ ਹਨ, ਕਈ ਹੋਰ ਇਸ ਵੱਲ ਕੁੱਝ ਜ਼ਿਆਦਾ ਤਵੱਜੋਂ ਨਹੀਂ ਦਿੰਦੇ । ਕੁੱਝ ਕੁੜੀਆਂ ਤਾਂ ਹੁਣ ਤਿੰਨ-ਤਿੰਨ ਵਾਰ ਵੀ ਵਿਆਹ ਕਰਾ ਰਹੀਆਂ ਹਨ ਤੇ ਸਾਧਾਰਣ ਸਮਾਜ ਨੇ ਉਨ੍ਹਾਂ ਨੂੰ ਲੱਗਭੱਗ ਸਵੀਕਾਰ ਵੀ ਕੀਤਾ ਹੈ ।

ਇਹ ਖ਼ਬਰ ਤਾਂ ਹੁਣ ਪੁਰਾਣੀ ਹੋ ਚੁੱਕੀ ਹੈ ਕਿ ਮੁੰਬਈ ਦੀ ਇੱਕ ਅਦਾਕਾਰਾ ਨੇ ਬਿਨ੍ਹਾਂ ਵਿਆਹ ਕੀਤਿਆਂ ਹੀ ਇੱਕ ਵਿਦੇਸ਼ੀ ਕ੍ਰਿਕਟਰ ਦੇ ਬੱਚੇ ਨੂੰ ਜਨਮ ਦਿੱਤਾ । ਬਹੁਤ ਸਾਰੇ ਲੋਕ ‘ਲਿਵ-ਇਨ’ ਰਿਸ਼ਤੇ ਨੂੰ ਤਰਜੀਹ ਦੇਣ ਲੱਗੇ ਹਨ, ਚਾਹੇ ਕਿ ਭਾਰਤ ਦੇ ਇੱਕ ਵੱਡੇ ਹਿੱਸੇ ਵਿੱਚ ਇਸ ਨੂੰ ਸਾਮਾਜਿਕ ਮਾਨਤਾ ਨਹੀਂ ਮਿਲੀ ਹੈ ।

ਪਰ, ਲੱਗਦਾ ਹੈ ਕਿ ਸਾਮਾਜਿਕ ਨਿਯਮ ਹੁਣ ਇੱਕ ਵੱਡੀ ਤਬਦੀਲੀ ਵੱਲ ਵੱਧ ਰਹੇ ਹਨ । ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਇੱਕ ਮਹੱਤਵਪੂਰਣ ਫ਼ੈਸਲੇ ਵਿੱਚ ‘ਲਿਵ-ਇਨ’ ਰਿਸ਼ਤਿਆਂ ਲਈ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸਨਾਲ ਕਿ ‘ਲਿਵ-ਇਨ’ ਰਿਸ਼ਤਿਆਂ ਵਿੱਚ ਵੀ ਔਰਤਾਂ ਨੂੰ ਸੁਰੱਖਿਆ ਦਿੱਤੀ ਜਾ ਸਕੇ । ਸੁਪਰੀਮ ਕੋਰਟ ਨੇ ਆਖਿਆ ਹੈ ਕਿ ‘ਲਿਵ-ਇਨ’ ਰਿਸ਼ਤੇ ਨਾ ਤਾਂ ਅਪਰਾਧ ਹਨ ਤੇ ਨਾ ਪਾਪ, ਅਤੇ ਸੰਸਦ ਨੂੰ ਚਾਹੀਦਾ ਹੈ ਕਿ ਉਹ ਐਸੇ ਰਿਸ਼ਤੇ ਵਿੱਚ ਰਹਿ ਰਹੀਆਂ ਔਰਤਾਂ ਤੇ ਐਸੇ ਰਿਸ਼ਤਿਆਂ ਵਿੱਚੋਂ ਪੈਦਾ ਹੋਣ ਵਾਲੇ ਬੱਚਿਆਂ ਲਈ ਕਾਨੂੰਨ ਬਣਾਏ ।