ਕੰਬਦੀ ਕਲਾਈ

(ਭਾਈ ਵੀਰ ਸਿੰਘ)

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ ।

ਫਿਰ ਲੜ ਫੜਨੇ ਨੂੰ ਉੱਠ ਦੌੜੇ
ਪਰ ਲੜ ਓ ‘ਬਿਜਲੀ-ਲਹਿਰਾ’,
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ;

ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ!