Category Archives: Punjabi Articles And Comments

ਨਾਨਕ ਇਹ ਬਿਧਿ ਹਰਿ ਭਜਉ

ਪੰਜਾਬੀ ਲੇਖ ‘ਨਾਨਕ ਇਹ ਬਿਧਿ ਹਰਿ ਭਜਉ‘ ਅਸੀਂ ਪੀ. ਡੀ. ਐੱਫ਼. ਫ਼ਾਈਲ (PDF) ਦੇ ਰੂਪ ਵਿੱਚ ਪੇਸ਼ ਕਰ ਰਹੇ ਹਾਂ । ਇਹ ਲੇਖ ਪੜ੍ਹਨ ਜਾਂ ਫ਼ਾਈਲ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ ਇਸ ਲਿੰਕ ਉੱਤੇ ਜਾਉ ਜੀ: – ਨਾਨਕ ਇਹ ਬਿਧਿ ਹਰਿ ਭਜਉ.

इस लेख का हिन्दी रूप भी उपलब्ध है: – नानक इह बिधि हरि भजउ

ਜਗਤ ਸਭ ਮਿਥਿਆ

ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
(ਸਾਰੰਗ ਮਹਲਾ ੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ).

ਜਗਤ ਮਿਥਿਆ ਹੈ, ਨਾਸ਼ਵਾਨ ਹੈ । ਅਸਲ ਵਿੱਚ ਇਸ ਦੀ ਆਪਣੀ ਹੋਂਦ ਉਸੇ ਪ੍ਰਕਾਰ ਦੀ ਹੀ ਹੈ, ਜਿਸ ਪ੍ਰਕਾਰ ਕਿਸੇ ‘ਸੁਪਨੇ’ ਦੀ ਹੋਂਦ ਹੁੰਦੀ ਹੈ । ਰਾਤ ਨੂੰ ਆਏ ਸੁਪਨੇ ਦੀ ਹੋਂਦ ਬਾਰੇ ਕੀ ਆਖਿਆ ਜਾਏ? ਕੀ ਉਸ ਦੀ ਹੋਂਦ ਹੈ? ਕੀ ਉਸ ਦੀ ਹੋਂਦ ਨਹੀਂ ਹੈ? ਸੁਪਨੇ ਦੀ ਹੋਂਦ ਹੋ ਕੇ ਵੀ ਸੁਪਨਾ ਅਣਹੋਇਆ ਹੈ । ਸੁਪਨਾ ਮਿਥਿਆ ਹੈ । ਸੁਪਨੇ ਵਿੱਚ ਵਾਪਰੀ ਘਟਨਾ ਅਸਲ ਵਿੱਚ ਵਾਪਰੀ ਹੀ ਨਹੀਂ, ਪਰ ‘ਮਨ’ ਨੇ ਸੁਪਨੇ ਵਿੱਚ ਵਾਪਰੀ ਘਟਨਾ ਨੂੰ ਅਸਲ ਜਾਣ ਲਿਆ । ਇਸੇ ਕਾਰਣ, ਭਿਆਨਕ ਸੁਪਨੇ ਤੋਂ ਇਹ ਡਰ ਜਾਂਦਾ ਹੈ, ਦੁੱਖ ਦਾ ਸੁਪਨਾ ਦੇਖ ਕੇ ਦੁੱਖੀ ਹੋ ਜਾਂਦਾ ਹੈ ਤੇ ਖ਼ੁਸ਼ੀ ਦਾ ਸੁਪਨਾ ਦੇਖ ਕੇ ਖ਼ੁਸ਼ ਹੋ ਜਾਂਦਾ ਹੈ । ਨਾ ਕੋਈ ਭਿਆਨਕ ਘਟਨਾ ਵਾਪਰੀ, ਨਾ ਕੋਈ ਦੁੱਖ-ਭਰਪੂਰ ਘਟਨਾ ਘਟੀ, ਤੇ ਨਾ ਹੀ ਖ਼ੂਸ਼ੀ ਦੀ ਕੋਈ ਗੱਲ ਹੋਈ । ਕੇਵਲ ਸੁਪਨਾ ਆਇਆ, ਪਰ ਮਨ ਡਰ ਗਿਆ, ਦੁੱਖੀ ਹੋ ਗਿਆ ਜਾਂ ਖ਼ੁਸ਼ ਹੋ ਗਿਆ । ਕੁੱਝ ਵੀ ਵਾਪਰਿਆ ਨਹੀਂ, ਪਰ ਮਨ ਨੇ ਡਰ, ਦੁੱਖ ਜਾਂ ਸੁੱਖ ਨੂੰ ਮਹਿਸੂਸ ਕਰ ਲਿਆ ।

ਆਸਾ ਰੱਖਣਾ ਹੀ ਸਭ ਤੋਂ ਵੱਡਾ ਦੁੱਖ ਹੈ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਅਵਧੂਤ ਦੱਤਾਤ੍ਰੇਅ ਜੀ ਨੇ ਰਾਜਾ ਯਦੂ ਨੂੰ ਉਪਦੇਸ਼ ਕਰਦਿਆਂ ਆਖਿਆ ਸੀ: –

ਆਸ਼ਾ ਹਿ ਪਰਮਮ ਦੁਖਮ
ਨੈਰਾਸ਼ਯਮ ਪਰਮਮ ਸੁਖਮ॥

ਆਸਾ ਰੱਖਣਾ ਹੀ ਸਭ ਤੋਂ ਵੱਡਾ ਦੁੱਖ ਹੈ ਤੇ ਆਸਾ-ਰਹਿਤ ਹੋਣਾ ਹੀ ਸਭ ਤੋਂ ਵੱਡਾ ਸੁੱਖ ਹੈ ।

ਗੱਲ ਬੜੀ ਡੂੰਘੀ ਹੈ।

ਕਿਸੀ ਵਸਤੂ ਆਦਿ ਦੀ ਆਸਾ ਕਰਦੇ-ਕਰਦੇ, ਜੇ ਉਹ ਮਿਲ ਵੀ ਜਾਏ, ਤਾਂ ਮਨ ਆਖਦਾ ਹੈ ਕਿ ਇਸ ਵਿੱਚ ਖ਼ਾਸ ਕੀ? ਇਹ ਤਾਂ ਮਿਲਣੀ ਹੀ ਸੀ । ਇਸ ਦੀ ਤਾਂ ਪਹਿਲਾਂ ਤੋਂ ਹੀ ਪੂਰੀ ਪੂਰੀ ਆਸ ਸੀ । ਅਖੌਤੀ ਸੁੱਖ ਮਿਲਣ ਨਾਲ ਵੀ ਅੰਦਰੋਂ ਖ਼ੁਸ਼ੀ ਨਾ ਹੋਈ ਵਰਗੀ ਹੀ ਹੋਈ।

ਕਿਸੀ ਵਸਤੂ ਆਦਿ ਦੀ ਆਸਾ ਕਰਦੇ-ਕਰਦੇ, ਜੇ ਉਹ ਨਾ ਮਿਲੀ, ਤਾਂ ਦੁੱਖ ਹੀ ਦੁੱਖ ਮਹਿਸੂਸ ਹੁੰਦਾ ਹੈ । ਮਨ ਆਖਦਾ ਹੈ ਕਿ ਮੈਂ ਇੰਨੀ ਆਸ ਲਗਾ ਕੇ ਬੈਠਾ ਸੀ। ਇਹ ਤਾਂ ਮੇਰਾ ਹੱਕ ਸੀ । ਦੁੱਖ ਹੈ, ਬਹੁਤ ਦੁੱਖ ਹੈ ਕਿ ਇਹ ਮੈਨੂੰ ਨਹੀਂ ਮਿਲੀ।

ਜੇ ਕਿਸੇ ਵਸਤੂ ਆਦਿ ਦੀ ਆਸਾ ਕੀਤੀ ਹੀ ਨਾ ਗਈ ਹੋਏ, ਤੇ ਉਹ ਵਸਤੂ ਨਾ ਮਿਲੇ, ਤਾਂ ਦੁੱਖ ਕੇਹਾ? ਅਤੇ, ਜੇ ਕਿਸੀ ਵਸਤੂ ਆਦਿ ਦੀ ਆਸ ਕੀਤੀ ਹੀ ਨਾ ਗਈ ਹੋਏ, ਫਿਰ ਵੀ ਉਹ ਮਿਲ ਜਾਏ, ਤਾਂ ਕੀ ਕਹਿਣਾ ! ਆਸ ਨਾ ਕੀਤੀ, ਨਿਰ-ਆਸ ਰਹੇ, ਤੇ ਦੁੱਖ ਤੋਂ ਬਚੇ ਰਹੇ ।

ਅਬ ਹਮ ਚਲੀ ਠਾਕੁਰ ਪਹਿ ਹਾਰਿ

ਜਦੋਂ ਆਪਣੇ ਕੀਤੇ ਸਾਰੇ ਯਤਨ ਅਸਫਲ ਹੋ ਜਾਣ, ਜਦੋਂ ਆਪਣੀ ਸਮਰਥਾ ਦਾ ਹੰਕਾਰ ਟੁੱਟ ਜਾਏ, ਜਦੋਂ ਸੰਸਾਰੀ ਰਿਸ਼ਤਿਆਂ ਤੋਂ ਉਮੀਦਾਂ ਖ਼ਤਮ ਹੋ ਜਾਣ, ਉਦੋਂ ਜ਼ਿੰਦਗੀ ਦੀ ਜੰਗ ਲੜ ਰਹੇ ਇਨਸਾਨ ਨੂੰ ਆਪਣੀ ਹਾਰ ਪਰਤੱਖ ਦਿੱਖਣ ਲੱਗਦੀ ਹੈ । ਇਸ ‘ਹਾਰ’ ਉਪਰੰਤ ਹੀ ਉਸ ਨੂੰ ਕੁੱਝ ਸਮਝ ਆਉਂਦੀ ਹੈ । ਇਸ ‘ਹਾਰ’ ਮਗਰੋਂ ਹੀ ਉਹ ਪ੍ਰਭੂ ਠਾਕੁਰ ਦੀ ਸ਼ਰਣ ਵਿੱਚ ਜਾਣ ਦਾ ਫ਼ੈਸਲਾ ਕਰਦਾ ਹੈ । ਪ੍ਰਭੂ ਦੀ ਸ਼ਰਣ ਵਿੱਚ ਜਾ ਕੇ ਉਹ ਪੂਰਣ ਸਮਰਪਣ ਕਰਦਾ ਹੈ ਤੇ ਆਖਦਾ ਹੈ, “ਹੇ ਪ੍ਰਭੂ, ਹੁਣ ਜਦੋਂ ਮੈਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ, ਤਾਂ ਸਭ ਕੁੱਝ ਤੇਰੇ ਹੁਕਮ ‘ਤੇ ਹੀ ਛੱਡ ਦਿੱਤਾ ਹੈ । ਤੇਰਾ ਹੁਕਮ ਹੈ, ਤਾਂ ਮੈਂਨੂੰ ਭਵਸਾਗਰ ਤੋਂ ਰੱਖ ਲੈ, ਤੇਰਾ ਹੁਕਮ ਹੈ, ਤਾਂ ਮੈਂਨੂੰ ਡੋਬ ਕੇ ਮਾਰ ਹੀ ਦੇ ।”

ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥
(੫੨੭, ਮਹਲਾ ੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ।

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਖ਼ੁਸ਼ੀ ਤੇ ਗ਼ਮ ਵਿੱਚ ਝੂਲਦਾ ਮਨ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਮਨ ਦਾ ਕੰਮ ਹੈ ਮਨਨ ਕਰਨਾ, ਵਿਚਾਰ ਕਰਨਾ । ਇੱਛਾ ਜਾਂ ਕਾਮਨਾ ਵੀ ਮਨ ਵਿੱਚ ਹੀ ਪੈਦਾ ਹੁੰਦੀ ਹੈ ।

ਕਾਮਨਾ ਪੂਰੀ ਹੋਣ ਦਾ ਯਕੀਨ ਹੋਣਾ ਹੀ ‘ਆਸ’ ਜਾਂ ‘ਉਮੀਦ’ ਹੈ । ਕਾਮਨਾ ਪੂਰੀ ਨਾ ਹੋਣ ਦਾ ਖ਼ਦਸ਼ਾ ਹੋਣਾ ‘ਬੇਉਮੀਦੀ’ ਜਾਂ ‘ਨਿਰਾਸਤਾ’ ਹੈ । ਆਸ ਮਨ ਵਿੱਚ ‘ਖ਼ੁਸ਼ੀ’ ਦੀ ਲਹਿਰ ਪੈਦਾ ਕਰਦੀ ਹੈ । ਬੇਉਮੀਦੀ ਮਨ ਵਿੱਚ ਗ਼ਮ ਪੈਦਾ ਹੋਣ ਦਾ ਕਾਰਣ ਬਣ ਜਾਂਦੀ ਹੈ ।

ਕਾਮਨਾ ਪੂਰੀ ਹੋ ਜਾਵੇ, ਤਾਂ ਜੀਵ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ । ਉਹ ਇੰਝ ਮਹਿਸੂਸ ਕਰਦਾ ਹੈ, ਜਿਵੇਂ ਆਕਾਸ਼ ਵਿੱਚ ਉੱਚੀ ਉਡਾਰੀ ਪਿਆ ਲਾਉਂਦਾ ਹੋਵੇ ।

ਕਾਮਨਾ ਪੂਰੀ ਨਾ ਹੋਵੇ, ਤਾਂ ਜੀਵ ਉਦਾਸ ਹੋ ਜਾਂਦਾ ਹੈ । ਉਹ ਇਵੇਂ ਮਹਿਸੂਸ ਕਰਦਾ ਹੈ, ਜਿਵੇਂ ਕਿਸੀ ਡੂੰਘੀ ਖੱਡ ਵਿੱਚ ਡਿੱਗ ਪਿਆ ਹੋਵੇ ।

ਖ਼ੁਸ਼ੀ ਮਿਲ ਜਾਣੀ, ਜਾਂ ਖ਼ੁਸ਼ੀ ਦੀ ਸਿਰਫ਼ ਉਮੀਦ ਹੀ ਬਣ ਜਾਣੀ ਬਹੁਤ ਹੁੰਦੀ ਹੈ ਮਨ ਨੂੰ ਉੱਚੇ ਆਕਾਸ਼ ਵਿੱਚ ਉਡਾਰੀਆਂ ਲਾਉਣ ਲਈ । ਗ਼ਮ ਮਿਲ ਜਾਣਾ, ਜਾਂ ਗ਼ਮ ਦਾ ਸਿਰਫ਼ ਖ਼ਦਸ਼ਾ ਹੀ ਪੈਦਾ ਹੋ ਜਾਣਾ ਬਹੁਤ ਹੁੰਦਾ ਹੈ ਮਨ ਨੂੰ ਕਿਸੇ ਹਨੇਰੀ ਡੂੰਘੀ ਖਾਈ ਵਿੱਚ ਸੁੱਟਣ ਲਈ ।

ਇੱਕ ਆਮ ਜਿਹਾ ਇਨਸਾਨ ਕਦੇ ਆਪਣੀ ਸੀਮਿਤ ਜਿਹੀ ਦੁਨੀਆਂ ਦੇ ਆਕਾਸ਼ ਵਿੱਚ ਖ਼ੁਸ਼ੀਆਂ ਦੀਆਂ ਉੱਚੀਆਂ ਉਡਾਰੀਆਂ ਲਾਉਣ ਦੇ ਭਰਮ ਵਿੱਚ ਪਿਆ ਰਹਿੰਦਾ ਹੈ ਤੇ ਕਦੇ ਆਪਣੀ ਛੋਟੀ ਜਿਹੀ ਜ਼ਿੰਦਗੀ ਦੀ ਕਿਸੀ ਡੂੰਘੀ ਖਾਈ ਵਿੱਚ ਡਿੱਗਿਆ ਪਿਆ ਉਹ ਗ਼ਮ ਦੇ ਪਿਆਲੇ ਪੀ ਰਿਹਾ ਹੁੰਦਾ ਹੈ । ਕਦੇ ਸੁੱਖ, ਕਦੇ ਦੁੱਖ । ਕਦੇ ਖ਼ੁਸ਼ੀ ਦਾ ਮੌਸਮ, ਕਦੇ ਗ਼ਮਗੀਨ ਮਾਹੌਲ ।

ਉੱਚੀ ਉਡਾਰੀ ਤੇ ਡੂੰਘੀ ਖਾਈ ਦੇ ਵਿੱਚ ਝੂਲਦਾ ਰਹਿੰਦਾ ਹੈ ਇੱਕ ਸਾਧਾਰਣ ਮਨੁੱਖ । ਕਦੇ ਮਨ ਖ਼ੁਸ਼ੀ ਦੇ ਆਕਾਸ਼ ਵਿੱਚ ਉੱਚਾ ਜਾ ਚੜ੍ਹਦਾ ਹੈ ਤੇ ਕਦੇ ਗ਼ਮ ਦੀ ਡੂੰਘੀ ਖਾਈ ਵਿੱਚ ਪਿਆ ਮਾਤਮ ਮਨਾਉਣ ਲੱਗਦਾ ਹੈ ।

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
(੮੭੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।

ਬੁਰੇ ਵਿਅਕਤੀ ਦੀ ਸੰਗਤ ਤੋਂ ਬਚੋ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸੁਣਦੇ ਆਏ ਹਾਂ ਕਿ ਬੁਰੀ ਸੰਗਤ ਵਿੱਚ ਪੈਣ ਦਾ ਨਤੀਜਾ ਬੁਰਾ ਹੀ ਹੁੰਦਾ ਹੈ ।

ਪਰ, ਇਹ ਵੀ ਹੋ ਸਕਦਾ ਹੈ ਕਿ ਕੋਈ ਬੁਰੀ ਸੰਗਤ ਵਿੱਚ ਹੋਵੇ ਤਾਂ ਸਹੀ, ਪਰ ਖ਼ੁਦ ਕੋਈ ਬੁਰਾ ਕੰਮ ਨਾ ਵੀ ਕਰਦਾ ਹੋਵੇ । ਕੀ ਫਿਰ ਵੀ ਉਸ ਨੂੰ ਬੁਰੀ ਸੰਗਤ ਦਾ ਬੁਰਾ ਨਤੀਜਾ ਮਿਲੇਗਾ ਹੀ?

ਜਿਵੇਂ ਚਾਵਲ ਪ੍ਰਾਪਤ ਕਰਨ ਲਈ ਤੁਖ ਨੂੰ ਮੋਹਲੀ ਨਾਲ ਕੁੱਟਿਆ ਜਾਂਦਾ ਹੈ, ਉਵੇਂ ਹੀ ਉਨ੍ਹਾਂ ਨਾਲ ਹੋਏਗਾ, ਜੋ ਕੁਸੰਗਤ ਵਿੱਚ ਬੈਠਦੇ ਹਨ । ਧਰਮ/ਨਿਆਂ ਕਰਨ ਵਾਲਾ ਪ੍ਰਭੂ ਉਨ੍ਹਾਂ ਤੋਂ ਬੁਰੀ ਸੰਗਤ ਕਰਨ ਦਾ ਲੇਖਾ ਲਏਗਾ ਹੀ । ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਕਬੀਰ ਸਾਹਿਬ ਜੀ ਦਾ ਇੱਕ ਵਚਨ ਦੇ ਹਵਾਲੇ ਨਾਲ ਆਪਣੇ ਵਿਚਾਰ ਦਿੰਦਿਆਂ ਫ਼ੁਰਮਾਇਆ: –

ਮਹਲਾ ੫ ॥
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥
(੯੬੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।

ਕਬੀਰ ਸਾਹਿਬ ਨੇ ਵੀ ਫ਼ੁਰਮਾਇਆ ਕਿ ਜੇ ਕਾਲਖ ਵਾਲਾ ਕੋਈ ਭਾਂਡਾ ਛੋਹ ਲਈਏ, ਤਾਂ ਕੁੱਝ ਨਾ ਕੁੱਝ ਨਾ ਦਾਗ਼ ਲੱਗ ਹੀ ਜਾਂਦਾ ਹੈ । ਇਸਲਈ ਬੇਹਤਰ ਇਹ ਹੀ ਹੈ ਕਿ ਸਾਕਤ ਦੀ, ਧਰਮ ਤੋਂ ਡਿੱਗੇ ਹੋਏ ਵਿਅਕਤੀ (ਪਤਿਤ) ਦੀ ਸੰਗਤ ਨਾ ਕੀਤੀ ਜਾਏ । ਬਲਕਿ ਪਤਿਤ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ । ਕਬੀਰ ਸਾਹਿਬ ਇੰਝ ਫ਼ੁਰਮਾਉਂਦੇ ਹਨ :-

ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥
(੧੩੭੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।

ਭਗਤੀ ਤੋਂ ਬਿਨ੍ਹਾਂ ਬੱਚਪਨ, ਜਵਾਨੀ ਤੇ ਬੁਢਾਪਾ ਬੇਅਰਥ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਬੱਚਪਨ, ਜਵਾਨੀ ਤੇ ਬੁਢਾਪਾ, ਇਹ ਤਿੰਨ ਅਲਗ-ਅਲਗ ਮੁਕਾਮ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੇ ਹਨ । ਬਚਪਨ ਖੇਲ-ਕੁੱਦ ਵਿੱਚ ਹੀ ਕਦੋਂ ਬੀਤ ਗਿਆ, ਇਸ ਦਾ ਇਨਸਾਨ ਨੂੰ ਪਤਾ ਹੀ ਨਹੀਂ ਚਲਦਾ । ਜਵਾਨੀ ਵਿੱਚ ਇਨਸਾਨ ਆਪਣੇ ਕੰਮ-ਧੰਧਿਆਂ ਅਤੇ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਵਿੱਚ ਹੀ ਲਗਾ ਦਿੰਦਾ ਹੈ । ਇਸ ਨੂੰ ਹੋਸ਼ ਤਦ ਆਉਂਦਾ ਹੈ, ਜਦ ਬੁੱਢੀ ਉਮਰੇ ਉਹ ਕੋਈ ਕੰਮ ਕਰਨ ਜੋਗਾ ਹੀ ਨਹੀਂ ਰਹਿੰਦਾ ।

ਬਚਪਨ ਬੀਤ ਗਿਆ ਖੇਲ-ਕੁੱਦ ਵਿੱਚ । ਜਵਾਨੀ ਬੀਤ ਗਈ ਕੰਮ-ਧੰਧਿਆਂ ਵਿੱਚ । ਹੁਣ ਬੁਢਾਪੇ ਵਿੱਚ ਬੀਮਾਰੀਆਂ ਨੇ ਘੇਰ ਲਿਆ ਹੈ । ਨਾ ਬਚਪਨ ਵਿੱਚ, ਨਾ ਜਵਾਨੀ, ਤੇ ਨਾ ਹੀ ਬੁਢਾਪੇ ਵਿੱਚ ਆਪਣੇ ਮਾਲਿਕ ਖ਼ੁਦਾ ਨੂੰ ਯਾਦ ਕੀਤਾ । ਰੱਬ ਦੀ ਤਾਂ ਯਾਦ ਆਈ ਹੀ ਨਹੀਂ ।

ਗੁਰੂ ਤੇਗ਼ ਬਹਾਦੁਰ ਸਾਹਿਬ ਫੁਰਮਾਉਂਦੇ ਹਨ ਕਿ ਖ਼ੁਦਾ ਦੇ ਜ਼ਿਕਰ ਤੋਂ ਬਿਨ੍ਹਾਂ, ਰੱਬ ਦੀ ਯਾਦ ਤੋਂ ਬਿਨ੍ਹਾਂ ਬਚਪਨ, ਜਵਾਨੀ ਤੇ ਬੁਢਾਪਾ ਬੇਅਰਥ ਹੀ ਚਲਾ ਗਿਆ ।

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥
(੧੪੨੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।

ਹੋਵੈ ਸਰਵਣ ਵਿਰਲਾ ਕੋਈ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਵਾਲਮੀਕੀ ਰਾਮਾਇਣ ਵਿੱਚ ਇੱਕ ਨੌਜਵਾਨ ਮੁਨੀ ਦੀ ਕਥਾ ਹੈ, ਜੋ ਆਪਣੇ ਅੰਨ੍ਹੇ ਮਾਂ-ਬਾਪ ਦੀ ਹਰ ਪ੍ਰਕਾਰ ਦੀ ਸੇਵਾ ਕਰਦਾ ਸੀ । ਹਾਲਾਂਕਿ ਉੱਥੇ ਉਸ ਦਾ ਨਾਮ ਨਹੀਂ ਦਿੱਤਾ ਗਿਆ, ਪਰ ਉਸੇ ਨੂੰ ਆਮ ਤੌਰ ‘ਤੇ ਸਰਵਣ ਕੁਮਾਰ (ਸ਼੍ਰਵਣ ਕੁਮਾਰ) ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇੱਕ ਰਾਤ ਜਦੋਂ ਉਹ ਆਪਣੇ ਮਾਂ-ਬਾਪ ਲਈ ਪਾਣੀ ਲੈਣ ਨਦੀ ਕਿਨਾਰੇ ਗਿਆ, ਤਾਂ ਸ਼ਿਕਾਰ ਦੇ ਭੁਲੇਖੇ ਰਾਜਕੁਮਾਰ ਦਸ਼ਰਥ ਨੇ ਉਸ ਨੂੰ ਤੀਰ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ । ਜਦੋਂ ਦਸ਼ਰਥ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਉਹ ਫ਼ੌਰਨ ਜ਼ਖ਼ਮੀ ਸਰਵਣ ਕੁਮਾਰ ਕੋਲ ਪੁੱਜਾ । ਉਸ ਦੇ ਦੇਖਦੇ-ਦੇਖਦੇ ਹੀ ਸਰਵਣ ਕੁਮਾਰ ਦਾ ਦੇਹਾਂਤ ਹੋਇਆ, ਪ੍ਰੰਤੂ ਮਰਦਿਆਂ-ਮਰਦਿਆਂ ਵੀ ਸਰਵਣ ਕੁਮਾਰ ਨੂੰ ਆਪਣੇ ਮਾਂ-ਬਾਪ ਦਾ ਹੀ ਫ਼ਿਕਰ ਰਿਹਾ । ਉਸ ਨੇ ਦਸ਼ਰਥ ਨੂੰ ਆਖਿਆ ਕਿ ਉਹ ਉਸਦੇ ਪਿਆਸੇ ਮਾਂ-ਬਾਪ ਨੂੰ ਪਾਣੀ ਪਿਆ ਦਏ ।

ਹਜ਼ਾਰਾਂ ਸਾਲ ਤੋਂ ਸਰਵਣ ਕੁਮਾਰ ਦੀ ਕਥਾ ਭਾਰਤੀ ਲੋਕਾਂ ਦੇ ਮਨਾਂ ਅੰਦਰ ਸਤਿਕਾਰਯੋਗ ਸਥਾਨ ਬਣਾਈ ਬੈਠੀ ਹੈ । ਜਦ ਕਦੇ ਵੀ ਮਾਂ-ਬਾਪ ਦੀ ਸੇਵਾ ਕਰਨ ਵਾਲੇ ਕਿਸੇ ਪੁੱਤਰ ਦੀ ਗੱਲ ਹੁੰਦੀ ਹੈ, ਸਰਵਣ ਕੁਮਾਰ ਦਾ ਜ਼ਿਕਰ ਵੀ ਆ ਹੀ ਜਾਂਦਾ ਹੈ ।

ਜੇ ਕਿਸੇ ਕਪੁੱਤਰ ਦਾ ਵੀ ਜ਼ਿਕਰ ਹੋਵੇ, ਤਾਂ ਲੋਕ ਸਰਵਣ ਕੁਮਾਰ ਦੀ ਕਥਾ ਨੂੰ ਯਾਦ ਕਰ ਕੇ ਆਖਦੇ ਹਨ ਕਿ ਹੁਣ ਕੋਈ ਵਿਰਲਾ ਪੁੱਤਰ ਹੀ ਸਰਵਣ ਕੁਮਾਰ ਵਰਗਾ ਬਣਦਾ ਹੈ । ਆਪਣੇ ਵਕਤ ਦੇ ਸਮਾਜ ਵਿੱਚ ਮਾਂ-ਬਾਪ ਦੇ ਉਪਕਾਰ ਭੁਲਾ ਦੇਣ ਵਾਲੇ ਪੁੱਤਰਾਂ ਦੀ ਗੱਲ ਕਰਦਿਆਂ ਭਾਈ ਗੁਰਦਾਸ ਜੀ ਨੇ ਵੀ ਆਪਣੀ ੩੭ਵੀਂ ਵਾਰ ਦੀ ੧੧ਵੀਂ ਪਉੜੀ ਵਿੱਚ ਸਰਵਣ ਕੁਮਾਰ ਦਾ ਜ਼ਿਕਰ ਇਸ ਪ੍ਰਕਾਰ ਕੀਤਾ: –

ਮਾਤਾ ਪਿਤਾ ਅਨੰਦ ਵਿਚਿ ਪੁਤੈ ਦੀ ਕੁੜਮਾਈ ਹੋਈ ॥
ਰਹਸੀ ਅੰਗ ਨ ਮਾਵਈ ਗਾਵੈ ਸੋਹਿਲੜੇ ਸੁਖ ਸੋਈ ॥
ਵਿਗਸੀ ਪੁਤ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ ॥
ਸੁਖਾਂ ਸੁਖੈ ਮਾਵੜੀ ਪੁਤੁ ਨੂੰਹ ਦਾ ਮੇਲ ਅਲੋਈ ॥
ਨੁਹੁ ਨਿਤ ਕੰਤ ਕੁਮੰਤੁ ਦੇਇ ਵਿਹਰੇ ਹੋਵਹ ਸਸੁ ਵਿਗੋਈ ॥
ਲਖ ਉਪਕਾਰ ਵਿਸਾਰਿ ਕੈ ਪੁਤ ਕੁਪੁਤਿ ਚਕੀ ਉਠਿ ਝੋਈ ॥
ਹੋਵੈ ਸਰਵਣ ਵਿਰਲਾ ਕੋਈ ॥੧੧॥ (ਵਾਰ ੩੭)

ਪੁੱਤਰ ਦੀ ਮੰਗਣੀ ਹੋਈ, ਮਾਤਾ ਪਿਤਾ ਬਹੁਤ ਖ਼ੁਸ਼ ਹੁੰਦੇ ਹਨ । ਮੰਗਲ-ਗੀਤ ਗਾਉਂਦਿਆਂ ਉਨ੍ਹਾਂ ਤੋਂ ਖ਼ੁਸ਼ੀ ਸੰਭਾਲੀ ਨਹੀਂ ਜਾਂਦੀ । ਪੁੱਤਰ ਦਾ ਵਿਆਹ ਕਰਦਿਆਂ ਉਹ ਬਹੁਤ ਆਨੰਦਿਤ ਹੁੰਦੇ ਹਨ । ਘੋੜੀਆਂ ਗਾਉਂਦੇ ਹਨ । ਲਾਵਾਂ ਗਾਉਂਦੇ ਹਨ । ਪੁੱਤਰ ਤੇ ਨੂੰਹ ਦਾ ਮੇਲ ਹੋਣ ‘ਤੇ ਮਾਂ ਸੁੱਖਾਂ ਸੁੱਖਦੀ ਹੈ । ਪਰ ਮਗਰੋਂ, ਖ਼ੁਸ਼ੀਆਂ ਨਾਲ ਲਿਆਉਂਦੀ ਨੂੰਹ ਆਪਣੇ ਪਤੀ ਨੂੰ ਬੁਰੀਆਂ ਸਿੱਖਿਆਵਾਂ ਦਿੰਦੀ ਹੈ ਤੇ ਆਪਣੇ ਪਤੀ ਨੂੰ ਉਸਦੀ ਮਾਂ ਤੋਂ ਪਰ੍ਹੇ ਕਰ ਦਿੰਦੀ ਹੈ । ਮਾਂ-ਪਿਉ ਵੱਲੋਂ ਕੀਤੇ ਲੱਖਾਂ ਉਪਕਾਰ ਵਿਸਾਰ ਕੇ ਬਹੁਤ ਪੁੱਤਰ ਸਹੀ ਮਾਅਨਿਆਂ ਵਿੱਚ ਕਪੁੱਤਰ ਬਣ ਜਾਂਦੇ ਹਨ । ਕੋਈ ਵਿਰਲਾ ਹੀ ਸਰਵਣ ਵਰਗਾ ਪੁੱਤਰ ਬਣਦਾ ਹੈ ।

ਸਰਵਣ ਕੁਮਾਰ ਤੋਂ ਉਲਟ ਉਹ ਲੋਕ ਹਨ, ਜੋ ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਤਾਂ ਦੂਰ, ਸਗੋਂ ਉਨ੍ਹਾਂ ਨੂੰ ਦੁੱਖ ਹੀ ਦਿੰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਰਾਮਦਾਸ ਜੀ ਦਾ ਬੜਾ ਸੁੰਦਰ ਸ਼ਬਦ ਹੈ : –

ਸਾਰਗ ਮਹਲਾ ੪ ਘਰੁ ੩ ਦੁਪਦਾ
ੴ ਸਤਿਗੁਰ ਪ੍ਰਸਾਦਿ ॥
ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥
(੧੨੦੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।

ਹੇ ਪੁੱਤਰ ! ਪਿਤਾ ਨਾਲ ਝਗੜਾ ਕਿਉਂ ਕਰਦਾ ਹੈਂ? ਤੂੰ ਜਿਨ੍ਹਾਂ ਦਾ ਜੰਮਿਆ ਤੇ ਪਾਲਿਆ ਹੋਇਆ ਹੈਂ, ਉਨ੍ਹਾਂ ਨਾਲ ਝਗੜਨਾ ਪਾਪ ਹੈ । ੧। ਰਹਾਉ। ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈਂ, ਉਹ ਕਦੇ ਕਿਸੇ ਦਾ ਆਪਣਾ ਨਹੀਂ ਬਣਿਆ । ਹਰ ਇਨਸਾਨ ਮਾਇਆ ਦਾ ਚਸਕਾ ਆਖ਼ਿਰ ਇੱਕ ਪਲ ਵਿੱਚ ਹੀ ਛੱਡ ਜਾਂਦਾ ਹੈ, ਉਦੋਂ ਉਸ ਨੂੰ ਪਛਤਾਵਾ ਹੁੰਦਾ ਹੈ । ੧। ਜੋ ਪਰਮਾਤਮਾ ਤੁਹਾਡੇ ਮਾਲਕ ਹਨ, ਉਨ੍ਹਾਂ ਦੇ ਨਾਮ ਦਾ ਜਾਪ ਕਰੋ । ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਪ੍ਰਭੂ-ਦਾਸ ਤੁਹਾਨੂੰ ਉਪਦੇਸ਼ ਕਰ ਰਹੇ ਹਨ । ਜੇ ਤੂੰ ਇਹ ਉਪਦੇਸ਼ ਸੁਣੇਂ , ਤਾਂ ਤੇਰਾ ਮਾਨਸਿਕ ਕਲੇਸ਼ ਦੂਰ ਹੋ ਜਾਏ ।੨।੧।੭।

ਜਾਇਜ਼ ਜਾਂ ਨਾਜਾਇਜ਼ ਤਰੀਕਿਆਂ ਨਾਲ ਚਾਰ ਪੈਸੇ ਕਮਾ ਲੈਣ ਵਾਲੇ ਕਈ ਦੁਰਬੁੱਧੀ ਲੋਕ ਹੰਕਾਰ ਵਿੱਚ ਭਰੇ ਹੋਏ ਹੋਰਨਾਂ ਲੋਕਾਂ ਦੀ ਇੱਜ਼ਤ ਕਰਨਾ ਤਾਂ ਦੂਰ, ਸਗੋਂ ਆਪਣੇ ਹੀ ਮਾਂ ਜਾਂ ਬਾਪ ਨੂੰ ਬੇਇੱਜ਼ਤ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ ।

ਇੱਕ ਬਹੁਤ ਹੀ ਬਿਰਧ ਵਿਅਕਤੀ ਨਾਲ ਕਈ ਵਾਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ । ਉਹ ਆਪਣੇ ਇੱਕ ਪੁੱਤਰ ਨੂੰ ਪਸੰਦ ਨਹੀਂ ਕਰਦਾ ਸੀ । ਇੱਕ ਦਿਨ ਗੱਲਬਾਤ ਦੌਰਾਨ ਮੈਂ ਉਸ ਅੱਗੇ ਉਸ ਦੇ ਉਸੀ ਪੁੱਤਰ ਦਾ ਜ਼ਿਕਰ ਕੀਤਾ । ਉਹ ਬਿਰਧ ਇੱਕਦਮ ਗ਼ੁੱਸੇ ਵਿੱਚ ਬੋਲਿਆ, “ਉਹ ਮੇਰਾ ਪੁੱਤਰ ਨਹੀਂ ਹੈ ।”

ਇਹ ਬਿਰਧ ਆਮਤੌਰ ‘ਤੇ ਸ਼ਾਂਤ ਰਹਿਣ ਵਾਲਾ ਵਿਅਕਤੀ ਸੀ । ਉਸ ਵੱਲੋਂ ਅਜਿਹਾ ਕਹਿਣ ‘ਤੇ ਮੈਨੂੰ ਕਾਫ਼ੀ ਹੈਰਾਨੀ ਹੋਈ । ਕੋਈ ਆਪਣੇ ਕਿਸੇ ਪੁੱਤਰ ਨੂੰ ‘ਕਪੁੱਤਰ’ ਆਖੇ, ਤਾਂ ਸਮਝ ਆਉਂਦੀ ਹੈ, ਪਰ ਇਹ ਆਖਣਾ ਕਿ ਉਹ ਮੇਰਾ ਪੁੱਤਰ ਹੀ ਨਹੀਂ ਹੈ, ਬਹੁਤ ਹੈਰਾਨ ਕਰਦਾ ਹੈ ।

ਜਦੋਂ ਮੈਂ ਹੋਰ ਖੋਜ ਕੀਤੀ, ਤਾਂ ਮੈਨੂੰ ਉਸ ਬਿਰਧ ਅਤੇ ਉਸ ਦੇ ਆਖੇ ਜਾਂਦੇ ‘ਪੁੱਤਰ’ ਬਾਰੇ ਬੜਾ ਕੁੱਝ ਜਾਣਨ ਨੂੰ ਮਿਲਿਆ । ਉਸ ਦਾ ਉਹ ਆਖਿਆ ਜਾਂਦਾ ‘ਪੁੱਤਰ’ ਵਿਦੇਸ਼ ਵਿੱਚੋਂ ਜਾਇਜ਼ ਜਾਂ ਨਾਜਾਇਜ਼ ਢੰਗ ਨਾਲ ਕਾਫ਼ੀ ਦੌਲਤ ਕਮਾ ਕੇ ਲਿਆਇਆ ਸੀ । ਭਾਰਤ ਵਾਪਸ ਆ ਕੇ ਕੁੱਝ ਜਾਇਦਾਦ ਬਣਾ ਲਈ । ਪਹਿਲਾਂ ਹੀ ਵਿਆਹਿਆ ਹੋਇਆ ਸੀ, ਪਰ ਤਲਾਕ ਹੋ ਗਿਆ । ਜਿਸ ਕੁੜੀ ਨਾਲ ਉਸ ਨੇ ਦੂਜਾ ਵਿਆਹ ਕੀਤਾ, ਉਸ ਨੂੰ ਇਹ ਦੱਸਿਆ ਹੀ ਨਹੀਂ ਗਿਆ ਕਿ ਉਹ ਆਦਮੀ ਪਹਿਲਾਂ ਵਿਆਹਿਆ ਹੋਇਆ ਸੀ । ਜ਼ਾਹਿਰ ਹੈ ਕਿ ਕੁੜੀ ਨਾਲ ਜਾਣਬੁੱਝ ਕੇ ਧੋਖਾ ਹੀ ਕੀਤਾ ਗਿਆ ਸੀ । ਕੁੜੀ ਵੀ ਇਹ ਸਭ ਬਰਦਾਸ਼ਤ ਕਰ ਗਈ । ਹੋ ਸਕਦਾ ਹੈ ਕਿ ਉਸ ਕੁੜੀ ਦੀਆਂ ਵੀ ਕੁੱਝ ਮਜਬੂਰੀਆਂ ਰਹੀਆਂ ਹੋਣ ।

ਉਨ੍ਹਾਂ ਦੇ ਬੱਚੇ ਵੀ ਹੋਏ । ਇੱਕ ਦਿਨ ਕਿਸੇ ਗੱਲ ਤੋਂ ਉਸ ਬਿਰਧ ਵਿਅਕਤੀ ਨੇ ਆਪਣੀ ਛੋਟੀ ਜਿਹੀ ਪੋਤਰੀ ਦੀ ਕਿਸੇ ਗੱਲ ਤੋਂ ਡਾਂਟ-ਡਪਟ ਕਰ ਦਿੱਤੀ । ਵਿਦੇਸ਼ ਤੋਂ ਪਰਤੇ ਉਸ ਹੰਕਾਰੀ ਨੇ ਇਸੇ ਗੱਲ ਤੋਂ ਗ਼ੁੱਸੇ ਵਿੱਚ ਆ ਕੇ ਆਪਣੇ ਪਿਤਾ ਉਸ ਬਿਰਧ ਨਾਲ ਹੱਥਾਪਾਈ ਕਰ ਦਿੱਤੀ । ਬਸ, ਉਸ ਦਿਨ ਤੋਂ ਉਸ ਬਿਰਧ ਵਿਅਕਤੀ ਨੇ ਆਪਣੇ ਆਖੇ ਜਾਂਦੇ ਉਸ ‘ਪੁੱਤਰ’ ਨੂੰ ਆਪਣੇ ਦਿਲ ਤੋਂ ਹੀ ਕੱਢ ਦਿੱਤਾ । ਇੰਨੇ ਵਰ੍ਹੇ ਬੀਤ ਜਾਣ ਮਗਰੋਂ ਵੀ ਉਸ ਨੇ ਆਪਣੇ ਉਸ ‘ਪੁੱਤਰ’ ਨੂੰ ਮਾਫ਼ ਨਹੀਂ ਕੀਤਾ । ਸ਼ਾਇਦ, ਹੰਕਾਰ ਨਾਲ ਭਰੇ ਉਸ ‘ਪੁੱਤਰ’ ਨੇ ਵੀ ਕਦੇ ਦਿਲੋਂ ਮਾਫ਼ੀ ਨਾ ਮੰਗੀ ਹੋਏ ।

ਆਪਣੇ ਉਸ ਪਿਉ ਨਾਲ ਹੱਥਾਪਾਈ ਕਰਨਾ, ਜਿਸ ਨੇ ਉਸਨੂੰ ਪਾਲਿਆ, ਪੋਸਿਆ, ਪੜ੍ਹਾਇਆ-ਲਿਖਾਇਆ ਤੇ ਇਸ ਯੋਗ ਬਣਾਇਆ ਕਿ ਉਹ ਵਿਦੇਸ਼ ਜਾ ਸਕਦਾ ਤੇ ਚਾਰ ਪੈਸੇ ਕਮਾ ਸਕਦਾ, ਆਪਣੇ ਆਪ ਵਿੱਚ ਹੀ ਇੱਕ ਗੁਨਾਹ ਹੈ । ਐਸਾ ਗੁਨਾਹਗਾਰ ਆਦਮੀ ਪਹਿਲਾਂ ਤਾਂ ਇਹ ਹੀ ਸਮਝਦਾ ਰਿਹਾ ਹੋਣਾ ਹੈ ਕਿ ਉਸ ਦੇ ਇਸ ਮਹਾਂ-ਪਾਪ ਦਾ ਪਤਾ ਘਰ ਤੋਂ ਬਾਹਰ ਕਿਸੇ ਨੂੰ ਨਹੀਂ ਹੈ । ਪਰ, ਅਜਿਹੇ ਪਾਪ ਕਦੇ ਲੁੱਕਦੇ ਨਹੀਂ । ਗੱਲ ਘਰ ਤੋਂ ਵੀ ਬਾਹਰ ਪਤਾ ਲੱਗਣੀ ਸ਼ੁਰੂ ਹੋ ਗਈ ।

ਹੁਣ ਆਪਣੀ ਬਦਨਾਮੀ ਦਾ ਦਾਗ਼ ਧੋਣ ਲਈ ਉਸ ਹੰਕਾਰੀ ਨੇ ਕਈ ਯਤਨ ਕਰਨੇ ਸ਼ੁਰੂ ਕਰ ਦਿੱਤੇ । ਧਾਰਮਿਕ ਸਥਾਨ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਤਾਂ ਕਿ ਦੁਨੀਆਂ ਇਹ ਸਮਝੇ ਕਿ ਉਹ ਪ੍ਰਭੂ ਦਾ ਵੱਡਾ ਸੇਵਕ ਹੈ । ਪਿਉ ਦਾ ਅਪਮਾਨ ਕਰਨ ਵਾਲਾ ਧਾਰਮਿਕ ਸਥਾਨ ਜਾ ਕੇ ਸੇਵਾ ਕਰੇ, ਤਾਂ ਕੀ ਫ਼ਾਇਦਾ? ਬਿਰਧ ਪਿਉ ਦੀ ਸੇਵਾ ਕਰਨ ਤੋਂ ਇਨਕਾਰੀ ਹੋ ਜਾਣਾ ਤੇ ਧਾਰਮਿਕ ਸਥਾਨ ਜਾ-ਜਾ ਕੇ ਲੋਕਾਂ ਨੂੰ ਸੇਵਾ ਕਰ-ਕਰ ਕੇ ਦਿਖਾਉਣਾ । ਪਰਿਵਾਰ ਤੇ ਹੋਰ ਰਿਸ਼ਤੇਦਾਰਾਂ ਨੂੰ ਲੈ ਕੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਜਾਣ ਦਾ ਉਸ ਦਾ ਮਤਲਬ ਸਿਰਫ਼ ਇੰਨਾ ਹੀ ਹੋਏਗਾ ਕਿ ਆਪਣੇ ਹੀ ਬਿਰਧ ਬਾਪ ਨੂੰ ਬੇਇੱਜ਼ਤ ਕਰਨ ਵਾਲੀ ਗੱਲ ਰਿਸ਼ਤੇਦਾਰ, ਸੰਬੰਧੀ ਤੇ ਹੋਰ ਲੋਕ ਭੁੱਲ ਜਾਣ ।

ਧਾਰਮਿਕ ਸਥਾਨ ਦੀ ਉਸਾਰੀ ਲਈ ਕੋਈ ੫੦, ੦੦੦ ਰੁਪਏ ਦਾਨ ਕਰ ਦਏ, ਤਾਂ ਕੀ ਆਪਣੇ ਹੀ ਪਿਉ ਉੱਤੇ ਹੱਥ ਚੁੱਕਣ ਅਤੇ ਅਪਮਾਨਿਤ ਕਰਨ ਦਾ ਉਸ ਦਾ ਪਾਪ ਦੁਨੀਆਂ ਭੁੱਲ ਜਾਏਗੀ? ਭਾਈ ਗੁਰਦਾਸ ਜੀ ਨੇ ਅਜਿਹੇ ਵਿਅਕਤੀ ਨੂੰ ਬੇਈਮਾਨ ਤੇ ਅਗਿਆਨੀ ਤੱਕ ਆਖ ਦਿੱਤਾ ਸੀ । ਮਾਂ-ਬਾਪ ਨੂੰ ਛੱਡ ਕੇ, ਮਾਂ-ਬਾਪ ਉੱਤੇ ਹੱਥ ਚੁੱਕਣ ਵਾਲਾ ਹੰਕਾਰੀ ਪੁਰਖ ਜਿੰਨੇ ਮਰਜ਼ੀ ਕਥਿਤ ਪੁੰਨ-ਕਰਮ ਕਰੀ ਜਾਏ, ਉਹ ਆਪਣੀ ਬਦਨਾਮੀ ਤੋਂ ਬੱਚ ਨਹੀਂ ਸਕਦਾ । ੩੭ਵੀਂ ਵਾਰ ਦੀ ੧੩ਵੀਂ ਪਉੜੀ ਵਿੱਚ ਭਾਈ ਗੁਰਦਾਸ ਜੀ ਨੇ ਬਹੁਤ ਵਧੀਆ ਵੀਚਾਰ ਦਿੱਤੇ ਹਨ: –

ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਥਾ ਕਹਾਣੀ ॥
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ ॥
ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਕਮਾਣੀ ॥
ਮਾਂ ਪਿਉ ਪਰਹਰਿ ਨਾਵ੍ਹਣਾ ਅਠਸਠਿ ਤੀਰਥ ਘੁੰਮਣ ਵਾਣੀ ॥
ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ ॥
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਜੰਮੈ ਭਰਮਿ ਭੁਲਾਣੀ ॥
ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥ (੩੭)

ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਵੇਦ ਸੁਣਦਾ ਫਿਰੇ, ਸਮਝੋ ਉਸ ਨੇ ਕਥਾ-ਕਹਾਣੀਆਂ ਦਾ ਭੇਦ ਨਹੀਂ ਸਮਝਿਆ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਜੰਗਲਾਂ ਵਿੱਚ ਤੱਪ ਕਰੇ, ਤਾਂ ਉਹ ਭੁੱਲਿਆ ਫਿਰਦਾ ਹੈ, ਚਾਹੇ ਉਹ ਸ਼ਮਸ਼ਾਨਾਂ ਵਿੱਚ ਹੀ ਫਿਰਦਾ ਰਹੇ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਦੇਵੀ-ਦੇਵਤਿਆਂ ਦੀ ਪੂਜਾ ਕਰੇ, ਤਾਂ ਉਸ ਦੀ ਕਮਾਈ ਹੋਈ ਸੇਵਾ ਕਿਸੇ ਲੇਖੇ ਨਹੀਂ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ੬੮ ਤੀਰਥਾਂ ਦਾ ਇਸ਼ਨਾਨ ਵੀ ਕਰੇ, ਤਾਂ ਉਹ ਭਟਕਣ ਤੋਂ ਇਲਾਵਾ ਹੋਰ ਕੁੱਝ ਨਹੀਂ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਦਾਨ ਕਰੇ, ਉਹ ਬੇਈਮਾਨ ਤੇ ਅਗਿਆਨੀ ਜੀਵ ਹੈ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਵਰਤ ਆਦਿ ਕਰੇ, ਤਾਂ ਉਹ ਮੁੜ-ਮੁੜ ਕੇ ਜੰਮਦਾ-ਮਰਦਾ ਰਹਿੰਦਾ ਹੈ ਤੇ ਭਰਮ ਵਿੱਚ ਭੁੱਲਿਆ ਫਿਰਦਾ ਹੈ । ਐਸਾ ਵਿਅਕਤੀ ਗੁਰੂ ਤੇ ਪਰਮੇਸ਼ਵਰ ਦੀ ਸਾਰ ਨਹੀਂ ਜਾਣਦਾ ।

ਮਾਂ-ਪਿਉ ਦਾ ਤਿਆਗ ਕਰਨ ਵਾਲੇ ਤਾਂ ਬਹੁਤ ਹਨ, ਪਰ ਕੋਈ ਵਿਰਲਾ ਹੀ ਸਰਵਣ ਕੁਮਾਰ ਵਰਗਾ ਪੁੱਤਰ ਬਣਦਾ ਹੈ । ਭਾਈ ਗੁਰਦਾਸ ਜੀ ਨੇ ਬਿਲਕੁਲ ਸਹੀ ਕਿਹਾ ਹੈ: –

ਹੋਵੈ ਸਰਵਣ ਵਿਰਲਾ ਕੋਈ ॥੧੧॥

ਸਾਮਾਜਿਕ ਨਿਯਮ ਸਦਾ ਬਦਲਦੇ ਰਹਿੰਦੇ ਹਨ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਚੰਦੂ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦੇ ਵਕਤ ਮੁਗ਼ਲ ਦਰਬਾਰ ਵਿੱਚ ਇੱਕ ਉੱਚ ਅਧਿਕਾਰੀ ਸੀ । ਆਪਣੀ ਧੀ ਦਾ ਮੰਗਣਾ ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸਪੁੱਤਰ ਸ੍ਰੀ (ਗੁਰੂ) ਹਰਗੋਬਿੰਦ ਸਾਹਿਬ ਜੀ ਨਾਲ ਹੋਣ ਤੋਂ ਬਾਅਦ ਉਸਨੇ ਗੁਰੂ ਸਾਹਿਬ ਦੇ ਬਾਰੇ ਕੁੱਝ ਅਪਮਾਨਜਨਕ ਟਿੱਪਣੀਆਂ ਕੀਤੀਆਂ । ਉੱਥੇ ਮੌਜੂਦ ਕੁੱਝ ਸਿੱਖਾਂ ਨੇ ਇਹ ਸੁਣਿਆ ਤੇ ਖ਼ੁਦ ਨੂੰ ਅਪਮਾਨਿਤ ਹੋਇਆ ਮਹਿਸੂਸ ਕੀਤਾ । ਉਨ੍ਹਾਂ ਨੇ ਗੁਰੂ ਜੀ ਨੂੰ ਅਖਵਾ ਭੇਜਿਆ ਕਿ ਇਹ ਰਿਸ਼ਤਾ ਮੰਨਜ਼ੂਰ ਨਾ ਕੀਤਾ ਜਾਏ । ਗੁਰੂ ਅਰਜੁਨ ਦੇਵ ਜੀ ਨੇ ਉਹੀ ਕੀਤਾ, ਜੋ ਸਿੱਖ ਚਾਹੁੰਦੇ ਸਨ ।

ਚੰਦੂ ਦੀ ਧੀ ਤੇ (ਗੁਰੂ) ਹਰਗੋਬਿੰਦ ਸਾਹਿਬ ਜੀ ਦਾ ਕਦੇ ਵੀ ਆਪਸ ਵਿੱਚ ਵਿਆਹ ਨਾ ਹੋਇਆ । ਜਿਵੇਂ ਕਿ ਉਨ੍ਹੀਂ ਦਿਨੀਂ ਅਖਉਤੀ ਉੱਚੀ ਜਾਤੀ ਦੇ ਹਿੰਦੂ ਸਮਾਜ ਵਿੱਚ ਰਿਵਾਜ਼ ਸੀ, ਚੰਦੂ ਦੀ ਧੀ ਆਪਣੀ ਮੌਤ ਤਕ ਵਿਣ-ਵਿਆਹੀ ਹੀ ਰਹੀ ।

ਉਨ੍ਹਾਂ ਦਿਨਾਂ ਵਿੱਚ ਅਖਉਤੀ ਉੱਚੀ ਜਾਤੀ ਦੀ ਹਿੰਦੂ ਔਰਤ ਨੂੰ ਇਹ ਬਿਲਕੁਲ ਮੰਨਜ਼ੂਰ ਨਹੀਂ ਸੀ ਕਿ ਇੱਕ ਵਾਰ ਕਿਸੀ ਮਰਦ ਨਾਲ ਉਸਦਾ ਨਾਮ ਜੁੜ੍ਹ ਜਾਣ ਮਗਰੋਂ ਉਹ ਕਿਸੀ ਹੋਰ ਮਰਦ ਬਾਰੇ ਸੋਚੇ ਵੀ । ਇੱਕ ਵਾਰ ਕਿਸੀ ਔਰਤ ਦਾ ਮੰਗਣਾ ਹੋਣ ਮਗਰੋਂ ਕੋਈ ਹੋਰ ਮਰਦ ਉਸ ਨਾਲ ਕਦੀ ਵਿਆਹ ਨਹੀਂ ਸੀ ਕਰਦਾ, ਜੇ ਉਸ ਔਰਤ ਦਾ ਮੰਗਣਾ ਟੁੱਟ ਜਾਏ । ਅਜਿਹੇ ਨਿਯਮ ਸਨ ਤਦੋਂ ਸਮਾਜ ਦੇ ।

ਉਨ੍ਹੀਂ ਦਿਨੀਂ ਕਿਸੀ ਹਿੰਦੂ ਵਿਧਵਾ ਲਈ ਦੁਬਾਰਾ ਵਿਆਹ ਕਰ ਲੈਣਾ ਅਸੰਭਵ ਸੀ । ਸਿੱਖ ਗੁਰੂਆਂ ਨੇ ਵਿਧਵਾ-ਵਿਆਹ ਨੂੰ ਉਤਸ਼ਾਹਿਤ ਕੀਤਾ, ਤਾਂਕਿ ਉਹ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ । ਇਹ ਸਾਮਾਜਿਕ ਨਿਯਮਾਂ ਵਿੱਚ ਇਰਾਦਨ ਲਿਆਉਂਦਾ ਗਿਆ ਬਦਲਾਵ ਸੀ ।

ਅੱਜਕੱਲ੍ਹ ਅਸੀਂ ਦੇਖ ਸਕਦੇ ਹਾਂ ਕਿ ਪਰੰਪਰਾਗਤ ਭਾਰਤੀ ਸਮਾਜ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਨਾਲ ਬਦਲ ਲਿਆ ਹੈ । ਟੁੱਟੇ ਹੋਏ ਮੰਗਣੇ, ਇੱਥੋਂ ਤੱਕ ਕਿ ਟੁੱਟੇ ਹੋਏ ਵਿਆਹ ਵੀ ਹੁਣ ਕੁੜੀਆਂ ਲਈ ਸ਼ਰਮਿੰਦਗੀ ਦੀ ਵਜ੍ਹਾ ਨਹੀਂ ਰਹੇ, ਚਾਹੇ ਕਿ ਹੁਣ ਵੀ ਬਹੁਤ ਸਾਰੇ ਲੋਕ ਐਸੇ ਹਨ, ਜੋ ਇਨ੍ਹਾਂ ਬਦਲਾਵਾਂ ਤੋਂ ਖ਼ੁਸ਼ ਨਹੀਂ ਹਨ ।

ਇੱਕ ਸੋਸ਼ਲ ਨੈੱਟਵਰਕ ਵੈੱਬਸਾਈਟ ਉੱਤੇ ਮੈਂ ਇੱਕ ਸੁਨੇਹਾ ਪੜ੍ਹਿਆ ਸੀ, ਜੋ ਕੁੱਝ ਇਸ ਤਰ੍ਹਾਂ ਸੀ: –

ਪਹਿਲਾਂ ਕੁੜੀਆਂ ਆਖਿਆ ਕਰਦੀਆਂ ਹਨ, “ਮੈਂ ਪਹਿਲਾਂ ਬੀ.ਏ. ਵਨ ਪਾਸ ਕੀਤੀ, ਫਿਰ ਬੀ.ਏ. ਟੂ, ਤੇ ਫਿਰ ਬੀ.ਏ. ਫ਼ਾਈਨਲ ਕੀਤੀ । ਜਾਂ, ਮੈਂ ਪਹਿਲਾਂ ਬੀ. ਕੋਮ. ਵਨ ਪਾਸ ਕੀਤੀ, ਫਿਰ ਬੀ. ਕੋਮ. ਟੂ, ਤੇ ਫਿਰ ਬੀ.ਕੋਮ. ਫ਼ਾਈਨਲ। ਜਾਂ, ਮੈਂ ਪਹਿਲਾਂ ਬੀ.ਐੱਸ.ਸੀ. ਵਨ ਪਾਸ ਕੀਤੀ, ਫਿਰ ਬੀ.ਐੱਸ.ਸੀ. ਟੂ, ਤੇ ਫਿਰ ਬੀ.ਐੱਸ.ਸੀ. ਫ਼ਾਈਨਲ ਕੀਤੀ।” ਅੱਜਕਲ੍ਹ ਦੀ ਕੁੜੀ ਆਖਦੀ ਹੈ, “ਮੈਂ ਪਹਿਲਾਂ ਪਹਿਲਾ ਮੰਗਣਾ ਕੀਤਾ, ਫਿਰ ਦੂਜਾ ਮੰਗਣਾ ਕੀਤਾ, ਤੇ ਫਿਰ ਫ਼ਾਈਨਲ ਮੰਗਣਾ ਕੀਤਾ”।

ਚਾਹੇ ਸਾਮਾਜਿਕ ਤੌਰ ‘ਤੇ ਇੱਜ਼ਤਦਾਰ ਕਈ ਪਰਿਵਾਰ ਹੁਣ ਵੀ ਆਪਣੀ ਕਿਸੀ ਧੀ ਦਾ ਮੰਗਣਾ ਟੁੱਟ ਜਾਣ ਨੂੰ ਆਪਣੀ ਬੇਇੱਜ਼ਤੀ ਦੇ ਤੌਰ ‘ਤੇ ਲੈਂਦੇ ਹਨ, ਕਈ ਹੋਰ ਇਸ ਵੱਲ ਕੁੱਝ ਜ਼ਿਆਦਾ ਤਵੱਜੋਂ ਨਹੀਂ ਦਿੰਦੇ । ਕੁੱਝ ਕੁੜੀਆਂ ਤਾਂ ਹੁਣ ਤਿੰਨ-ਤਿੰਨ ਵਾਰ ਵੀ ਵਿਆਹ ਕਰਾ ਰਹੀਆਂ ਹਨ ਤੇ ਸਾਧਾਰਣ ਸਮਾਜ ਨੇ ਉਨ੍ਹਾਂ ਨੂੰ ਲੱਗਭੱਗ ਸਵੀਕਾਰ ਵੀ ਕੀਤਾ ਹੈ ।

ਇਹ ਖ਼ਬਰ ਤਾਂ ਹੁਣ ਪੁਰਾਣੀ ਹੋ ਚੁੱਕੀ ਹੈ ਕਿ ਮੁੰਬਈ ਦੀ ਇੱਕ ਅਦਾਕਾਰਾ ਨੇ ਬਿਨ੍ਹਾਂ ਵਿਆਹ ਕੀਤਿਆਂ ਹੀ ਇੱਕ ਵਿਦੇਸ਼ੀ ਕ੍ਰਿਕਟਰ ਦੇ ਬੱਚੇ ਨੂੰ ਜਨਮ ਦਿੱਤਾ । ਬਹੁਤ ਸਾਰੇ ਲੋਕ ‘ਲਿਵ-ਇਨ’ ਰਿਸ਼ਤੇ ਨੂੰ ਤਰਜੀਹ ਦੇਣ ਲੱਗੇ ਹਨ, ਚਾਹੇ ਕਿ ਭਾਰਤ ਦੇ ਇੱਕ ਵੱਡੇ ਹਿੱਸੇ ਵਿੱਚ ਇਸ ਨੂੰ ਸਾਮਾਜਿਕ ਮਾਨਤਾ ਨਹੀਂ ਮਿਲੀ ਹੈ ।

ਪਰ, ਲੱਗਦਾ ਹੈ ਕਿ ਸਾਮਾਜਿਕ ਨਿਯਮ ਹੁਣ ਇੱਕ ਵੱਡੀ ਤਬਦੀਲੀ ਵੱਲ ਵੱਧ ਰਹੇ ਹਨ । ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਇੱਕ ਮਹੱਤਵਪੂਰਣ ਫ਼ੈਸਲੇ ਵਿੱਚ ‘ਲਿਵ-ਇਨ’ ਰਿਸ਼ਤਿਆਂ ਲਈ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸਨਾਲ ਕਿ ‘ਲਿਵ-ਇਨ’ ਰਿਸ਼ਤਿਆਂ ਵਿੱਚ ਵੀ ਔਰਤਾਂ ਨੂੰ ਸੁਰੱਖਿਆ ਦਿੱਤੀ ਜਾ ਸਕੇ । ਸੁਪਰੀਮ ਕੋਰਟ ਨੇ ਆਖਿਆ ਹੈ ਕਿ ‘ਲਿਵ-ਇਨ’ ਰਿਸ਼ਤੇ ਨਾ ਤਾਂ ਅਪਰਾਧ ਹਨ ਤੇ ਨਾ ਪਾਪ, ਅਤੇ ਸੰਸਦ ਨੂੰ ਚਾਹੀਦਾ ਹੈ ਕਿ ਉਹ ਐਸੇ ਰਿਸ਼ਤੇ ਵਿੱਚ ਰਹਿ ਰਹੀਆਂ ਔਰਤਾਂ ਤੇ ਐਸੇ ਰਿਸ਼ਤਿਆਂ ਵਿੱਚੋਂ ਪੈਦਾ ਹੋਣ ਵਾਲੇ ਬੱਚਿਆਂ ਲਈ ਕਾਨੂੰਨ ਬਣਾਏ ।

ਗੁਰਦੁਆਰਾ ਪ੍ਰਬੰਧ ਬਾਰੇ ਕੁੱਝ ਵੀਚਾਰ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸੰਸਾਰ ਭਰ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਇਹ ਸਿਸਟਮ ਹੈ ਕਿ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਪ੍ਰਬੰਧਕ ਕਮੇਟੀ ਦੀ ਚੋਣ ਵੋਟਰਾਂ ਰਾਹੀਂ ਕੀਤੀ ਜਾਂਦੀ ਹੈ । ਡੈਮੋਕਰੇਸੀ ਦੇ ਇਸ ਯੁੱਗ ਵਿੱਚ, ਲੋਕ ਤੰਤਰ ਦੇ ਇਸ ਯੁੱਗ ਵਿੱਚ ਅਜਿਹਾ ਕਰਨਾ ਠੀਕ ਜਾਪਦਾ ਹੈ । ਇਸ ਵਿੱਚ ਕੁੱਝ ਗ਼ਲਤ ਵੀ ਨਹੀਂ, ਜੇ ਗੁਰਮਤਿ ਦੇ ਜਾਣੂ ਤੇ ਗੁਰਮਤਿ ਦੇ ਧਾਰਨੀ ਵੋਟਰ ਵੋਟਾਂ ਰਾਹੀਂ ਸੁਚੱਜੇ ਪ੍ਰਬੰਧਕਾਂ ਦੀ ਚੋਣ ਕਰ ਲੈਣ । ਮੂਲ ਰੂਪ ਵਿੱਚ ਇਸ ਸਿਸਟਮ ਦੇ ਵਿੱਚ ਕੋਈ ਖ਼ਰਾਬੀ ਨਹੀਂ ਦਿੱਖਦੀ ।

ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਗੁਰਦੁਆਰਾ ਪ੍ਰਬੰਧ ਦਾ ਇਹ ਸਿਸਟਮ ਭ੍ਰਿਸ਼ਟ ਲੋਕਾਂ ਦੇ ਹੱਥ-ਕੰਡਿਆਂ ਦਾ ਸ਼ਿਕਾਰ ਹੋ ਜਾਂਦਾ ਹੈ । ਉਹ ਲੋਕ, ਜੋ ਗੁਰਮਤਿ ਦੇ ਜਾਣੂ ਨਹੀਂ ਤੇ ਜੋ ਗੁਰਮਤਿ ਦੇ ਧਾਰਨੀ ਨਹੀਂ, ਗੁਰਦੁਆਰਾ ਪ੍ਰਬੰਧ ਲਈ ਵੋਟਰ ਬਣਾ ਦਿੱਤੇ ਜਾਂਦੇ ਹਨ । ਉਹ ਲੋਕ, ਜੋ ਗੁਰਮਤਿ ਦੇ ਧਾਰਨੀ ਨਹੀਂ, ਉਹ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋ ਬੈਠਦੇ ਹਨ । ਵੋਟਰ ਜਿਸ ਨੂੰ ਵੀ ਵੋਟਾਂ ਪਾਉਣਗੇ, ਜਿਸ ਦੇ ਵੀ ਹੱਕ ਵਿੱਚ ਫ਼ੈਸਲਾ ਕਰਨਗੇ, ਉਹ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋ ਜਾਏਗਾ । ਦੇਖਣ ਵਿੱਚ ਆਇਆ ਹੈ ਕਿ ਅਯੋਗ ਵਿਅਕਤੀਆਂ ਨੂੰ ਵੋਟਰ ਬਣਾ ਦਿੱਤਾ ਗਿਆ, ਤਾਂਕਿ ਉਨ੍ਹਾਂ ਦੀਆਂ ਵੋਟਾਂ ਦਾ ਫ਼ਾਇਦਾ ਪ੍ਰਾਪਤ ਕੀਤਾ ਜਾ ਸਕੇ । ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਸ਼ਰਾਬ ਤਕ ਦੀ ਵੀ ਵਰਤੋਂ ਕੀਤੀ ਗਈ । ਇਹ ਸਭ ਕਾਰਵਾਈਆਂ ਮਨਮਤਿ ਦੀਆਂ ਹਨ । ਡੈਮੋਕਰੇਸੀ ਦੇ ਇਸ ਸਿਸਟਮ ਨੂੰ ਭ੍ਰਿਸ਼ਟ ਲੋਕਾਂ ਦੁਆਰਾ ਦੂਸ਼ਿਤ ਕਰ ਦਿੱਤਾ ਗਿਆ । ਇਸ ਨਾਲ ਗੁਰਦੁਆਰਾ ਪ੍ਰਬੰਧ ਕੋਈ ਧਾਰਮਿਕ ਪ੍ਰਬੰਧ ਨਾ ਹੋ ਕੇ ਰਾਜਨੀਤਿਕ ਸੰਸਥਾ ਦਾ ਰੂਪ ਧਾਰਣ ਕਰ ਗਿਆ ਹੈ ।

ਗੱਲ ਸਿਰਫ਼ ਭ੍ਰਿਸ਼ਟ ਡੈਮੋਕਰੈਟਿਕ ਸਿਸਟਮ ਤੱਕ ਹੀ ਸੀਮਿਤ ਨਹੀਂ, ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋਣ ਵਾਸਤੇ ਹਿੰਸਾ ਦਾ ਵੀ ਸਹਾਰਾ ਲਿਆ ਗਿਆ । ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਕਾਬਜ਼ ਹੋਣ ਲਈ ਚਾਕੂ-ਛੁਰੀਆਂ ਚੱਲੀਆਂ, ਡਾਂਗਾਂ ਚੱਲੀਆਂ, ਗੋਲੀਆਂ ਚੱਲੀਆਂ । ਗੁਰਦੁਆਰਿਆਂ ਦੇ ਬਾਹਰ ਅਤੇ ਅੰਦਰ ਹੋਈ ਹਿੰਸਾ ‘ਤੇ ਕਾਬੂ ਕਰਨ ਵਾਸਤੇ ਪੁਲਿਸ ਨੂੰ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰਨਾ ਪਿਆ । ਜ਼ਾਹਿਰ ਹੈ ਕਿ ਅਜਿਹਾ ਕੁੱਝ ਹੋਣ ਨਾਲ ਆਮ ਸਿੱਖ ਸੰਗਤ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ । ਇਸ ਨਾਲ ਹੋਰਨਾਂ ਫ਼ਿਰਕਿਆਂ ਵਿੱਚ ਸਿੱਖਾਂ ਦੀ ਬਦਨਾਮੀ ਹੋਈ ਹੈ ।

ਭ੍ਰਿਸ਼ਟ ਵੋਟਿੰਗ ਸਿਸਟਮ ਤੇ ਹਿੰਸਾ ਦਾ ਸਹਾਰਾ ਲੈਣ ਤੋਂ ਇਲਾਵਾ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਕਾਬਜ਼ ਹੋਣ ਲਈ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਦਾ ਯਤਨ ਵੀ ਕਈ ਲੋਕਾਂ ਨੇ ਕੀਤਾ ਤੇ ਕਈ ਇਸ ਵਿੱਚ ਸਫਲ ਵੀ ਹੋਏ । ਉਹ ਸਥਾਨਕ ਸੰਗਤਾਂ ਪ੍ਰਸੰਸ਼ਾਯੋਗ ਹਨ, ਜਿਨ੍ਹਾਂ ਨੇ ਸੁਚੱਜੇ ਢੰਗ ਨਾਲ ਚੱਲ ਕੇ ਅੱਛੇ ਪ੍ਰਬੰਧਕਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਿਆ । ਜਿੱਥੇ ਗ਼ਲਤ ਲੋਕ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਕਾਬਜ਼ ਹੋਏ, ਉੱਥੇ ਸਿੱਖ ਸੰਗਤ ਨੂੰ ਪ੍ਰੇਸ਼ਾਨੀਆਂ ਹੀ ਪ੍ਰੇਸ਼ਾਨੀਆਂ ਮਿਲੀਆਂ ਹਨ । ਜਦੋਂ ਗ਼ਲਤ ਲੋਕ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋਏ, ਤਾਂ ਉਨ੍ਹਾਂ ਨੇ ਆਪ-ਹੁਦਰੀਆਂ ਕਾਰਵਾਈਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ । ਅਜਿਹੇ ਲੋਕ ਗੁਰਦੁਆਰਿਆਂ ਦੇ ਅੰਦਰ ਵੀ ਤੇ ਬਾਹਰ ਵੀ ਬੁਰਛਾਗਰਦੀ ਕਰਦੇ ਹੀ ਰਹੇ ਹਨ । ਸਿੱਖ ਸੰਗਤ ਨੂੰ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ । ਐਸੀਆਂ ਕਈ ਘਟਨਾਵਾਂ ਹੋਈਆਂ ਹਨ । ਮਨਮਤੀਆਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ ਤੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਬੋਲਣ ਤੋਂ ਰੋਕਿਆ ਗਿਆ । ਅਜਿਹਾ ਉਨ੍ਹਾਂ ਗੁਰਦੁਆਰਿਆਂ ਵਿੱਚ ਹੋਇਆ, ਜਿੱਥੇ ਭ੍ਰਿਸ਼ਟ ਲੋਕ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋ ਗਏ ।

ਐਸਾ ਨਹੀਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਭ੍ਰਿਸ਼ਟ ਲੋਕਾਂ ਦਾ ਕਬਜ਼ਾ ਸਿਰਫ਼ ਸਾਡੇ ਹੀ ਸਮੇਂ ਵਿੱਚ ਹੋਇਆ ਹੋਵੇ । ਬ੍ਰਿਟਿਸ਼ ਹਕੂਮਤ ਦਾ ਜਦੋਂ ਪੰਜਾਬ ਵਿੱਚ ਰਾਜ ਸੀ, ਉਦੋਂ ਕਈ ਗੁਰਦੁਆਰਿਆਂ ਉੱਤੇ ਭ੍ਰਿਸ਼ਟ ਮਹੰਤਾਂ ਦਾ ਕਬਜ਼ਾ ਸੀ । ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਮਹੰਤ ਨਾਰਾਇਣਦਾਸ ਦਾ ਕਬਜ਼ਾ ਸੀ, ਜੋ ਕਈ ਪ੍ਰਕਾਰ ਦੀਆਂ ਮਨਮਤੀ ਕਾਰਵਾਈਆਂ ਕਰਦਾ ਸੀ । ਜਿਵੇਂ ਅੱਜਕੱਲ੍ਹ ਦੇ ਕਈ ਮਨਮਤੀ ਪ੍ਰਬੰਧਕ ਸਿੱਖਾਂ ਨੂੰ ਗੁਰਦਆਰੇ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕਦੇ ਹਨ, ਮਹੰਤ ਨਾਰਾਇਣਦਾਸ ਨੇ ਵੀ ਇਸ ਤਰ੍ਹਾਂ ਕੀਤਾ । ਸੈਂਕੜੇ ਸਿੱਖਾਂ ਨੇ ਜਦੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦਾ ਯਤਨ ਕੀਤਾ, ਤਾਂ ਮਹੰਤ ਨਾਰਾਇਣਦਾਸ ਦੇ ਇਸ਼ਾਰੇ ਉੱਤੇ ਅਨੇਕ ਸਿੱਖਾਂ ਨੂੰ ਸ਼ਹੀਦ ਵੀ ਕਰ ਦਿੱਤਾ ਗਿਆ । ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖਤ ਨਾਲ ਲਟਕਾ ਕੇ ਜ਼ਿੰਦਾ ਜਲਾ ਦਿੱਤਾ ਗਿਆ । ਅਠਾਰ੍ਹਵੀਂ ਸਦੀ ਦੇ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਮੱਸਾ ਰੰਘੜ ਨੇ ਕਬਜ਼ਾ ਕਰ ਲਿਆ ਸੀ । ਸਿੱਖਾਂ ਦਾ ਉੱਥੇ ਪ੍ਰਵੇਸ਼ ਕਰਨਾ ਵਰਜਿਤ ਹੋ ਗਿਆ ਸੀ ।

ਇੰਨਾ ਹੀ ਨਹੀਂ ਕਿ ਸਿੱਖਾਂ ਨੂੰ ਗੁਰਦੁਆਰੇ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ, ਬਲਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਸ ਵਕਤ ਦੇ ਪੁਜਾਰੀਆਂ ਨੇ ਨੌਵੇਂ ਸਤਿਗੁਰੂ, ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਨੂੰ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ ਸੀ । ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ, ਤਾਂ ਉੱਥੋਂ ਦੇ ਕਾਬਜ਼ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸਨ । ਗੁਰੂ ਸਾਹਿਬ ਨੂੰ ਬਿਨ੍ਹਾਂ ਦਰਸ਼ਨ ਕੀਤੇ ਹੀ ਉੱਥੋਂ ਜਾਣਾ ਪਿਆ ।

ਮੈਂ ਜੋ ਇਹ ਤਿੰਨ ਉਦਾਹਰਣਾਂ ਦਿੱਤੀਆਂ ਹਨ, ਇਨ੍ਹਾਂ ਵਿੱਚ ਸਮਾਨਤਾਵਾਂ ਹਨ । ਸ੍ਰੀ ਨਨਕਾਣਾ ਸਾਹਿਬ ‘ਤੇ ਕਾਬਜ਼ ਮਹੰਤ ਨਾਰਾਇਣਦਾਸ, ਦਰਬਾਰ ਸਾਹਿਬ ‘ਤੇ ਕਾਬਜ਼ ਮੱਸਾ ਰੰਘੜ, ਤੇ ਪਹਿਲਾਂ ਦਰਬਾਰ ਸਾਹਿਬ ਉੱਤੇ ਹੀ ਕਾਬਜ਼ ਉਹ ਪੁਜਾਰੀ ਧਰਮ ਤੋਂ ਗਿਰੇ ਹੋਏ ਲੋਕ ਸਨ । ਉਨ੍ਹਾਂ ਦਾ ਗੁਰਦੁਆਰਾ ਪ੍ਰਬੰਧ ਉੱਤੇ ਕਬਜ਼ਾ ਸੀ, ਤਾਂ ਇਸ ਦਾ ਇਹ ਭਾਵ ਨਹੀਂ ਸੀ ਕਿ ਉਹ ਠੀਕ ਸਨ ਜਾਂ ਉਹ ਗੁਰਮਤਿ ਦੇ ਧਾਰਨੀ ਸਨ ਜਾਂ ਉਹ ਧਾਰਮਿਕ ਸਨ । ਇਸ ਦਾ ਇਹ ਮਤਲਬ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਆਮ ਸਿੱਖ ਸੰਗਤ ਦੀ ਸਹਿਮਤੀ ਪ੍ਰਾਪਤ ਸੀ । ਇਸ ਤੋਂ ਇਲਾਵਾ ਇੱਕ ਗੱਲ ਹੋਰ । ਉਨ੍ਹਾਂ ਦਾ ਗੁਰਦੁਆਰਿਆਂ ਉੱਤੇ ਕਬਜ਼ਾ ਹਮੇਸ਼ਾ ਵਾਸਤੇ ਰਿਹਾ ਵੀ ਨਹੀਂ । ਅਖ਼ੀਰ ਉਨ੍ਹਾਂ ਨੂੰ ਕਬਜ਼ਾ ਛੱਡਣਾ ਹੀ ਪਿਆ । ਮੱਸਾ ਰੰਘੜ ਨੂੰ ਤਾਂ ਮਰਨਾ ਪਿਆ । ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਮੱਸਾ ਰੰਘੜ ਦਾ ਸਿਰ ਵੱਢ ਦਿੱਤਾ ਸੀ । ਆਜ਼ਾਦ ਭਾਰਤ ਦੇ ਵਿੱਚ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਉੱਤੇ ਮਹੰਤ ਦਾ ਕਬਜ਼ਾ ਸੀ । ਇੱਕ ਸੰਘਰਸ਼ ਤੋਂ ਬਾਅਦ ਸਿੱਖ ਸੰਗਤ ਨੇ ਮਹੰਤ ਦਾ ਉਹ ਕਬਜ਼ਾ ਛੱਡਵਾਇਆ । ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੁਣ ਸਿੱਖ ਸੰਗਤ ਕੋਲ ਹੈ ।

ਕਹਿਣ ਦਾ ਭਾਵ ਇਹ ਹੈ ਕਿ ਜੇ ਕਿਸੇ ਦਾ ਕਿਸੇ ਗੁਰਦੁਆਰੇ ਦੇ ਪ੍ਰਬੰਧ ਉੱਤੇ ਕਬਜ਼ਾ ਹੈ, ਤਾਂ ਇਸ ਦਾ ਇਹ ਭਾਵ ਨਹੀਂ ਕਿ ਉਹ ਧਾਰਮਿਕ ਹਨ । ਇਸ ਦਾ ਇਹ ਭਾਵ ਨਹੀਂ ਕਿ ਉਹ ਗੁਰਮਤਿ ਦੇ ਧਾਰਨੀ ਹਨ । ਇਸ ਦਾ ਇਹ ਭਾਵ ਨਹੀਂ ਕਿ ਉਨ੍ਹਾਂ ਨੂੰ ਗੁਰਮਤਿ ਦੇ ਵਿਸ਼ਿਆ ਦੀ ਪੂਰੀ ਜਾਣਕਾਰੀ ਹੈ । ਜੇ ਕੋਈ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੈ, ਤਾਂ ਹੋ ਸਕਦਾ ਹੈ ਕਿ ਉਸ ਦਾ ਉਹ ਕਬਜ਼ਾ ਕਿਸੇ ਭ੍ਰਿਸ਼ਟ ਤਰੀਕੇ ਨੂੰ ਵਰਤ ਕੇ ਹੋਇਆ ਹੋਵੇ । ਜੇ ਕੋਈ ਗੁਰਦੁਆਰੇ ਦੇ ਪ੍ਰਬੰਧ ਉੱਤੇ ਕਾਬਜ਼ ਹੋ ਕੇ ਮਨਮਤੀ ਕਾਰਵਾਈਆਂ ਕਰ ਰਿਹਾ ਹੈ, ਤਾਂ ਉਹ ਇਹ ਵੀ ਨਾ ਸਮਝੇ ਕਿ ਉਸ ਦਾ ਇਹ ਕਬਜ਼ਾ ਹਮੇਸ਼ਾ ਵਾਸਤੇ ਰਹੇਗਾ । ਉਹ ਇਹ ਵੀ ਨਾ ਸਮਝੇ ਕਿ ਆਮ ਸਿੱਖ ਸੰਗਤ ਉਸ ਨੂੰ ਪ੍ਰਵਾਨਗੀ ਦੇ ਰਹੀ ਹੈ । ਉਹ ਇਹ ਵੀ ਨਾ ਸਮਝੇ ਕਿ ਉਹ ਆਮ ਸਿੱਖ ਸੰਗਤ ਨੂੰ ਜ਼ਿਆਦਾ ਦੇਰ ਤਕ ਧੋਖੇ ਵਿੱਚ ਰੱਖ ਸਕੇਗਾ ।

ਗੁਰਦੁਆਰਾ ਪ੍ਰਬੰਧਕ ਬਣਨ ਨਾਲ ਗੁਰੂ ਦੀ ਤੇ ਗੁਰੂ ਦੀ ਸੰਗਤ ਦੀ ਸੇਵਾ ਕਰਨ ਦਾ ਬਹੁਤ ਵੱਡਾ ਮੌਕਾ ਮਿਲਦਾ ਹੈ । ਮੈਂ ਸਮਝਦਾ ਹਾਂ ਕਿ ਗੁਰਦੁਆਰਾ ਪ੍ਰਬੰਧਕ ਸੰਗਤ ਦੀ ਉਹ ਸੇਵਾ ਕਰ ਸਕਦਾ ਹੈ, ਜੋ ਹੋਰ ਲੋਕ ਸ਼ਾਇਦ ਨਾ ਕਰ ਸਕਦੇ ਹੋਣ । ਗੁਰਦੁਆਰਾ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸੇਵਾ ਕਰਨ ਦੇ ਮਿਲੇ ਹੋਏ ਇਸ ਮੌਕੇ ਨੂੰ ਐਂਵੇਂ ਅਜਾਂਈਂ ਨਾ ਗੁਆ ਦੇਣ । ਸੁਭਾਗੇ ਹਨ ਉਹ ਜੀਵ, ਜੋ ਗੁਰਦੁਆਰਾ ਪ੍ਰਬੰਧ ਦੀ ਸੇਵਾ ਨੂੰ ਬਹੁਤ ਸੁਚੱਜੇ ਢੰਗ ਨਾਲ ਨਿਭਾਉਂਦੇ ਹਨ ।