ਇੱਛਾ ਬਲ ਤੇ ਡੂੰਘੀਆਂ ਸ਼ਾਮਾਂ

(ਭਾਈ ਵੀਰ ਸਿੰਘ ਜੀ)

ਪ੍ਰਸ਼ਨ –

ਸੰਝ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾ ਬਲ ਤੂੰ ਜਾਰੀ?
ਨੈਂ ਸਰੋਦ ਕਰ ਰਹੀ ਉਵੇਂ ਹੀ
ਤੇ ਟੁਰਨੋਂ ਬੀ ਨਹਿਂ ਹਾਰੀ,
ਸੈਲਾਨੀ ਤੇ ਪੰਛੀ ਮਾਲੀ
ਹਨ ਸਭ ਅਰਾਮ ਵਿਚ ਆਏ,
ਸਹਿਮ ਸਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ।

ਚਸ਼ਮੇ ਦਾ ਉੱਤਰ:-

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓ ਕਰ ਅਰਾਮ ਨਹੀਂ ਬਹਿਂਦੇ।
ਨਿਹੁਂ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿਂਦੇ।
ਇੱਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ –
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿਂਦੇ।

(‘ਮਟਕ ਹੁਲਾਰੇ‘ ਵਿੱਚੋਂ ਧੰਨਵਾਦ ਸਹਿਤ)