ਪ੍ਰਮਾਤਮਾ ਦੀ ਕ੍ਰਿਪਾ

(ਸਵਰਗੀ ਗਿਆਨੀ ਨਾਨਕ ਸਿੰਘ ‘ਰਿਸ਼ੀ’)

ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਸ ਦੀ ਕ੍ਰਿਪਾਲਤਾ ਨਾਲ ਸਾਨੂੰ ਮਾਨਸ ਜਨਮ ਪ੍ਰਾਪਤ ਹੋਇਆ ਹੈ । ਜਿਸ ਦੀ ਕ੍ਰਿਪਾ ਨਾਲ ੮੪ ਲੱਖ ਜੂਨਾਂ ਵਿਚੋਂ (ਭਾਈ ਗੁਰਦਾਸ –  ਚੌਰਾਸੀ ਲਖ ਜੂਨ ਵਿਚ ਉਤਮ ਜਨਮ ਸੁ ਮਾਨਸ ਦੇਹੀ।) ਮਾਨਸ ਜਨਮ ਨੂੰ ਵਡਿਆਈ ਮਿਲੀ ਹੈ । ਜਿਸ ਦੀ ਮੇਹਰ ਨਾਲ ਪੁਰਸ਼ ਨੂੰ ਪ੍ਰਮਾਰਥਕ ਅਤੇ ਸੁਆਰਥਕ ਸੁਖਾਂ ਦਾ ਗਿਆਨ ਹੋਇਆ ਹੈ । ਜਿਸ ਨੇ ਰਹਿਮ ਕਰ ਕੇ ਕੰਚਨ ਵਤ ਅਰੋਗ ਦੇਹੀ ਬਖ਼ਸ਼ ਕੇ ਸਾਡੇ ਤੇ ਬੜਾ ਭਾਰੀ ਉਪਕਾਰ ਕੀਤਾ ਹੈ । ਹੋਰ ਬੇਅੰਤ ਸੁਖ ਦਿਤੇ ਹਨ । ਜਿਸ ਦੇ ਬਦਲੇ ਸਵਾਸ-ਸਵਾਸ ਸਾਨੂੰ ਵਾਹਿਗੁਰੂ ਦੇ ਧੰਨਯਵਾਦੀ ਬਣਨਾ ਚਾਹੀਦਾ ਹੈ, ਪ੍ਰੰਤੂ ਉਲਟ ਇਸ ਦੇ, ਅਸੀ ਇਹ ਕਹਿ ਕੇ, ‘ਕਰੇ ਕਰਾਏ ਆਪੇ ਆਪ’ (ਜੋ ਕਿ ਗੁਰਬਾਣੀ ਨਹੀ ਹੈ) ਢੇਰੀ ਢਾਹ ਦਿੰਦੇ ਹਾਂ । ਸੁਖ ਦੁਖ ਵਾ ਜੋ ਕੰਮ ਹੈ, ਉਹ ਪ੍ਰਮਾਤਮਾ ਦੇ ਅਧੀਨ ਹੈ ਖੋਜ ਕਰਨੋ ਹਟ ਹਥ ਤੇ ਹਥ ਧਰ ਕੇ ਬੈਠ ਜਾਂਦੇ ਹਾਂ, ਪ੍ਰੰਤੂ ‘ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ’ ਸੁਨਹਿਰੀ ਕਥਨ ਨੂੰ ਛਿਕੇ ਤੇ ਟੰਗ ਬਿਪਤਾ ਨੂੰ ਪਏ ‘ਵਾਜਾਂ ਮਾਰਦੇ ਹਾਂ ।

ਯਾਦ ਰਖੋ, ਪਰਜਾ ਦੇ ਸੁਖਾਂ ਵਾਸਤੇ ਬਾਦਸ਼ਾਹਾਂ ਨੇ ਕਾਨੂੰਨ ਘੜ ਰਖੇ ਹਨ । ਅਪਰਾਧਾਂ ਦੀ ਸਜ਼ਾ ਲਈ ਅੰਗ (ਦਫ਼ਾ) ਬਣਾ ਦਿੱਤੇ। ਉਨ੍ਹਾਂ ਦੇ ਅਨੁਸਾਰ ਜੋ ਭੀ ਕੋਈ ਨੀਚ ਕਰਮ ਕਰਦਾ ਹੈ, ਉਸ ਦਫ਼ਾ ਅਨੁਸਾਰ ਉਹ ਦੰਡ ਦਾ ਭਾਗੀ ਹੁੰਦਾ ਹੈ । ਭਲਾ ਦੱਸੋ ਤਾਂ, ਇਹ ਕਹਿ ਕੇ ਕੋਈ ਪੁਰਸ਼ ਛੁਟਕਾਰਾ ਪਾ ਸਕਦਾ ਹੈ ਕਿ ਮੈਨੂੰ ਇਸ ਕਾਨੂੰਨ ਦਾ ਉੱਕਾ ਪਤਾ ਨਹੀ ਸੀ, ਨਹੀ ਤਾਂ ਮੈਂ ਕਦੇ ਪਾਪ ਨਾ ਕਰਦਾ? ਕਦਾਚਿਤ ਨਹੀਂ । ਬਾਜਵਾਬ ਹਾਕਮ ਕਹੇਗਾ, “ਸਰਕਾਰ ਨੇ ਕਾਨੂੰਨ ਲੁਕਾ ਛਿਪਾ ਕੇ ਨਹੀਂ ਰੱਖੇ । ਕਿਤਾਬਾਂ ਵਿਚ ਦਰਜ ਹੈਨ । ਹਰ ਕੋਈ ਵੇਖ ਵਿਖਾ ਸਕਦਾ ਹੈ । ਇਸ ਦਾ ਜਾਣੂ ਹੋਣਾ ਤੇਰਾ ਫ਼ਰਜ਼ (ਧਰਮ) ਹੈ ।”

ਜੇ ਕੋਈ ਆਦਮੀ ਖ਼ੂਨ ਕਰਕੇ ਫ਼ਾਂਸੀ ਚੜ੍ਹਨ ਲੱਗਾ ਇਹ ਗੱਲ ਆਖੇ ਕਿ ਮੇਰੇ ਸਾਥ ਬੇਇਨਸਾਫ਼ੀ (ਅਨਯਾਇ) ਹੋਇਆ ਹੈ, ਤਾਂ ਸਿਆਣਾ ਪੁਰਸ਼ ਉਸ ਨੂੰ ਇਹ ਆਖੇਗਾ, “ਸਹੁ ਵੇ ਜੀਆ ਅਪਣਾ ਕੀਆ” । ਇਸ ਤੋਂ ਸਿੱਧ ਹੋਇਆ ਕਿ ਜੀਵ ਦੁਖ ਸੁਖ ਕਰਮਾਂ ਅਨੁਸਾਰ ਹੀ ਭੋਗਦਾ ਹੈ । ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਵਿਰਤੀ ਕਰਨੀ – ਇਹ ਪੁਰਸ਼ ਦੇ ਗਿਆਨ ਤੇ ਨਿਰਭਰ ਹੈ । ਜੈਸੇ, ਹਨੇਰੇ ਘਰ ਲਈ ਦੀਵਾ ਬਣਿਆ ਹੋਇਆ ਹੈ । ਜੇ ਕਰ ਕੋਈ ਨਾ ਜਗਾਏ, ਤਾਂ ਕਿਸ ਦਾ ਦੋਸ਼? “ਦੀਵਾ ਬਲੈ ਅੰਧੇਰਾ ਜਾਇ”, “ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ”, “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ” ਵਗੈਰਾ ।

ਆਪ ਪੁਰਸ਼ਾਰਥ ਕਰੋ । ਹਰ ਗੱਲ ਪ੍ਰਮਾਤਮਾ ਤੇ ਨਾ ਭੰਨੋ । ਕਈ ਤੁਰੀਆ ਪਦ ਦੀਆਂ ਗੱਲਾਂ ਉਚ ਪਦ ਦੇ ਪੁਰਸ਼ਾਂ ਪਰਥਾਏ ਹੈਨ, ਜੋ ਦੁਖ ਸੁੱਖ ਦੋਨੋ ਸਮ ਕਰ ਜਾਣੈ, ਸੋਰਠ ਮਹਲਾ ੯  ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ” । ਪੁਰਸ਼ਾਰਥ ਕਰਨੇ ਕਰ ਹਰ ਚੀਜ਼ ਨੂੰ ਮਾਨਸ਼ ਪ੍ਰਾਪਤ ਕਰ ਸਕਦਾ ਹੈ । ਹਰ ਕੰਮ ਵਿਚ ਪੂਰਨ ਸਫਲਤਾ ਪ੍ਰਾਪਤ ਕਰ ਸਕਦਾ ਹੈ ।

ਜੈਸੇ, ਤੁਹਾਡੇ ਪਿੰਡ ਵਿੱਚ ਯਾ ਘਰ ਵਿੱਚ ਚੋਰ ਯਾਂ ਸ਼ੇਰ, ਹਲਕਾ ਕੁੱਤਾ ਆਣ ਵੜੇ, ਤਾਂ ਤੁਸੀਂ ਸੋਟੇ, ਸ਼ਸਤਰ ਲੈ ਕੇ ਉਨ੍ਹਾਂ ਦੇ ਮਗਰ ਹੋ ਜਾਂਦੇ ਹੋ । ਜੋ ਸੁੱਤੇ ਰਹਿਣ, ਆਲਸ ਕਰਨ ਤੇ ਉਹ ਨੁਕਸਾਨ ਉਠਾਂਦੇ ਹਨ । ਜੋ ਮਗਰ ਪਏ, ਆਪਣੀ ਬੁੱਧ ਅਨੁਸਾਰ, ਉਹ ਸਫਲ ਹੋਏ ਤੇ ਸੁੱਖ ਦਾ ਜੀਵਨ ਬਤੀਤ ਕਰਦੇ ਹਨ । ਅਨੇਕ ਮਿਸਾਲਾਂ, ਉਦਾਹਰਣ ਹਨ । ਜੈਸੇ, ੧. ਬੀਮਾਰ ਪੁਰਸ਼ ਨੂੰ ਦਵਾਈ, ੨. ਭੁੱਖੇ ਨੂੰ ਰੋਟੀ, ੩. ਤਿਹਾਏ ਨੂੰ ਪਾਣੀ, ੪. ਨੰਗੇ ਨੂੰ ਕਪੜਾ ਵਗੈਰਾ ।

ਮੇਰੀ ਉਪਰੋਕਤ ਵੀਚਾਰ ਤੋਂ ਇਹ ਭਾਵ ਨਹੀਂ ਕਿ ਵਾਹਿਗੁਰੂ, ‘ਰੱਬ’ ਦੇ ਹੱਥ ਵਿੱਚ ਹੀ ਕੁੱਝ ਨਹੀਂ । ਉਹ ਤਾਂ ਸ਼ਕਤੀਮਾਨ ਹੈ, ਜਥਾ ਕਰਮ, ਤਥਾ ਫਲ ਦੇਣ ਵਾਲਾ ਹੈ । “ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ”, “ਜਲ ਤੇ ਥਲ ਕਰਿ ਥਲ ਤੇ ਕੂੰਆ, ਕੂਪ ਤੇ ਮੇਰੁ ਕਰਾਵੈ ॥” “ਰੀਤੇ ਭਰੇ  ਭਰੇ ਸਖਨਾਵੈ”

ਜੈਸੇ, ਸੂਲੀ ਤੋਂ ਸੂਲ ਕਰ ਦੇਵੇ ਵਾ ਜਿਸ ਪ੍ਰਕਾਰ ਰਹਿਮ ਦੀ ਅਰਜ਼ੀ ਕਰਨ ਨਾਲ ਕਈ ਵਾਰੀ ਖ਼ੂਨੀ ਪੁਰਸ਼ ਭੀ ਛੱਡੇ ਜਾਂਦੇ ਹਨ, ਪ੍ਰੰਤੂ ਹਰ ਇਕ ਖ਼ੂਨੀ ਨੂੰ ਇਹ ਛੋਟ ਨਹੀਂ ਮਿਲਦੀ । ਐਸਾ ਮੂਰਖ ਕੌਣ ਹੈ ਜੋ ਇਹ ਸਮਝ ਲਏ ਕਿ ਮੇਰਾ ਮਿੱਤਰ ਤਾਂ ਬੜਾ ਲਾਇਕ ਡਾਕਟਰ ਹੈ । ਜੇ ਕਦੇ ਮੈਂ ਜ਼ਹਿਰ ਖਾ ਲਵਾਂ, ਮਹੁਰਾ ਖਾ ਲਵਾਂ, ਤੇ ਡਾਕਟਰ ਬਚਾ ਲਏਗਾ । ਕੋਈ ਡਰ ਨਹੀਂ । ਪ੍ਰੰਤੂ ਇਸ ਤਰ੍ਹਾਂ ਕਰਦਾ ਕੋਈ ਨਹੀਂ । ਇਸੇ ਪ੍ਰਕਾਰ, ਸਾਨੂੰ ਬੁਰੇ ਕਰਮ ਤਿਆਗ ਕੇ ਸ਼ੁਭ ਕੰਮ ਕਰਨੇ ਚਾਹੀਦੇ ਹਨ, ਜਿਸ ਕਰ ਕੇ ਸਾਨੂੰ ਸੰਸਾਰ ਵਿੱਚ ਸੁੱਖ ਮਿਲੇ ਤੇ ਪ੍ਰਲੋਕ ਵਿੱਚ ਸੁਰਖ਼ਰੂ ਹੋਈਏ ।