ਯੂ. ਐੱਨ. ਮਿਸ਼ਨ ‘ਤੇ ਹਮਲਾ

ਫਲੋਰੀਡਾ ਦੇ ਇੱਕ ਛੋਟੇ ਜਿਹੇ ਚਰਚ ਵਿੱਚ ਇੱਕ ਅਮਰੀਕਨ ਇਵੈਨ੍ਜਲੀਕਲ ਇਸਾਈ ਪ੍ਰਚਾਰਕ ਵੱਲੋਂ ਮੁਸਲਮਾਨਾਂ ਦੇ ਧਰਮ-ਗ੍ਰੰਥ ਕੁਰਾਨ ਨੂੰ ਕੇਰੋਸੀਨ ਵਿੱਚ ਡੁਬਾ ਕੇ ਸਾੜ ਦੇਣ ਦੀ ਘਟਨਾ ਤੋਂ ਭੜਕੇ ਹੋਏ ਹਜਾਰਾਂ ਮੁਜ਼ਾਹਰਾਕਾਰੀਆਂ ਨੇ ਸ਼ੁਕਰਵਾਰ, ਅਪ੍ਰੈਲ ੦੧, ੨੦੧੧ ਨੂੰ ਸੰਯੁਕਤ ਰਾਸ਼ਟਰ (United Nations) ਦੇ ਅਫਗਾਨਿਸਤਾਨ ਦੇ ਸ਼ਹਿਰ ਮਜਾਰ-ਏ-ਸ਼ਰੀਫ਼ ਵਿੱਚ ਸਥਿੱਤ ਇੱਕ ਮਹੱਤਵਪੂਰਣ ਮਿਸ਼ਨ ‘ਤੇ ਹਮਲਾ ਕਰਕੇ ਮਿਸ਼ਨ ਦੇ ੭ ਕਾਮਿਆਂ ਦਾ ਕਤਲ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ੨ ਕਾਮਿਆਂ ਦਾ ਕਤਲ ਉਨ੍ਹਾਂ ਦੇ ਸਿਰ ਉਨ੍ਹਾਂ ਦੇ ਧੜਾਂ ਤੋਂ ਅਲੱਗ ਕਰ ਕੇ ਕੀਤਾ ਗਿਆ |

ਮਜਾਰ-ਏ-ਸ਼ਰੀਫ਼ ਵਿੱਚ ਸਥਿੱਤ ਇਹ ਮਿਸ਼ਨ ਅਫ਼ਗ਼ਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਮਹੱਤਵਪੂਰਣ ਕੰਮਾਂ ਦੀ ਨਿਗਰਾਨੀ ਕਰਦਾ ਹੈ | ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਮਿਸ਼ਨ ਦੇ ਬਾਕੀ ਬਚੇ ਕਾਮਿਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਹੈ | ਸਪਸ਼ਟ ਹੈ ਕਿ ਇਸ ਨਾਲ ਮਿਸ਼ਨ ਦੇ ਕੰਮਾਂ ਵਿੱਚ ਖੜੋਤ ਆ ਜਾਏਗੀ, ਹਾਲਾਂਕਿ ਮਿਸ਼ਨ ਨੂੰ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ |

ਕੁਰਾਨ ਨੂੰ ਸਾੜਨ ਦੀ ਘਟਨਾ ਮਾਰਚ ੨੦, ੨੦੧੧ ਨੂੰ ਫਲੋਰੀਡਾ ਦੇ ਡਵ ਵਲ੍ਡ ਆਉਟਰੀਚ ਸੈਂਟਰ ਵਿੱਚ ਵਾਪਰੀ | ਇੱਕ ਅਤਿ ਨਾਟਕੀ ਘਟਨਾਕ੍ਰਮ ਵਿੱਚ ਕੁਰਾਨ ‘ਤੇ ਮੁਕੱਦਮਾ ਚਲਾਉਣ ਦਾ ਪਾਖੰਡ ਰਚਿਆ ਗਿਆ | ਡਾ ਟੈਰੀ ਜੋਨਸ ਨੇ ਜੱਜ ਦੀ ਭੂਮਿਕਾ ਨਿਭਾਉਣ ਦੀ ਜੁਅਰੱਤ ਕੀਤੀ |

ਟੈਕਸਾਸ ਤੋਂ ਆਏ ਸ਼ੇਖ ਇਮਾਮ ਮੋਹੰਮਦ ਅਲ ਹਸਨ ਨੇ ਕੁਰਾਨ ਸੰਬੰਧੀ ਇਸਲਾਮਿਕ ਪੱਖ ਰਖਿਆ | ਪੰਜ ਘੰਟੇ ਚੱਲੇ ਇਸ ਡਰਾਮੇ ਦੇ ਅਖੀਰ ਵਿੱਚ ਕੁਰਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਕੁਰਾਨ ਨੂੰ ਸਾੜ ਦਿੱਤੇ ਜਾਣ ਦਾ ਹੁਕਮ ਚਾੜ੍ਹ ਦਿੱਤਾ ਗਿਆ |

ਵਿਸ਼ਵ ਭਰ ਵਿੱਚ ਮੁਸਲਮਾਨਾਂ ਦੇ ਦਿਲਾਂ ਨੂੰ ਦੁਖੀ ਕਰ ਦੇਣ ਵਾਲੇ ਇਸ ਡਰਾਮੇ ਦਾ ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਪ੍ਰਸਾਰਣ ਕੀਤਾ ਗਿਆ | ਇਸ ਡਰਾਮੇ ਦਾ ਦੁੱਖਦਾਈ ਪੱਖ ਇਹ ਰਿਹਾ ਕਿ ਕੁਰਾਨ ਨੂੰ ਬਾਕਾਇਦਾ ਮਿੱਟੀ ਦੇ ਤੇਲ ਵਿੱਚ ਡੁਬਾ ਕੇ ਅੱਗ ਲਗਾ ਦਿੱਤੀ ਗਈ, ਭਾਵੇਂਕਿ ਸਿੱਧਾ ਪ੍ਰਸਾਰਣ ਵਿਖਾਉਣ ਵਾਲੇ ਟੈਲੀਵਿਜ਼ਨ ਚੈਨਲ ਨੇ ਕੁਰਾਨ ਨੂੰ ਅੱਗ ਹਵਾਲੇ ਕਰਨ ਵਾਲੇ ਪਲਾਂ ਦਾ ਪ੍ਰਸਾਰਣ ਨਹੀਂ ਕੀਤਾ |

ਅਫਗਾਨਿਸਾਨ ਦੇ ਕੁੱਝ ਹੋਰਨਾਂ ਸ਼ਹਿਰਾਂ ਵਾਂਗ ਮਜ਼ਾਰ-ਏ-ਸ਼ਰੀਫ਼ ਵਿੱਚ ਵੀ ਹਜ਼ਾਰਾਂ ਲੋਕਾਂ ਨੇ ਕੁਰਾਨ ਨੂੰ ਸਾੜਨ ਦੀ ਇਸ ਘਟਨਾ ਖਿਲਾਫ ਭਾਰੀ ਮੁਜਾਹਰਾ ਕੀਤਾ | ਮੁਜਾਹਰੇ ਦੌਰਾਨ ਭੜਕੇ ਹੋਏ ਕੁਝ ਅਨਸਰਾਂ ਨੇ ਸੰਯੁਕਤ ਰਾਸ਼ਟਰ ਮਿਸ਼ਨ ਦੇ ਕੁਝ ਸੁਰੱਖਿਆ ਕਰਮਚਾਰੀਆਂ ਨੂੰ ਕਾਬੂ ਕਰ ਕੇ ਮਿਸ਼ਨ ਦੀ ਇਮਾਰਤ ‘ਤੇ ਹਮਲਾ ਬੋਲ ਦਿੱਤਾ ਗਿਆ | ਬੇਕਾਬੂ ਹੋਏ ਮੁਜ਼ਾਹਰਾਕਾਰੀਆਂ ਨੇ ਸੰਯੁਕਤ ਰਾਸ਼ਟਰ ਦੇ ਚਾਰ ਸੁਰੱਖਿਆ ਕਰਮਚਾਰੀਆਂ ਸਮੇਤ ੭ ਕਰਮੀਆਂ ਦੀ ਹੱਤਿਆ ਕਰ ਦਿੱਤੀ | ਮਾਰੇ ਗਏ ਚਾਰ ਸੁਰੱਖਿਆ ਕਰਮਚਾਰੀ ਨੇਪਾਲੀ ਮੂਲ ਦੇ ਦੱਸੇ ਜਾਂਦੇ ਹਨ | ਮਾਰੇ ਗਏ ਬਾਕੀ ਕਰਮੀ ਵੀ ਵਿਦੇਸ਼ੀ ਹੀ ਸਨ |

ਮਾਰੇ ਗਏ ਸੰਯੁਕਤ ਰਾਸ਼ਟਰ ਦੇ ਕਿਸੇ ਵੀ ਕਰਮਚਾਰੀ ਦਾ ਫਲੋਰੀਡਾ ਦੇ ਡਵ ਵਲ੍ਡ ਆਉਟਰੀਚ ਸੈਂਟਰ ਨਾਲ ਕੋਈ ਵੀ ਨਾਤਾ ਨਹੀਂ ਸੀ | ਸੰਯੁਕਤ ਰਾਸ਼ਟਰ ਦਾ ਇਹ ਮਿਸ਼ਨ ਅਫ਼ਗਾਨੀ ਲੋਕਾਂ ਦੀ ਮਦਦ ਲਈ ਹੀ ਸਥਾਪਿਤ ਕੀਤਾ ਗਿਆ ਹੈ ਤੇ ਇੰਝ ਇਸ ਮਿਸ਼ਨ ਦੇ ਕਰਮਚਾਰੀ ਅਫ਼ਗਾਨੀ ਲੋਕਾਂ ਦੀ ਹੀ ਮਦਦ ਕਰ ਰਹੇ ਸਨ |

ਅਮਰੀਕਾ ਦੇ ਫਲੋਰੀਡਾ ਵਿੱਚ ਕੁਰਾਨ ਜਲਾਏ ਜਾਣ ਦੀ ਘਟਨਾ ਇਸਲਾਮੀ ਜਗਤ ਲਈ ਯਕੀਨਨ ਹੀ ਦੁੱਖਦਾਈ ਹੈ | ਇਸ ਦੇ ਨਾਲ ਹੀ, ਮਜ਼ਾਰ-ਏ-ਸ਼ਰੀਫ਼ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ ‘ਤੇ ਸੋਚ-ਵਿਹੂਣੇ ਅਨਸਰਾਂ ਵੱਲੋਂ ਹਮਲਾ ਕਰ ਕੇ ਇਸ ਦੇ ਕਰਮਚਾਰੀਆਂ ਦਾ ਕਤਲ ਕੀਤਾ ਜਾਣਾ ਵੀ ਮਨੁੱਖਤਾ ਵਿਰੋਧੀ ਕਾਇਰਾਨਾ ਕੰਮ ਹੈ, ਜਿਸ ਦੀ ਨਿਖੇਧੀ ਕੀਤੀ ਹੀ ਜਾਣੀ ਚਾਹੀਦੀ ਹੈ |

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’