ਫੇਰ ਹੋਇਆ ਦਸਤਾਰ ਦਾ ਅਪਮਾਨ

ਜਿਹੜੇ ਪੰਜਾਬੀ ਮਰਦ ਨੇ ਆਪਣੀ ਦਸਤਾਰ ਆਪ ਹੀ ਲਾਹ ਕੇ ਰੱਖ ਦਿੱਤੀ ਹੋਵੇ, ਉਹ ਸ਼ਾਇਦ ਇਹ ਦੁੱਖ ਨਾ ਸਮਝ ਸਕੇ | ਇਸ ਬੇਇਜ਼ਤੀ ਨੂੰ ਕੋਈ ਪੱਗ ਬੰਨ੍ਹਣ ਵਾਲਾ ਪੰਜਾਬੀ, ਪਠਾਣ, ਹਰਿਆਣਵੀ ਜਾਂ ਰਾਜਸਥਾਨੀ ਮਰਦ ਮਹਿਸੂਸ ਕਰ ਸਕਦਾ ਹੈ |

ਪੰਜਾਬ ਵਿੱਚ ਪਹਿਲਾਂ ਵੀ ਹਜਾਰਾਂ ਵਾਰ ਹੋਇਆ ਤੇ ਹੁਣ ਇੱਕ ਵਾਰ ਫੇਰ ਦਸਤਾਰ ਦਾ ਅਪਮਾਨ ਕੀਤਾ ਗਿਆ ਹੈ | ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਮੁਜਾਹਰਾ ਕਰਦੇ ਇੱਕ ਨੌਜਵਾਨ ਦੀ ਦਸਤਾਰ ਗੁੱਸੇ ਵਿੱਚ ਉੱਬਲਦੇ ਇੱਕ ਪੁਲਿਸ ਅਫਸਰ ਨੇ ਬਿਨ੍ਹਾਂ ਕਿਸੇ ਕਾਰਣ ਤੋਂ ਲਾਹ ਦਿੱਤੀ | ਇਹ ਘਟਨਾ ਵੀ ਅਜਿਹੀਆਂ ਅਨੇਕ ਹੋਰ ਘਟਨਾਵਾਂ ਵਾਂਗ ਅਣਗੌਲੀ ਰਹਿ ਜਾਣੀ ਸੀ ਜੇ ਕੋਈ ਰਾਹਗੀਰ ਇਸ ਘਟਨਾ ਦਾ ਵੀਡੀਓ-ਕਲਿੱਪ ਇੰਟਰਨੈੱਟ ‘ਤੇ ਨਾ ਅਪਲੋਡ ਕਰਦਾ | ਸੁਭਾਵਿਕ ਹੀ ਸੀ, ਦੇਸ਼-ਵਿਦੇਸ਼ ਵਿੱਚ ਇਸ ਬਾਰੇ ਤਿੱਖੀ ਪ੍ਰਤੀਕਿਰਿਆ ਹੋਈ | ਦਸਤਾਰ ਬੰਨ੍ਹਣ ਵਾਲੇ ਹਰ ਇਨਸਾਨ ਨੇ ਇਸ ਨੂੰ ਆਪਣੀ ਹੱਤਕ ਸਮਝਿਆ |

ਇੱਥੇ ਇਹ ਸਮਝ ਲੈਣਾ ਜਰੂਰੀ ਹੈ ਕਿ ਕਿਸੇ ਸਿੱਖ ਨੂੰ ਤਲਾਸ਼ੀ ਲਈ ਆਪਣੀ ਦਸਤਾਰ ਆਪ ਉਤਾਰਣ ਲਈ ਕਹਿਣ ਵਿੱਚ ਅਤੇ ਭਰੇ ਚੌਰਾਹੇ ਹੱਥ ਮਾਰ ਕੇ ਕਿਸੇ ਸਿੱਖ ਦੀ ਦਸਤਾਰ ਲਾਹ ਦੇਣ ਵਿੱਚ ਬਹੁਤ ਫ਼ਰਕ ਹੈ | ਤਲਾਸ਼ੀ ਲਈ ਦਸਤਾਰ ਉਤਾਰਣ ਲਈ ਕਹਿਣ ਵਾਲਾ ਪੁਲਿਸ ਕਰਮਚਾਰੀ ਆਪਣੀ ਡਿਊਟੀ ਪੂਰੀ ਕਰ ਰਿਹਾ ਹੋ ਸਕਦਾ ਹੈ, ਪਰ ਭਰੇ ਚੌਰਾਹੇ ਹੱਥ ਮਾਰ ਕੇ ਕਿਸੇ ਦੀ ਦਸਤਾਰ ਉਸ ਦੇ ਸਿਰ ਤੋਂ ਗਿਰਾਉਣ ਵਾਲਾ ਤਾਂ ਅਪਰਾਧ ਹੀ ਕਰ ਰਿਹਾ ਹੈ | ਜੇ ਕਿਸੇ ਸਿੱਖ ਦੀ ਦਸਤਾਰ ਦੀ ਬੇ-ਅਦਬੀ ਕੀਤੀ ਜਾਵੇ, ਤਾਂ ਇਹ ਉਸਦੇ ਧਾਰਮਿਕ ਅਕੀਦਿਆਂ ਅਤੇ ਧਾਰਮਿਕ ਭਾਵਨਾਵਾਂ ਦੀ ਵੀ ਬੇ-ਅਦਬੀ ਹੈ | ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਭਾਰਤੀ ਦੰਡ ਵਿਧਾਨ ਦੀ ਧਾਰਾ ੨੯੫-ਏ ਅਧੀਨ ਇੱਕ ਅਪਰਾਧ ਹੈ |

ਭਾਰਤੀ ਦੰਡ ਵਿਧਾਨ ਦੀ ਧਾਰਾ ੨੯੫-ਏ ਬਿਆਨ ਕਰਦੀ ਹੈ, “Whoever, with deliberate and malicious intention of outraging the religious feelings of any class of citizens of India, by words, either spoken or written, or by signs or by visible representations or otherwise, insults or attempts to insult the religion or the religious beliefs of that class, shall be punished with imprisonment…which may extend to three years, or with fine, or with both.”

ਇੱਥੋਂ ਹੀ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮੋਹਾਲੀ ਵਿੱਚ ਇੱਕ ਸਿੱਖ ਮੁਜਾਹਰਾਕਾਰੀ ਦੀ ਦਸਤਾਰ ਉਤਾਰਣ ਦੀ ਘਟਨਾ ਫੌਜਦਾਰੀ ਅਪਰਾਧ ਹੈ |

ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਜਿਆਦਾ ਦੂਰ ਨਹੀਂ ਹਨ | ਵਿਦੇਸ਼ਾਂ ਵਿੱਚ ਦਸਤਾਰ ਨੂੰ ਲਾਹ ਕੇ ਲਈ ਜਾ ਰਹੀ ਤਲਾਸ਼ੀ ਦੇ ਖਿਲਾਫ਼ ਕੇਂਦਰ ਸਰਕਾਰ ਨੂੰ ਕੋਈ ਕਾਰਵਾਈ ਕਰਨ ਲਈ ਜੋਰ ਪਾ ਰਹੇ ਅਕਾਲੀ ਸਿਆਸਤਦਾਨ ਮੋਹਾਲੀ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਦਸਤਾਰ ਦਾ ਅਪਮਾਨ ਕਰਨ ਦੀ ਘਟਨਾ ਨੂੰ ਨਜਰ-ਅੰਦਾਜ਼ ਕਰਨ ਦੀ ਗਲਤੀ ਨਹੀਂ ਸਨ ਕਰ ਸਕਦੇ | ਬਸ ਫਿਰ ਕੀ ਸੀ, ਪੰਜਾਬ ਸਰਕਾਰ ਨੇ ਫੌਰੀ ਕਾਰਵਾਈ ਕਰਦਿਆਂ ਇੱਕ ਐੱਸ. ਪੀ. ਅਤੇ ਇੱਕ ਥਾਣਾ-ਮੁਖੀ ਨੂੰ ਮੁਅੱਤਲ ਕਰ ਦਿੱਤਾ | ਡਿਪਟੀ ਮੁੱਖ ਮੰਤਰੀ ਨੇ ਇਸ ਸੰਬੰਧੀ ਨਿਆਂਇਕ ਜਾਂਚ ਦੇ ਹੁਕਮ ਵੀ ਜਾਰੀ ਕੀਤੇ |

ਇਹ ਤਾਂ ਵਕਤ ਹੀ ਦੱਸੇਗਾ ਕਿ ਜਾਂਚ ਦਾ ਕੀ ਨਤੀਜਾ ਨਿਕਲਦਾ ਹੈ ਜਾਂ ਦੋਸ਼ੀਆਂ ਨੂੰ ਕੋਈ ਸਜਾ ਮਿਲਦੀ ਹੈ ਕਿ ਨਹੀਂ, ਪਰ ਨਿਰੀ ਨਿਆਂਇਕ ਜਾਂਚ ਦੇ ਹੁਕਮ ਨਾਕਾਫੀ ਹਨ | ਚਾਹੀਦਾ ਤਾਂ ਇਹ ਸੀ ਕਿ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਕੇ ਘੱਟੋ-ਘੱਟ ਨਿਆਂਇਕ ਹਿਰਾਸਤ ਵਿੱਚ ਰਖਿਆ ਜਾਂਦਾ| ਇਸ ਨਾਲ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਫੈਲਿਆ ਰੋਹ ਕੁਝ ਸ਼ਾਂਤ ਹੋ ਸਕਦਾ ਸੀ | ਪੱਗ ਉਤਾਰਨ ਦਾ ਅਪਰਾਧ ਕਰਨ ਵਾਲਾ ਪੁਲਿਸ ਅਧਿਕਾਰੀ ਕੋਈ ਗੈਰ-ਸਿੱਖ ਹੈ | ਮੌਕਾਪ੍ਰਸਤ ਤੇ ਫਿਰਕੂ ਜ਼ਹਿਨੀਅਤ ਵਾਲੇ ਲੋਕ ਇਸ ਘਟਨਾ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ | ਦੋਸ਼ੀ ਪੁਲਿਸ ਕਰਮਚਾਰੀ ਦੀ ਗ੍ਰਿਫਤਾਰੀ ਨਾਲ ਫਿਰਕੂ ਅਨਸਰਾਂ ਦੀ ਅਜਿਹੀ ਕੋਈ ਕੋਸ਼ਿਸ਼ ਅਸਫ਼ਲ ਹੋ ਜਾਏਗੀ |

ਹੁਣ ਜਦੋਂ ਕਿ ਪੰਜਾਬ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ, ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਜਾਂਚ ਜਲਦੀ ਤੋਂ ਜਲਦੀ ਪੂਰੀ ਹੋਏ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਮਿਸਾਲੀ ਸਜਾ ਮਿਲ ਸਕੇ | ਇਨ੍ਹਾਂ ਪੁਲਿਸ ਕਰਮੀਆਂ ਨੂੰ ਮਿਲੀ ਸਜਾ ਤੋਂ ਹੋਰ ਪੁਲਿਸ ਕਰਮਚਾਰੀ ਵੀ ਸਬਕ ਸਿੱਖ ਸਕਣਗੇ ਤੇ ਇੰਝ ਭਵਿੱਖ ਵਿੱਚ ਦਸਤਾਰ ਦੇ ਵਾਰ-ਵਾਰ ਹੁੰਦੇ ਅਪਮਾਨ ਨੂੰ ਕੁਝ ਠੱਲ ਪੈ ਸਕੇਗੀ |

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’