ਮਾਈ ਭਾਗਭਰੀ ਜੀ

(ਲੇਖਕ ਸੋਢੀ ਤੇਜਾ ਸਿੰਘ ਜੀ ਦੀ ਪੁਸਤਕ ‘ਸੋਢੀ ਚਮਤਕਾਰ’, ਵਿੱਚੋਂ ਧੰਨਵਾਦ ਸਹਿਤ) ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਢੀ ਮਾਧੋਦਾਸ ਨੁੰ ਗੁਰਸਿਖੀ ਦਾ ਪ੍ਰਚਾਰ ਕਰਨ ਵਾਸਤੇ ਕਸ਼ਮੀਰ ਭੇਜਆ ਸੀ । ਸੋ ਉਸ ਨੇ ਸਿਖੀ ਦਾ ਬਹੁਤ ਪ੍ਰਚਾਰ ਕਰਕੇ ਗੁਰਸਿਖੀ ਫੈਲਾਈ ਅਤੇ ਇਕ ਧਰਮਸ਼ਾਲਾ ਬਣਵਾਕੇ ਕਥਾ ਕੀਰਤਨ ਅਤੇ ਸਤਿਸੰਗ ਦੀ ਮਰਯਾਦਾ ਚਲਾਈ ।

ਇਕ ਸੇਵਾਦਾਸ ਬ੍ਰਾਹਮਣ ਗੁਰੂ ਘਰ ਦਾ ਬਹੁਤ ਸ਼ਰਧਾਵਾਨ ਸਿਖ ਹੋ ਗਿਆ । ਸੇਵਾਦਾਸ ਕੜਾਹ ਪ੍ਰਸਾਦਿ ਦੀ ਦੇਗ਼ ਕਰਕੇ ਧਰਮਸਾਲਾ ਵਿਚ ਜੋੜ ਮੇਲੇ ਕਰਾਉਂਦਾ ਅਤੇ ਸੰਗਤ ਦੀ ਸੇਵਾ ਕਰਕੇ ਬਹੁਤ ਪ੍ਰਸੰਨ ਹੁੰਦਾ । ਸੇਵਾਦਾਸ ਦੀ ਮਾਂ ਨੇ ਜਦ ਆਪਣੇ ਪੁਤਰ ਦੀ ਇਤਨੀ ਸ਼ਰਧਾ ਵੇਖੀ, ਤਾਂ ਉਹ ਵੀ ਗੁਰੂ ਜਸ ਸੁਣ ਕੇ ਗੁਰੂ ਘਰ ਦੀ ਪ੍ਰੇਮਣ ਹੋ ਗਈ ਅਤੇ ਰਾਤ ਦਿਨ ਗੁਰੂ ਗੁਰੂ ਕਰਨ ਲਗੀ।

ਇਕ ਦਿਨ ਸੇਵਾਦਾਸ ਦੀ ਮਾਤਾ ਨੇ, ਜਿਸ ਦਾ ਨਾਮ ਭਾਗਭਰੀ ਸੀ, ਆਪਣੇ ਪੁਤਰ ਨੂੰ ਪੁਛਿਆ ਕਿ ਮੇਰਾ ਬਿਰਧ ਸਰੀਰ ਹੋ ਗਿਆ ਹੈ । ਮੈਂ ਦੂਰ ਪੰਜਾਬ ਦੇਸ਼ ਜਾ ਕੇ ਗੁਰੂ ਜੀ ਦੇ ਦਰਸ਼ਨ ਕਿਸ ਤਰ੍ਹਾਂ ਕਰਾਂ ? ਮੈਨੂੰ ਗੁਰੂ ਜੀ ਦੇ ਦਰਸ਼ਨ ਦੀ ਬੜੀ ਤਾਂਘ ਹੈ ।

ਸੇਵਾਦਾਸ ਨੇ ਕਿਹਾ, “ਮਾਤਾ ਜੀ, ਤੁਸੀਂ ਆਪਣੇ ਹਿਰਦੇ ਵਿਚ ਗੁਰੂ ਜੀ ਦਾ ਧਿਆਨ ਅਤੇ ਯਾਦ ਰਖੋ । ਗੁਰੂ ਅੰਤਰਜਾਮੀ ਹਨ । ਉਹ ਆਪਣੇ ਪ੍ਰੇਮੀਆਂ ਦਾ ਪ੍ਰੇਮ ਜ਼ਰੂਰ ਪੂਰਾ ਕਰਦੇ ਹਨ । ਕਦੀ ਨਾ ਕਦੀ ਏਥੇ ਹੀ ਆਣ ਕੇ ਦਰਸ਼ਨ ਦੇਣਗੇ ।”

ਸੇਵਾਦਾਸ ਦੀ ਗਲ ਸੁਣ ਕੇ ਮਾਈ ਭਾਗਭਰੀ ਨੇ ਪ੍ਰਣ ਕਰ ਲਿਆ ਕਿ ਮੈਂ ਅਜ ਤੋਂ ਹੀ ਸੂਤ ਕੱਤਣਾ ਆਰੰਭ ਕਰ ਦੇਂਦੀ ਹਾਂ ਅਤੇ ਇਸ ਸੂਤ ਦਾ ਕਪੜਾ ਉਣ ਕੇ ਗੁਰੂ ਜੀ ਵਾਸਤੇ ਜਾਮਾ ਸਿਊਂ ਕੇ ਤਿਆਰ ਰਖਾਂਗੀ । ਜਦ ਵੀ ਗੁਰੂ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣਗੇ, ਤਾਂ ਮੈਂ ਇਹ ਜਾਮਾ ਆਪ ਜੀ ਨੂੰ ਭੇਟਾ ਕਰਾਂਗੀ । ਆਸ ਹੈ ਗੁਰੂ ਜੀ ਮੇਰੀ ਇਹ ਇੱਛਾ ਛੇਤੀ ਹੀ ਪੂਰੀ ਕਰਨਗੇ । ਸੋ ਇਸ ਸ਼ਰਧਾ ਨੂੰ ਮੁਖ ਰਖ ਕੇ ਮਾਈ ਨੇ ਸੂਤ ਕੱਤ ਕੇ ਕਪੜਾ ਉਣਾਇਆ ਅਤੇ ਜਾਮਾ ਤਿਆਰ ਕਰਕੇ ਰਾਤ ਦਿਨ ਗੁਰੂ ਜੀ ਦੀ ਅਰਾਧਨਾ ਕਰਨ ਲਗੀ। ਮਾਈ ਦੀ ਅਰਾਧਨਾ ਦੀ ਤਾਰ ਗੁਰੂ ਜੀ ਤਕ ਪੁਜ ਗਈ । ਗੁਰੂ ਜੀ ਨੇ ਇਕ ਦਿਨ ਬਾਬਾ ਬੁਢਾ ਆਦਿ ਜੀ ਨੂੰ ਕਿਹਾ, “ਅਸੀਂ ਇਕ ਮਾਈ ਦਾ ਪ੍ਰੇਮ ਪੂਰਾ ਕਰਨ ਕਸ਼ਮੀਰ ਜਾ ਰਹੇ ਹਾਂ, ਜੇਹੜੀ ਰਾਤ ਦਿਨ ਸਾਡੀ ਉਡੀਕ ਕਰ ਰਹੀ ਹੈ ।”

ਭਾਈ ਸੰਤੋਖ ਸਿੰਘ ਲਿਖਦੇ ਹਨ : –

ਦੋਹਰਾ – ਸ੍ਰੀ ਗੁਰੂ ਹਰਿਗੋਵਿੰਦ ਜੀ ਜਾਨੀ ਜਾਨਿ ਸਭਿ ਮਾਹਿ ॥
ਮਮ ਪ੍ਰਤੀਖਨਾ ਕਰਤ ਹੈ ਨਿਸਬਾਸੁਰ ਸੁਖ ਨਾਹਿ ॥1॥

…ਗੁਰੂ ਜੀ ਸਿਰੀ ਨਗਰ ਸ਼ਹਿਰ ਦੇ ਬਾਹਰ ਹਰੀ ਪਰਬਤ ਕਿਲੇ ਦੇ ਕਾਠੀ ਦਰਵਾਜ਼ੇ ਪਾਸ ਪਹੁੰਚ ਗਏ ਅਤੇ ਘੋੜੇ ਤੇ ਚੜ੍ਹੇ ਚੜ੍ਹਾਏ ਹੀ ਸੇਵਾਦਾਸ ਦੇ ਬੂਹੇ ਅਗੇ ਜਾ ਖੜੇ ਹੋਏ । ਘੋੜੇ ਦੇ ਖੁਰਾਂ ਦੀ ਆਵਾਜ਼ ਸੁਣ ਕੇ ਸੇਵਾਦਾਸ ਬਾਹਰ ਆਇਆ । ਗੁਰੂ ਜੀ ਨੂੰ ਵੇਖ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਘੋੜੇ ਤੋਂ ਉਤਾਰ ਕੇ ਆਪਣੇ ਘਰ ਅੰਦਰ ਲੈ ਗਿਆ । ਸੁੰਦਰ ਪਲੰਘ ਉਤੇ ਬਿਰਾਜਮਾਨ ਕਰ ਕੇ ਆਪਣੀ ਮਾਤਾ ਨੂੰ ਦਸਿਆ ਕਿ ਮਾਤਾ ਜੀ, ਜਿਨ੍ਹਾਂ ਨੂੰ ਤੂੰ ਚਿਰ ਤੋਂ ਉਡੀਕ ਰਹੀ ਸੀ, ਉਹ ਗੁਰੂ ਜੀ ਅਜ ਸਾਡੇ ਘਰ ਆਣ ਬਿਰਾਜੇ ਹਨ । ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ ਲੈ ।

ਆਪਣੇ ਪੁਤਰ ਤੋਂ ਇਹ ਖ਼ੁਸ਼ੀ ਦੀ ਗੱਲ ਸੁਣ ਕੇ ਮਾਈ ਨੂੰ ਚਾਅ ਚੜ੍ਹ ਗਿਆ । ਉੱਠ ਕੇ ਗੁਰੂ ਜੀ ਪਾਸ ਆਈ । ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਅਤੇ ਕਿਹਾ, “ਮੈਂ ਬਲਿਹਾਰੀ ਜਾਵਾਂ । ਮੈਂ ਘੋਲੀ ਜਾਵਾਂ । ਆਪ ਜੀ ਨੇ ਨਿਮਾਣੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ।” ਮਾਈ ਨੇ ਫੁਲਾਂ ਦੀ ਸੁੰਦਰ ਮਾਲਾ ਗੁੰਦ ਕੇ ਗੁਰੂ ਜੀ ਨੂੰ ਪਹਿਨਾਈ । ਧੂਪ ਜਗਾਇਆ ਅਤੇ ਪ੍ਰਕਰਮਾਂ ਕਰ ਕੇ ਮੱਥਾ ਟੇਕਿਆ । ਗੁਰੂ ਜੀ ਨੇ ਕਿਹਾ, “ਮਾਈ! ਜਿਹੜਾ ਸਾਡੇ ਵਾਸਤੇ ਤੂੰ ਬਸਤ੍ਰ ਤਿਆਰ ਕੀਤਾ ਹੋਇਆ ਹੈ, ਉਹ ਛੇਤੀ ਲਿਆ । ਅਸੀਂ ਉਸ ਬਸਤ੍ਰ ਨੂੰ ਪਹਿਨਣ ਵਾਸਤੇ ਹੀ ਆਏ ਹਾਂ ।”

ਮਾਈ ਨੇ ਆਪਣੇ ਧੰਨ ਭਾਗ ਸਮਝ ਕੇ ਜਾਮਾ ਲਿਆ ਕੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਪਹਿਨਾਇਆ ਅਤੇ ਪਰੇਮ ਨਾਲ ਸੇਵਾ ਕੀਤੀ । ਗੁਰੂ ਜੀ ਨੇ ਕਿਹਾ, “ਮਾਈ! ਤੂੰ ਸਾਨੂੰ ਆਪਣੇ ਪ੍ਰੇਮ ਨਾਲ ਵੱਸ ਕਰ ਲਿਆ ਹੈ । ਸਾਨੂੰ ਹੋਰ ਕੋਈ ਬਸਤ੍ਰ ਚੰਗਾ ਨਹੀਂ ਲੱਗਦਾ।”

ਮਾਈ ਨੇ ਕਿਹਾ, “ਮਹਾਰਾਜ! ਇਹ ਆਪ ਜੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ । ਮੁਢ ਤੋਂ ਹੀ ਆਪ ਜੀ ਦਾ ਇਹ ਬਿਰਦ ਹੈ । ਤੁਸੀਂ ਹੀ ਰਾਮ ਜੀ ਦੇ ਰੂਪ ਵਿਚ ਭੀਲਣੀ ਦੇ ਜੂਠੇ ਬੇਰ ਖਾਣ ਲਈ ਉਸ ਜੰਗਲ ਵਿਚ ਗਏ ਸੀ । ਤੁਸੀਂ ਹੀ ਕ੍ਰਿਸ਼ਨ ਜੀ ਦੇ ਰੂਪ ਵਿਚ ਪ੍ਰੇਮ ਵਸ ਹੋ ਕੇ ਭਗਤ ਬਿਦਰ ਪਾਸ ਕੇਲਿਆਂ ਦੇ ਛਿਲੜ ਖਾਣ ਗਏ ਸੀ । ਤੁਸੀਂ ਹੀ ਗੁਰੂ ਨਾਨਕ ਜੀ ਦੇ ਰੂਪ ਵਿਚ ਭਾਈ ਲਾਲੋ ਦੇ ਘਰ ਏਮਨਾਬਾਦ ਕੋਧਰੇ ਦੀ ਰੋਟੀ ਖਾਂਦੇ ਰਹੇ ਹੋ । ਅਜ ਇਸ ਰੂਪ ਵਿਚ ਤੁਸੀਂ ਮੈਨੂੰ ਨਿਮਾਣੀ ਨੂੰ ਬਖਸ਼ ਰਹੇ ਹੋ।”

ਮਾਈ ਭਾਗਭਰੀ ਨੇ ਜਦ ਇਸਤਰ੍ਹਾਂ ਪਰੇਮ ਤੇ ਸ਼ਰਧਾ ਦੇ ਵਸ ਹੋ ਕੇ ਗੁਰੂ ਜੀ ਦੇ ਚਰਨਾਂ ਦਾ ਚਰਨਾਂਮ੍ਰਿਤ ਲਿਆ, ਤਾਂ ਮਾਈ ਤ੍ਰੈਕਾਲ ਦਰਸ਼ੀ ਹੋ ਗਈ । ਇਸ ਗੱਲ ਦੀ ਸਾਰੇ ਸ਼ਹਿਰ ਵਿਚ ਚਰਚਾ ਫੈਲ ਗਈ ਕਿ ਮਾਈ ਭਾਗਭਰੀ ਦਾ ਪ੍ਰਣ ਕੀਤਾ ਹੋਇਆ ਗੁਰੂ ਜੀ ਨੇ ਏਡੀ ਦੂਰ ਪੰਜਾਬ ਤੋਂ ਚੱਲ ਕੇ ਪੂਰਾ ਕੀਤਾ ਹੈ ਅਤੇ ਉਸ ਦਾ ਜਾਮਾ ਪਹਿਨ ਕੇ ਉਸ ਨੂੰ ਨਿਹਾਲ ਕਰ ਦਿਤਾ ਹੈ ।

ਗੁਰੂ ਜੀ ਕੁਛ ਦਿਨ ਉਥੇ ਡੇਰਾ ਕਰ ਕੇ ਪਹਾੜਾਂ ਦੀ ਸੈਰ ਅਤੇ ਪ੍ਰਾਣੀ ਮਾਤ੍ਰ ਦਾ ਉਧਾਰ ਕਰਦੇ ਰਹੇ ।

ਮਾਈ ਭਾਗਭਰੀ ਆਪਣਾ ਅੰਤ ਸਮਾਂ ਅਨੁਭਵ ਕਰਕੇ ਗੁਰੂ ਜੀ ਪਾਸ ਕੁਸ਼ਾਸਨ ਕਰ ਕੇ ਬੈਠ ਗਈ ਅਤੇ ਆਪ ਜੀ ਦੇ ਸਰੂਪ ਦਾ ਧਿਆਨ ਧਰ ਕੇ ਸਰੀਰ ਤਿਆਗ ਕੇ ਪ੍ਰਲੋਕ ਗਮਨ ਕਰ ਗਈ ।

ਮਾਈ ਦੇ ਪੁਤਰ ਸੇਵਾਦਾਸ ਨੂੰ ਆਖ ਕੇ ਗੁਰੂ ਜੀ ਨੇ ਮਾਈ ਦਾ ਸਸਕਾਰ ਕਰਾਇਆ । ਉਪ੍ਰੰਤ ਸੇਵਾਦਾਸ ਨੇ ਸੰਗਤ ਨੂੰ ਲੰਗਰ ਛਕਾਇਆ ਅਤੇ ਗੁਰੂ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ਗੁਰੂ ਜੀ ਨੇ ਸੇਵਾਦਾਸ ਨੂੰ ਉਸ ਇਲਾਕੇ ਦਾ ਮਸੰਦ ਨੀਯਤ ਕਰ ਦਿਤਾ ਅਤੇ ਆਪ ਵਾਪਸ ਪੰਜਾਬ ਨੂੰ ਮੁੜਨ ਦੀ ਤਿਆਰੀ ਕਰ ਲਈ ।