ਆਸਾ ਰੱਖਣਾ ਹੀ ਸਭ ਤੋਂ ਵੱਡਾ ਦੁੱਖ ਹੈ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਅਵਧੂਤ ਦੱਤਾਤ੍ਰੇਅ ਜੀ ਨੇ ਰਾਜਾ ਯਦੂ ਨੂੰ ਉਪਦੇਸ਼ ਕਰਦਿਆਂ ਆਖਿਆ ਸੀ: –

ਆਸ਼ਾ ਹਿ ਪਰਮਮ ਦੁਖਮ
ਨੈਰਾਸ਼ਯਮ ਪਰਮਮ ਸੁਖਮ॥

ਆਸਾ ਰੱਖਣਾ ਹੀ ਸਭ ਤੋਂ ਵੱਡਾ ਦੁੱਖ ਹੈ ਤੇ ਆਸਾ-ਰਹਿਤ ਹੋਣਾ ਹੀ ਸਭ ਤੋਂ ਵੱਡਾ ਸੁੱਖ ਹੈ ।

ਗੱਲ ਬੜੀ ਡੂੰਘੀ ਹੈ।

ਕਿਸੀ ਵਸਤੂ ਆਦਿ ਦੀ ਆਸਾ ਕਰਦੇ-ਕਰਦੇ, ਜੇ ਉਹ ਮਿਲ ਵੀ ਜਾਏ, ਤਾਂ ਮਨ ਆਖਦਾ ਹੈ ਕਿ ਇਸ ਵਿੱਚ ਖ਼ਾਸ ਕੀ? ਇਹ ਤਾਂ ਮਿਲਣੀ ਹੀ ਸੀ । ਇਸ ਦੀ ਤਾਂ ਪਹਿਲਾਂ ਤੋਂ ਹੀ ਪੂਰੀ ਪੂਰੀ ਆਸ ਸੀ । ਅਖੌਤੀ ਸੁੱਖ ਮਿਲਣ ਨਾਲ ਵੀ ਅੰਦਰੋਂ ਖ਼ੁਸ਼ੀ ਨਾ ਹੋਈ ਵਰਗੀ ਹੀ ਹੋਈ।

ਕਿਸੀ ਵਸਤੂ ਆਦਿ ਦੀ ਆਸਾ ਕਰਦੇ-ਕਰਦੇ, ਜੇ ਉਹ ਨਾ ਮਿਲੀ, ਤਾਂ ਦੁੱਖ ਹੀ ਦੁੱਖ ਮਹਿਸੂਸ ਹੁੰਦਾ ਹੈ । ਮਨ ਆਖਦਾ ਹੈ ਕਿ ਮੈਂ ਇੰਨੀ ਆਸ ਲਗਾ ਕੇ ਬੈਠਾ ਸੀ। ਇਹ ਤਾਂ ਮੇਰਾ ਹੱਕ ਸੀ । ਦੁੱਖ ਹੈ, ਬਹੁਤ ਦੁੱਖ ਹੈ ਕਿ ਇਹ ਮੈਨੂੰ ਨਹੀਂ ਮਿਲੀ।

ਜੇ ਕਿਸੇ ਵਸਤੂ ਆਦਿ ਦੀ ਆਸਾ ਕੀਤੀ ਹੀ ਨਾ ਗਈ ਹੋਏ, ਤੇ ਉਹ ਵਸਤੂ ਨਾ ਮਿਲੇ, ਤਾਂ ਦੁੱਖ ਕੇਹਾ? ਅਤੇ, ਜੇ ਕਿਸੀ ਵਸਤੂ ਆਦਿ ਦੀ ਆਸ ਕੀਤੀ ਹੀ ਨਾ ਗਈ ਹੋਏ, ਫਿਰ ਵੀ ਉਹ ਮਿਲ ਜਾਏ, ਤਾਂ ਕੀ ਕਹਿਣਾ ! ਆਸ ਨਾ ਕੀਤੀ, ਨਿਰ-ਆਸ ਰਹੇ, ਤੇ ਦੁੱਖ ਤੋਂ ਬਚੇ ਰਹੇ ।