ਪਹਿਲ (ਚਰਨ ਸਿੰਘ ‘ਸ਼ਹੀਦ’ ਦੀ ਕਵਿਤਾ)

ਪਹਿਲ

(ਕਵੀ: ਚਰਨ ਸਿੰਘ ਸ਼ਹੀਦ, 1891-1935 ਈਸਵੀ)

ਜਾਨਵਰਾਂ ਦੇ ਹਸਪਤਾਲ ਇਕ ਬੁਧੂ ਖੋਤਾ ਲਿਆਇਆ ।
ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਇਆ ।

ਕਹਿਣ ਲੱਗਾ ‘ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ ।
ਨਲਕੀ ਇਸ ਦੀ ਨਾਸ ਵਿਚ ਰੱਖ ਕੇ, ਫੂਕ ਜ਼ੋਰ ਦੀ ਲਾਈਂ ।

ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ ।
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ ।’

ਕੁਝ ਚਿਰ ਮਗਰੋਂ ਖਊਂ-ਖਊਂ ਕਰਦਾ, ਬੁੱਧੂ ਮੁੜ ਕੇ ਆਇਆ ।
ਬਿੱਜੂ ਵਾਂਗੂੰ ਬੁਰਾ ਓਸ ਨੇ, ਹੈਸੀ ਮੂੰਹ ਬਣਾਇਆ ।

ਡਾਕਦਾਰ ਨੇ ਸੋਚਿਆ, ‘ਹੋਸੀ ਗਧੇ ਦੁਲੱਤੀ ਲਾਈ ।’
ਹਾਸਾ ਰੋਕ ਪੁੱਛਿਆ, ‘ਬੁੱਧੂ ਇਹ ਕੀ ਸ਼ਕਲ ਬਣਾਈ ?’

ਕਹਿਣ ਲੱਗਾ ਹਟਕੋਰੇ ਲੈ ਕੇ, ‘ਮੈਂ ਚੀਜ਼ਾਂ ਸਭ ਲਈਆਂ ।
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿੱਚਨ ਹੋ ਗਈਆਂ ।

ਨਲਕੀ ਵਿੱਚ ਪਾ, ਨਲਕੀ ਉਸ ਦੇ ਨਥਨੇ ਵਿੱਚ ਟਿਕਾਈ ।
ਦੂਜੀ ਤਰਫ਼ੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਵਿੱਚ ਪਾਈ ।

ਮੇਰੀ ਫੂਕੋਂ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ ।
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ ।

ਅੱਲਾ ਬਖ਼ਸ਼ੇ, ਫੂਕ ਓਸ ਦੀ, ਵਾਂਗ ਹਨੇਰੀ ਆਈ ।
ਨਲਕੀ ਭੀ ਲੰਘ ਜਾਣੀ ਸੀ, ਮੈਂ ਫੜ ਕੇ ਮਸਾਂ ਬਚਾਈ ।’

ਉਸ ਦੀ ਸੁਣ ਕੇ ਗੱਲ ਡਾਕਟਰ, ਹੱਸ-ਹੱਸ ਦੂਹਰਾ ਹੋਇਆ ।
ਬੁੱਧੂ ਉਸ ਨੂੰ ਵੇਖ ਹਸਦਿਆਂ, ਦੂਣਾ ਚੌਣਾ ਰੋਇਆ ।

ਹੱਸਦੇ-ਰੋਂਦੇ ਦੇਖ ਦੋਹਾਂ ਨੂੰ, ‘ਸੁਥਰਾ’ ਭੀ ਮੁਸਕਰਾਇਆ ।
‘ਸੁਣ ਓ ਬੁੱਧੂ, ਇਸ ਜੱਗ ਨੇ ਹੈ ‘ਪਹਿਲ’ ਤਾਈਂ ਵਡਿਆਇਆ ।

ਜਿਦ੍ਹੀ ਫੂਕ ਵੱਜ ਜਾਏ ਪਹਿਲਾਂ, ਜਿੱਤ ਓਸ ਦੀ ਕਹਿੰਦੇ ।
ਤੇਰੇ ਜਿਹੇ ਸੁਸਤ ਪਿੱਛ-ਰਹਿਣੇ, ਰੂੰ-ਰੂੰ ਕਰਦੇ ਰਹਿੰਦੇ ।

(ਕਿਤਾਬ ‘ਬਾਦਸ਼ਾਹੀਆਂ’ ਵਿੱਚੋਂ ਧੰਨਵਾਦ ਸਹਿਤ)