ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਗੋਲੀਬਾਰੀ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਅਮਰੀਕਾ ਵਿੱਚ ਵਿਸਕਨਸਨ ਸੂਬੇ ਦੇ ਓਕ ਕ੍ਰੀਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਮਾਈਕਲ ਪੇਜ ਨਾਮ ਦੇ ਇੱਕ ਸਾਬਕਾ ਫ਼ੌਜੀ ਵੱਲੋਂ ਕੀਤੀ ਗੋਲੀਬਾਰੀ ਨਾਲ ਛੇ ਸਿੱਖਾਂ ਦੀ ਮੌਤ ਹੋ ਗਈ ਹੈ । ਇੱਕ ਪੁਲਿਸ ਅਧਿਕਾਰੀ ਹੱਥੋਂ ਜ਼ਖ਼ਮੀ ਹੋਣ ਮਗਰੋਂ ਮਾਈਕਲ ਪੇਜ ਨੇ ਵੀ ਖ਼ੁਦਕੁਸ਼ੀ ਕਰ ਲਈ । ਛੇ ਸਿੱਖਾਂ ਵਿੱਚੋਂ ਚਾਰ ਭਾਰਤੀ ਨਾਗਰਿਕ ਸਨ ।

ਅਸੀਂ ਇਸ ਦੁਰਘਟਨਾ ਦੀ ਨਿਖੇਧੀ ਕਰਦੇ ਹਾਂ । ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸੱਚਖੰਡ ਵਿੱਚ ਨਿਵਾਸ ਬਖ਼ਸ਼ੇ । ਅਸੀਂ ਅਰਦਾਸ ਕਰਦੇ ਹਾਂ ਕਿ ਜ਼ਖ਼ਮੀ ਹੋਏ ਵਿਅਕਤੀ ਜਲਦੀ ਤੋਂ ਜਲਦੀ ਸਿਹਤਯਾਬ ਹੋਣ । ਜ਼ਖ਼ਮੀਆਂ ਵਿੱਚ ਬਹਾਦੁਰ ਪੁਲਿਸ ਅਫ਼ਸਰ ਬਰਾਇਨ ਮਰਫੀ ਵੀ ਸ਼ਾਮਿਲ ਹੈ ।

ਦੁਨੀਆਂ ਭਰ ਵਿੱਚ ਇਸ ਦੁਰਘਟਨਾ ਦੀ ਨਿੰਦਾ ਕੀਤੀ ਗਈ ਹੈ ਤੇ ਅਜਿਹਾ ਕੀਤਾ ਜਾਣਾ ਬਣਦਾ ਵੀ ਸੀ । ਭਾਰਤ ਵਿੱਚ ਵੀ ਵੱਖ-ਵੱਖ ਜੱਥੇਬੰਦੀਆਂ ਨੇ ਇਸ ਦੁਰਘਟਨਾ ਦੀ ਨਿੰਦਾ ਕਰਦਿਆਂ ਰੋਸ-ਵਿਖਾਵੇ ਕੀਤੇ ਹਨ ।

ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ “ਨੈਸ਼ਨਲ ਅਕਾਲੀ ਦਲ’ ਨਾਮ ਦੀ ਇੱਕ ਕਾਗ਼ਜ਼ੀ ਜੱਥੇਬੰਦੀ ਨੇ ਆਪਣੇ ਆਗੂ ਪਰਮਜੀਤ ਸਿੰਘ ‘ਪੰਮਾ’ ਦੀ ਅਗਵਾਈ ਵਿੱਚ ਵਿਖਾਵਾ ਕਰਦਿਆਂ ਅਮਰੀਕਾ ਦਾ ਰਾਸ਼ਟਰੀ ਝੰਡਾ ਤਕ ਸਾੜ੍ਹ ਦਿੱਤਾ । ਅਜਿਹਾ ਕਰਨਾ ਬਿਲਕੁਲ ਉਵੇਂ ਹੀ ਗ਼ਲਤ ਹੈ, ਜਿਵੇਂ ਭਾਰਤ ਵਿਰੋਧੀਆਂ ਵੱਲੋਂ ਭਾਰਤ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਜਾਣਾ ।

ਅਮਰੀਕੀ ਸਰਕਾਰ ਖ਼ਿਲਾਫ਼ ਅਜਿਹਾ ਪ੍ਰਦਰਸ਼ਨ ਕਰਨ ਦੀ ਉੱਕਾ ਹੀ ਜ਼ਰੂਰਤ ਨਹੀਂ ਸੀ । ਗੁਰਦੁਆਰਾ ਸਾਹਿਬ ਵਿੱਚ ਹੋਈ ਇਸ ਗੋਲੀਬਾਰੀ ਦੀ ਦੁਰਘਟਨਾ ਤੋਂ ਫ਼ੌਰੀ ਬਾਅਦ ਅਮਰੀਕੀ ਸਰਕਾਰ ਵੱਲੋਂ ਚੁੱਕੇ ਗਏ ਕਦਮ ਬਹੁਤ ਸ਼ਲਾਘਾਯੋਗ ਹਨ । ਅਮਰੀਕੀ ਰਾਸ਼ਟਰਪਤੀ ਨੇ ਇਸ ਘਟਨਾ ‘ਤੇ ਖ਼ੁਦ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੇਸ਼-ਵਿਦੇਸ਼ ਵਿੱਚ ਅਮਰੀਕੀ ਰਾਸ਼ਟਰੀ ਝੰਡੇ ਝੁਕਾ ਦਿੱਤੇ ਗਏ । ਅਮਰੀਕੀ ਰਾਸ਼ਟਰਪਤੀ ਨੇ ਖ਼ੁਦ ਭਾਰਤੀ ਪ੍ਰਧਾਨ ਮੰਤਰੀ ਨੂੰ ਫ਼ੋਨ ਕਰਕੇ ਇਸ ਘਟਨਾ ਬਾਰੇ ਦੁੱਖ ਪ੍ਰਗਟਾਇਆ (ਕਿਉਂਕਿ ਚਾਰ ਭਾਰਤੀ ਨਾਗਰਿਕ ਵੀ ਇਸ ਦੁਰਘਟਨਾ ਵਿੱਚ ਮਾਰੇ ਗਏ) । ਅਮਰੀਕੀ ਰਾਜਦੂਤ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਪੁੱਜੇ ‘ਤੇ ਅਫ਼ਸੋਸ ਪ੍ਰਗਟ ਕੀਤਾ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਵੀਅਮਰੀਕੀ ਅਧਿਕਾਰੀ ਪਹੁੰਚੇ ।

ਚੰਗੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਇਸ ਦੁਰਘਟਨਾ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਲਈ ਸਹਾਇਤਾ ਦਾ ਐਲਾਨ ਕੀਤਾ ਹੈ । ਹੋਰ ਵੀ ਵਧੀਆ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪੁਲਿਸ ਅਧਿਕਾਰੀ ਬਰਾਇਨ ਮਰਫੀ ਲਈ ਬਹਾਦੁਰੀ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ ।