ਬਨਫ਼ਸ਼ਾਂ ਦਾ ਫੁੱਲ

(ਭਾਈ ਵੀਰ ਸਿੰਘ)

ਬਨਫ਼ਸ਼ਾਂ ਦੇ ਡਾਢੇ ਖ਼ੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੈ (ਖ਼ੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ ਲਗਾਏ ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ ਏਹ ਨਜ਼ਰ ਨਾ ਖਿੱਚਣ ਵਾਲੇ ਢੰਗ ਉੱਗਦੇ ਵਧਦੇ ਹਨ, ਫਿਰ ਬੀ ਲੋਕੀਂ ਜਾ ਤੋੜਦੇ ਹਨ, ਇਸ ਦੇ ਟੁੱਟਣ ਸਮੇਂ ਦੇ ਦਿਲ-ਤਰੰਗ ਇਨ੍ਹਾਂ ਸਤਰਾਂ ਵਿਚ ਅੰਕਤ ਹਨ: –

ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ ।

ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।

ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।

ਮੈਂ ਮਸਤ ਆਪਣੇ ਹਾਲ,
ਮਗਨ ਗਂਧਿ ਆਪਣੀ ।
ਹਾਂ, ਦਿਨ ਨੂੰ ਭੌਰੇ ਨਾਲ
ਭਿ ਮਿਲਨੋਂ ਸੰਗਦਾ ।

ਆ ਸ਼ੋਖੀ ਕਰਕੇ ਪਉਣ
ਜਦੋਂ ਗਲ ਲੱਗਦੀ,
ਮੈਂ ਨਾਂਹਿ ਹਿਲਾਵਾਂ ਧਉਣ
ਵਾਜ ਨਾ ਕੱਢਦਾ ।

ਹੋ, ਫਿਰ ਬੀ ਟੁੱਟਾਂ, ਹਾਇ!
ਵਿਛੋੜਨ ਵਾਲਿਓ
ਮਿਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨਾ ਛਿੱਪਦੀ ।

ਮਿਰੀ ਛਿਪੇ ਰਹਿਣ ਦੀ ਚਾਹ
ਤੇ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹ,
ਮੈਂ ਤਰਲੇ ਲੈ ਰਿਹਾ ।