ਹੋਵੈ ਸਰਵਣ ਵਿਰਲਾ ਕੋਈ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਵਾਲਮੀਕੀ ਰਾਮਾਇਣ ਵਿੱਚ ਇੱਕ ਨੌਜਵਾਨ ਮੁਨੀ ਦੀ ਕਥਾ ਹੈ, ਜੋ ਆਪਣੇ ਅੰਨ੍ਹੇ ਮਾਂ-ਬਾਪ ਦੀ ਹਰ ਪ੍ਰਕਾਰ ਦੀ ਸੇਵਾ ਕਰਦਾ ਸੀ । ਹਾਲਾਂਕਿ ਉੱਥੇ ਉਸ ਦਾ ਨਾਮ ਨਹੀਂ ਦਿੱਤਾ ਗਿਆ, ਪਰ ਉਸੇ ਨੂੰ ਆਮ ਤੌਰ ‘ਤੇ ਸਰਵਣ ਕੁਮਾਰ (ਸ਼੍ਰਵਣ ਕੁਮਾਰ) ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇੱਕ ਰਾਤ ਜਦੋਂ ਉਹ ਆਪਣੇ ਮਾਂ-ਬਾਪ ਲਈ ਪਾਣੀ ਲੈਣ ਨਦੀ ਕਿਨਾਰੇ ਗਿਆ, ਤਾਂ ਸ਼ਿਕਾਰ ਦੇ ਭੁਲੇਖੇ ਰਾਜਕੁਮਾਰ ਦਸ਼ਰਥ ਨੇ ਉਸ ਨੂੰ ਤੀਰ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ । ਜਦੋਂ ਦਸ਼ਰਥ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਉਹ ਫ਼ੌਰਨ ਜ਼ਖ਼ਮੀ ਸਰਵਣ ਕੁਮਾਰ ਕੋਲ ਪੁੱਜਾ । ਉਸ ਦੇ ਦੇਖਦੇ-ਦੇਖਦੇ ਹੀ ਸਰਵਣ ਕੁਮਾਰ ਦਾ ਦੇਹਾਂਤ ਹੋਇਆ, ਪ੍ਰੰਤੂ ਮਰਦਿਆਂ-ਮਰਦਿਆਂ ਵੀ ਸਰਵਣ ਕੁਮਾਰ ਨੂੰ ਆਪਣੇ ਮਾਂ-ਬਾਪ ਦਾ ਹੀ ਫ਼ਿਕਰ ਰਿਹਾ । ਉਸ ਨੇ ਦਸ਼ਰਥ ਨੂੰ ਆਖਿਆ ਕਿ ਉਹ ਉਸਦੇ ਪਿਆਸੇ ਮਾਂ-ਬਾਪ ਨੂੰ ਪਾਣੀ ਪਿਆ ਦਏ ।

ਹਜ਼ਾਰਾਂ ਸਾਲ ਤੋਂ ਸਰਵਣ ਕੁਮਾਰ ਦੀ ਕਥਾ ਭਾਰਤੀ ਲੋਕਾਂ ਦੇ ਮਨਾਂ ਅੰਦਰ ਸਤਿਕਾਰਯੋਗ ਸਥਾਨ ਬਣਾਈ ਬੈਠੀ ਹੈ । ਜਦ ਕਦੇ ਵੀ ਮਾਂ-ਬਾਪ ਦੀ ਸੇਵਾ ਕਰਨ ਵਾਲੇ ਕਿਸੇ ਪੁੱਤਰ ਦੀ ਗੱਲ ਹੁੰਦੀ ਹੈ, ਸਰਵਣ ਕੁਮਾਰ ਦਾ ਜ਼ਿਕਰ ਵੀ ਆ ਹੀ ਜਾਂਦਾ ਹੈ ।

ਜੇ ਕਿਸੇ ਕਪੁੱਤਰ ਦਾ ਵੀ ਜ਼ਿਕਰ ਹੋਵੇ, ਤਾਂ ਲੋਕ ਸਰਵਣ ਕੁਮਾਰ ਦੀ ਕਥਾ ਨੂੰ ਯਾਦ ਕਰ ਕੇ ਆਖਦੇ ਹਨ ਕਿ ਹੁਣ ਕੋਈ ਵਿਰਲਾ ਪੁੱਤਰ ਹੀ ਸਰਵਣ ਕੁਮਾਰ ਵਰਗਾ ਬਣਦਾ ਹੈ । ਆਪਣੇ ਵਕਤ ਦੇ ਸਮਾਜ ਵਿੱਚ ਮਾਂ-ਬਾਪ ਦੇ ਉਪਕਾਰ ਭੁਲਾ ਦੇਣ ਵਾਲੇ ਪੁੱਤਰਾਂ ਦੀ ਗੱਲ ਕਰਦਿਆਂ ਭਾਈ ਗੁਰਦਾਸ ਜੀ ਨੇ ਵੀ ਆਪਣੀ ੩੭ਵੀਂ ਵਾਰ ਦੀ ੧੧ਵੀਂ ਪਉੜੀ ਵਿੱਚ ਸਰਵਣ ਕੁਮਾਰ ਦਾ ਜ਼ਿਕਰ ਇਸ ਪ੍ਰਕਾਰ ਕੀਤਾ: –

ਮਾਤਾ ਪਿਤਾ ਅਨੰਦ ਵਿਚਿ ਪੁਤੈ ਦੀ ਕੁੜਮਾਈ ਹੋਈ ॥
ਰਹਸੀ ਅੰਗ ਨ ਮਾਵਈ ਗਾਵੈ ਸੋਹਿਲੜੇ ਸੁਖ ਸੋਈ ॥
ਵਿਗਸੀ ਪੁਤ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ ॥
ਸੁਖਾਂ ਸੁਖੈ ਮਾਵੜੀ ਪੁਤੁ ਨੂੰਹ ਦਾ ਮੇਲ ਅਲੋਈ ॥
ਨੁਹੁ ਨਿਤ ਕੰਤ ਕੁਮੰਤੁ ਦੇਇ ਵਿਹਰੇ ਹੋਵਹ ਸਸੁ ਵਿਗੋਈ ॥
ਲਖ ਉਪਕਾਰ ਵਿਸਾਰਿ ਕੈ ਪੁਤ ਕੁਪੁਤਿ ਚਕੀ ਉਠਿ ਝੋਈ ॥
ਹੋਵੈ ਸਰਵਣ ਵਿਰਲਾ ਕੋਈ ॥੧੧॥ (ਵਾਰ ੩੭)

ਪੁੱਤਰ ਦੀ ਮੰਗਣੀ ਹੋਈ, ਮਾਤਾ ਪਿਤਾ ਬਹੁਤ ਖ਼ੁਸ਼ ਹੁੰਦੇ ਹਨ । ਮੰਗਲ-ਗੀਤ ਗਾਉਂਦਿਆਂ ਉਨ੍ਹਾਂ ਤੋਂ ਖ਼ੁਸ਼ੀ ਸੰਭਾਲੀ ਨਹੀਂ ਜਾਂਦੀ । ਪੁੱਤਰ ਦਾ ਵਿਆਹ ਕਰਦਿਆਂ ਉਹ ਬਹੁਤ ਆਨੰਦਿਤ ਹੁੰਦੇ ਹਨ । ਘੋੜੀਆਂ ਗਾਉਂਦੇ ਹਨ । ਲਾਵਾਂ ਗਾਉਂਦੇ ਹਨ । ਪੁੱਤਰ ਤੇ ਨੂੰਹ ਦਾ ਮੇਲ ਹੋਣ ‘ਤੇ ਮਾਂ ਸੁੱਖਾਂ ਸੁੱਖਦੀ ਹੈ । ਪਰ ਮਗਰੋਂ, ਖ਼ੁਸ਼ੀਆਂ ਨਾਲ ਲਿਆਉਂਦੀ ਨੂੰਹ ਆਪਣੇ ਪਤੀ ਨੂੰ ਬੁਰੀਆਂ ਸਿੱਖਿਆਵਾਂ ਦਿੰਦੀ ਹੈ ਤੇ ਆਪਣੇ ਪਤੀ ਨੂੰ ਉਸਦੀ ਮਾਂ ਤੋਂ ਪਰ੍ਹੇ ਕਰ ਦਿੰਦੀ ਹੈ । ਮਾਂ-ਪਿਉ ਵੱਲੋਂ ਕੀਤੇ ਲੱਖਾਂ ਉਪਕਾਰ ਵਿਸਾਰ ਕੇ ਬਹੁਤ ਪੁੱਤਰ ਸਹੀ ਮਾਅਨਿਆਂ ਵਿੱਚ ਕਪੁੱਤਰ ਬਣ ਜਾਂਦੇ ਹਨ । ਕੋਈ ਵਿਰਲਾ ਹੀ ਸਰਵਣ ਵਰਗਾ ਪੁੱਤਰ ਬਣਦਾ ਹੈ ।

ਸਰਵਣ ਕੁਮਾਰ ਤੋਂ ਉਲਟ ਉਹ ਲੋਕ ਹਨ, ਜੋ ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਤਾਂ ਦੂਰ, ਸਗੋਂ ਉਨ੍ਹਾਂ ਨੂੰ ਦੁੱਖ ਹੀ ਦਿੰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਰਾਮਦਾਸ ਜੀ ਦਾ ਬੜਾ ਸੁੰਦਰ ਸ਼ਬਦ ਹੈ : –

ਸਾਰਗ ਮਹਲਾ ੪ ਘਰੁ ੩ ਦੁਪਦਾ
ੴ ਸਤਿਗੁਰ ਪ੍ਰਸਾਦਿ ॥
ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥
(੧੨੦੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।

ਹੇ ਪੁੱਤਰ ! ਪਿਤਾ ਨਾਲ ਝਗੜਾ ਕਿਉਂ ਕਰਦਾ ਹੈਂ? ਤੂੰ ਜਿਨ੍ਹਾਂ ਦਾ ਜੰਮਿਆ ਤੇ ਪਾਲਿਆ ਹੋਇਆ ਹੈਂ, ਉਨ੍ਹਾਂ ਨਾਲ ਝਗੜਨਾ ਪਾਪ ਹੈ । ੧। ਰਹਾਉ। ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈਂ, ਉਹ ਕਦੇ ਕਿਸੇ ਦਾ ਆਪਣਾ ਨਹੀਂ ਬਣਿਆ । ਹਰ ਇਨਸਾਨ ਮਾਇਆ ਦਾ ਚਸਕਾ ਆਖ਼ਿਰ ਇੱਕ ਪਲ ਵਿੱਚ ਹੀ ਛੱਡ ਜਾਂਦਾ ਹੈ, ਉਦੋਂ ਉਸ ਨੂੰ ਪਛਤਾਵਾ ਹੁੰਦਾ ਹੈ । ੧। ਜੋ ਪਰਮਾਤਮਾ ਤੁਹਾਡੇ ਮਾਲਕ ਹਨ, ਉਨ੍ਹਾਂ ਦੇ ਨਾਮ ਦਾ ਜਾਪ ਕਰੋ । ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਪ੍ਰਭੂ-ਦਾਸ ਤੁਹਾਨੂੰ ਉਪਦੇਸ਼ ਕਰ ਰਹੇ ਹਨ । ਜੇ ਤੂੰ ਇਹ ਉਪਦੇਸ਼ ਸੁਣੇਂ , ਤਾਂ ਤੇਰਾ ਮਾਨਸਿਕ ਕਲੇਸ਼ ਦੂਰ ਹੋ ਜਾਏ ।੨।੧।੭।

ਜਾਇਜ਼ ਜਾਂ ਨਾਜਾਇਜ਼ ਤਰੀਕਿਆਂ ਨਾਲ ਚਾਰ ਪੈਸੇ ਕਮਾ ਲੈਣ ਵਾਲੇ ਕਈ ਦੁਰਬੁੱਧੀ ਲੋਕ ਹੰਕਾਰ ਵਿੱਚ ਭਰੇ ਹੋਏ ਹੋਰਨਾਂ ਲੋਕਾਂ ਦੀ ਇੱਜ਼ਤ ਕਰਨਾ ਤਾਂ ਦੂਰ, ਸਗੋਂ ਆਪਣੇ ਹੀ ਮਾਂ ਜਾਂ ਬਾਪ ਨੂੰ ਬੇਇੱਜ਼ਤ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ ।

ਇੱਕ ਬਹੁਤ ਹੀ ਬਿਰਧ ਵਿਅਕਤੀ ਨਾਲ ਕਈ ਵਾਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ । ਉਹ ਆਪਣੇ ਇੱਕ ਪੁੱਤਰ ਨੂੰ ਪਸੰਦ ਨਹੀਂ ਕਰਦਾ ਸੀ । ਇੱਕ ਦਿਨ ਗੱਲਬਾਤ ਦੌਰਾਨ ਮੈਂ ਉਸ ਅੱਗੇ ਉਸ ਦੇ ਉਸੀ ਪੁੱਤਰ ਦਾ ਜ਼ਿਕਰ ਕੀਤਾ । ਉਹ ਬਿਰਧ ਇੱਕਦਮ ਗ਼ੁੱਸੇ ਵਿੱਚ ਬੋਲਿਆ, “ਉਹ ਮੇਰਾ ਪੁੱਤਰ ਨਹੀਂ ਹੈ ।”

ਇਹ ਬਿਰਧ ਆਮਤੌਰ ‘ਤੇ ਸ਼ਾਂਤ ਰਹਿਣ ਵਾਲਾ ਵਿਅਕਤੀ ਸੀ । ਉਸ ਵੱਲੋਂ ਅਜਿਹਾ ਕਹਿਣ ‘ਤੇ ਮੈਨੂੰ ਕਾਫ਼ੀ ਹੈਰਾਨੀ ਹੋਈ । ਕੋਈ ਆਪਣੇ ਕਿਸੇ ਪੁੱਤਰ ਨੂੰ ‘ਕਪੁੱਤਰ’ ਆਖੇ, ਤਾਂ ਸਮਝ ਆਉਂਦੀ ਹੈ, ਪਰ ਇਹ ਆਖਣਾ ਕਿ ਉਹ ਮੇਰਾ ਪੁੱਤਰ ਹੀ ਨਹੀਂ ਹੈ, ਬਹੁਤ ਹੈਰਾਨ ਕਰਦਾ ਹੈ ।

ਜਦੋਂ ਮੈਂ ਹੋਰ ਖੋਜ ਕੀਤੀ, ਤਾਂ ਮੈਨੂੰ ਉਸ ਬਿਰਧ ਅਤੇ ਉਸ ਦੇ ਆਖੇ ਜਾਂਦੇ ‘ਪੁੱਤਰ’ ਬਾਰੇ ਬੜਾ ਕੁੱਝ ਜਾਣਨ ਨੂੰ ਮਿਲਿਆ । ਉਸ ਦਾ ਉਹ ਆਖਿਆ ਜਾਂਦਾ ‘ਪੁੱਤਰ’ ਵਿਦੇਸ਼ ਵਿੱਚੋਂ ਜਾਇਜ਼ ਜਾਂ ਨਾਜਾਇਜ਼ ਢੰਗ ਨਾਲ ਕਾਫ਼ੀ ਦੌਲਤ ਕਮਾ ਕੇ ਲਿਆਇਆ ਸੀ । ਭਾਰਤ ਵਾਪਸ ਆ ਕੇ ਕੁੱਝ ਜਾਇਦਾਦ ਬਣਾ ਲਈ । ਪਹਿਲਾਂ ਹੀ ਵਿਆਹਿਆ ਹੋਇਆ ਸੀ, ਪਰ ਤਲਾਕ ਹੋ ਗਿਆ । ਜਿਸ ਕੁੜੀ ਨਾਲ ਉਸ ਨੇ ਦੂਜਾ ਵਿਆਹ ਕੀਤਾ, ਉਸ ਨੂੰ ਇਹ ਦੱਸਿਆ ਹੀ ਨਹੀਂ ਗਿਆ ਕਿ ਉਹ ਆਦਮੀ ਪਹਿਲਾਂ ਵਿਆਹਿਆ ਹੋਇਆ ਸੀ । ਜ਼ਾਹਿਰ ਹੈ ਕਿ ਕੁੜੀ ਨਾਲ ਜਾਣਬੁੱਝ ਕੇ ਧੋਖਾ ਹੀ ਕੀਤਾ ਗਿਆ ਸੀ । ਕੁੜੀ ਵੀ ਇਹ ਸਭ ਬਰਦਾਸ਼ਤ ਕਰ ਗਈ । ਹੋ ਸਕਦਾ ਹੈ ਕਿ ਉਸ ਕੁੜੀ ਦੀਆਂ ਵੀ ਕੁੱਝ ਮਜਬੂਰੀਆਂ ਰਹੀਆਂ ਹੋਣ ।

ਉਨ੍ਹਾਂ ਦੇ ਬੱਚੇ ਵੀ ਹੋਏ । ਇੱਕ ਦਿਨ ਕਿਸੇ ਗੱਲ ਤੋਂ ਉਸ ਬਿਰਧ ਵਿਅਕਤੀ ਨੇ ਆਪਣੀ ਛੋਟੀ ਜਿਹੀ ਪੋਤਰੀ ਦੀ ਕਿਸੇ ਗੱਲ ਤੋਂ ਡਾਂਟ-ਡਪਟ ਕਰ ਦਿੱਤੀ । ਵਿਦੇਸ਼ ਤੋਂ ਪਰਤੇ ਉਸ ਹੰਕਾਰੀ ਨੇ ਇਸੇ ਗੱਲ ਤੋਂ ਗ਼ੁੱਸੇ ਵਿੱਚ ਆ ਕੇ ਆਪਣੇ ਪਿਤਾ ਉਸ ਬਿਰਧ ਨਾਲ ਹੱਥਾਪਾਈ ਕਰ ਦਿੱਤੀ । ਬਸ, ਉਸ ਦਿਨ ਤੋਂ ਉਸ ਬਿਰਧ ਵਿਅਕਤੀ ਨੇ ਆਪਣੇ ਆਖੇ ਜਾਂਦੇ ਉਸ ‘ਪੁੱਤਰ’ ਨੂੰ ਆਪਣੇ ਦਿਲ ਤੋਂ ਹੀ ਕੱਢ ਦਿੱਤਾ । ਇੰਨੇ ਵਰ੍ਹੇ ਬੀਤ ਜਾਣ ਮਗਰੋਂ ਵੀ ਉਸ ਨੇ ਆਪਣੇ ਉਸ ‘ਪੁੱਤਰ’ ਨੂੰ ਮਾਫ਼ ਨਹੀਂ ਕੀਤਾ । ਸ਼ਾਇਦ, ਹੰਕਾਰ ਨਾਲ ਭਰੇ ਉਸ ‘ਪੁੱਤਰ’ ਨੇ ਵੀ ਕਦੇ ਦਿਲੋਂ ਮਾਫ਼ੀ ਨਾ ਮੰਗੀ ਹੋਏ ।

ਆਪਣੇ ਉਸ ਪਿਉ ਨਾਲ ਹੱਥਾਪਾਈ ਕਰਨਾ, ਜਿਸ ਨੇ ਉਸਨੂੰ ਪਾਲਿਆ, ਪੋਸਿਆ, ਪੜ੍ਹਾਇਆ-ਲਿਖਾਇਆ ਤੇ ਇਸ ਯੋਗ ਬਣਾਇਆ ਕਿ ਉਹ ਵਿਦੇਸ਼ ਜਾ ਸਕਦਾ ਤੇ ਚਾਰ ਪੈਸੇ ਕਮਾ ਸਕਦਾ, ਆਪਣੇ ਆਪ ਵਿੱਚ ਹੀ ਇੱਕ ਗੁਨਾਹ ਹੈ । ਐਸਾ ਗੁਨਾਹਗਾਰ ਆਦਮੀ ਪਹਿਲਾਂ ਤਾਂ ਇਹ ਹੀ ਸਮਝਦਾ ਰਿਹਾ ਹੋਣਾ ਹੈ ਕਿ ਉਸ ਦੇ ਇਸ ਮਹਾਂ-ਪਾਪ ਦਾ ਪਤਾ ਘਰ ਤੋਂ ਬਾਹਰ ਕਿਸੇ ਨੂੰ ਨਹੀਂ ਹੈ । ਪਰ, ਅਜਿਹੇ ਪਾਪ ਕਦੇ ਲੁੱਕਦੇ ਨਹੀਂ । ਗੱਲ ਘਰ ਤੋਂ ਵੀ ਬਾਹਰ ਪਤਾ ਲੱਗਣੀ ਸ਼ੁਰੂ ਹੋ ਗਈ ।

ਹੁਣ ਆਪਣੀ ਬਦਨਾਮੀ ਦਾ ਦਾਗ਼ ਧੋਣ ਲਈ ਉਸ ਹੰਕਾਰੀ ਨੇ ਕਈ ਯਤਨ ਕਰਨੇ ਸ਼ੁਰੂ ਕਰ ਦਿੱਤੇ । ਧਾਰਮਿਕ ਸਥਾਨ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਤਾਂ ਕਿ ਦੁਨੀਆਂ ਇਹ ਸਮਝੇ ਕਿ ਉਹ ਪ੍ਰਭੂ ਦਾ ਵੱਡਾ ਸੇਵਕ ਹੈ । ਪਿਉ ਦਾ ਅਪਮਾਨ ਕਰਨ ਵਾਲਾ ਧਾਰਮਿਕ ਸਥਾਨ ਜਾ ਕੇ ਸੇਵਾ ਕਰੇ, ਤਾਂ ਕੀ ਫ਼ਾਇਦਾ? ਬਿਰਧ ਪਿਉ ਦੀ ਸੇਵਾ ਕਰਨ ਤੋਂ ਇਨਕਾਰੀ ਹੋ ਜਾਣਾ ਤੇ ਧਾਰਮਿਕ ਸਥਾਨ ਜਾ-ਜਾ ਕੇ ਲੋਕਾਂ ਨੂੰ ਸੇਵਾ ਕਰ-ਕਰ ਕੇ ਦਿਖਾਉਣਾ । ਪਰਿਵਾਰ ਤੇ ਹੋਰ ਰਿਸ਼ਤੇਦਾਰਾਂ ਨੂੰ ਲੈ ਕੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਜਾਣ ਦਾ ਉਸ ਦਾ ਮਤਲਬ ਸਿਰਫ਼ ਇੰਨਾ ਹੀ ਹੋਏਗਾ ਕਿ ਆਪਣੇ ਹੀ ਬਿਰਧ ਬਾਪ ਨੂੰ ਬੇਇੱਜ਼ਤ ਕਰਨ ਵਾਲੀ ਗੱਲ ਰਿਸ਼ਤੇਦਾਰ, ਸੰਬੰਧੀ ਤੇ ਹੋਰ ਲੋਕ ਭੁੱਲ ਜਾਣ ।

ਧਾਰਮਿਕ ਸਥਾਨ ਦੀ ਉਸਾਰੀ ਲਈ ਕੋਈ ੫੦, ੦੦੦ ਰੁਪਏ ਦਾਨ ਕਰ ਦਏ, ਤਾਂ ਕੀ ਆਪਣੇ ਹੀ ਪਿਉ ਉੱਤੇ ਹੱਥ ਚੁੱਕਣ ਅਤੇ ਅਪਮਾਨਿਤ ਕਰਨ ਦਾ ਉਸ ਦਾ ਪਾਪ ਦੁਨੀਆਂ ਭੁੱਲ ਜਾਏਗੀ? ਭਾਈ ਗੁਰਦਾਸ ਜੀ ਨੇ ਅਜਿਹੇ ਵਿਅਕਤੀ ਨੂੰ ਬੇਈਮਾਨ ਤੇ ਅਗਿਆਨੀ ਤੱਕ ਆਖ ਦਿੱਤਾ ਸੀ । ਮਾਂ-ਬਾਪ ਨੂੰ ਛੱਡ ਕੇ, ਮਾਂ-ਬਾਪ ਉੱਤੇ ਹੱਥ ਚੁੱਕਣ ਵਾਲਾ ਹੰਕਾਰੀ ਪੁਰਖ ਜਿੰਨੇ ਮਰਜ਼ੀ ਕਥਿਤ ਪੁੰਨ-ਕਰਮ ਕਰੀ ਜਾਏ, ਉਹ ਆਪਣੀ ਬਦਨਾਮੀ ਤੋਂ ਬੱਚ ਨਹੀਂ ਸਕਦਾ । ੩੭ਵੀਂ ਵਾਰ ਦੀ ੧੩ਵੀਂ ਪਉੜੀ ਵਿੱਚ ਭਾਈ ਗੁਰਦਾਸ ਜੀ ਨੇ ਬਹੁਤ ਵਧੀਆ ਵੀਚਾਰ ਦਿੱਤੇ ਹਨ: –

ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਥਾ ਕਹਾਣੀ ॥
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ ॥
ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਕਮਾਣੀ ॥
ਮਾਂ ਪਿਉ ਪਰਹਰਿ ਨਾਵ੍ਹਣਾ ਅਠਸਠਿ ਤੀਰਥ ਘੁੰਮਣ ਵਾਣੀ ॥
ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ ॥
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਜੰਮੈ ਭਰਮਿ ਭੁਲਾਣੀ ॥
ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥ (੩੭)

ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਵੇਦ ਸੁਣਦਾ ਫਿਰੇ, ਸਮਝੋ ਉਸ ਨੇ ਕਥਾ-ਕਹਾਣੀਆਂ ਦਾ ਭੇਦ ਨਹੀਂ ਸਮਝਿਆ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਜੰਗਲਾਂ ਵਿੱਚ ਤੱਪ ਕਰੇ, ਤਾਂ ਉਹ ਭੁੱਲਿਆ ਫਿਰਦਾ ਹੈ, ਚਾਹੇ ਉਹ ਸ਼ਮਸ਼ਾਨਾਂ ਵਿੱਚ ਹੀ ਫਿਰਦਾ ਰਹੇ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਦੇਵੀ-ਦੇਵਤਿਆਂ ਦੀ ਪੂਜਾ ਕਰੇ, ਤਾਂ ਉਸ ਦੀ ਕਮਾਈ ਹੋਈ ਸੇਵਾ ਕਿਸੇ ਲੇਖੇ ਨਹੀਂ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ੬੮ ਤੀਰਥਾਂ ਦਾ ਇਸ਼ਨਾਨ ਵੀ ਕਰੇ, ਤਾਂ ਉਹ ਭਟਕਣ ਤੋਂ ਇਲਾਵਾ ਹੋਰ ਕੁੱਝ ਨਹੀਂ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਦਾਨ ਕਰੇ, ਉਹ ਬੇਈਮਾਨ ਤੇ ਅਗਿਆਨੀ ਜੀਵ ਹੈ । ਮਾਂ-ਪਿਉ ਦਾ ਤਿਆਗ ਕਰ ਕੇ ਜੇ ਕੋਈ ਵਰਤ ਆਦਿ ਕਰੇ, ਤਾਂ ਉਹ ਮੁੜ-ਮੁੜ ਕੇ ਜੰਮਦਾ-ਮਰਦਾ ਰਹਿੰਦਾ ਹੈ ਤੇ ਭਰਮ ਵਿੱਚ ਭੁੱਲਿਆ ਫਿਰਦਾ ਹੈ । ਐਸਾ ਵਿਅਕਤੀ ਗੁਰੂ ਤੇ ਪਰਮੇਸ਼ਵਰ ਦੀ ਸਾਰ ਨਹੀਂ ਜਾਣਦਾ ।

ਮਾਂ-ਪਿਉ ਦਾ ਤਿਆਗ ਕਰਨ ਵਾਲੇ ਤਾਂ ਬਹੁਤ ਹਨ, ਪਰ ਕੋਈ ਵਿਰਲਾ ਹੀ ਸਰਵਣ ਕੁਮਾਰ ਵਰਗਾ ਪੁੱਤਰ ਬਣਦਾ ਹੈ । ਭਾਈ ਗੁਰਦਾਸ ਜੀ ਨੇ ਬਿਲਕੁਲ ਸਹੀ ਕਿਹਾ ਹੈ: –

ਹੋਵੈ ਸਰਵਣ ਵਿਰਲਾ ਕੋਈ ॥੧੧॥