ਹਰਿ ਬਿਸਰਤ ਸਦਾ ਖੁਆਰੀ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਜੀਵ ਜਦੋਂ ਮਾਂ ਦੇ ਗਰਭ ਵਿੱਚ ਹੁੰਦਾ ਹੈ, ਤਾਂ ਹਮੇਸ਼ਾ ਹੀ ਪਰਮਾਤਮਾ ਦਾ ਧਿਆਨ ਕਰਦਾ ਰਹਿੰਦਾ ਹੈ । ਉਸ ਦਾ ਹਰ ਪਲ ਅਕਾਲ ਪੁਰਖ ਦੀ ਯਾਦ ਵਿੱਚ ਹੀ ਬੀਤਦਾ ਹੈ । ਮਨੁੱਖੀ ਜੀਵ ਆਪਣੀ ਮਾਂ ਦੇ ਗਰਭ ਵਿੱਚ ਉਲਟਾ ਲਟਕਿਆ ਹੁੰਦਾ ਹੈ । ਕਈ ਤਪੀ ਵੀ ਆਪਣੀ ਸਾਧਨਾ ਦੌਰਾਨ ਕਿਸੀ ਦਰਖ਼ਤ ਆਦਿ ਨਾਲ ਉਲਟਾ ਲਟਕ ਕੇ ਪਰਮਾਤਮਾ ਵਿੱਚ ਧਿਆਨ ਜੋੜਨ ਦੀ ਕੋਸ਼ਿਸ਼ ਕਰਦੇ ਹਨ । ਗਰਭ ਵਿੱਚਲਾ ਜੀਵ ਵੀ ਮਾਨੋ ਉਲਟਾ ਲਟਕ ਕੇ ਤੱਪ ਹੀ ਕਰ ਰਿਹਾ ਹੁੰਦਾ ਹੈ । ਉਲਟਾ ਲਟਕਿਆ ਜੀਵ ਹਰਦਮ ਆਪਣੇ ਮਾਲਿਕ ਵਾਹਿਗੁਰੂ ਅੱਗੇ ਅਰਦਾਸ ਕਰਦਾ ਰਹਿੰਦਾ ਹੈ । ਗੁਰਬਾਣੀ ਵਿੱਚ ਇਸ ਦਾ ਜ਼ਿਕਰ ਇਸ ਪ੍ਰਕਾਰ ਆਇਆ ਹੈ : –

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
(ਅੰਗ ੭੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਹੋਇਆ ਜੀਵ ਹਰ ਪਲ ਅਰਦਾਸ ਵਿੱਚ ਹੀ ਬਿਤਾਉਂਦਾ ਹੈ । ਸ਼ਾਇਦ ਉਹ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ ਇਸ ਗਰਭ ਜੂਨ ਵਿੱਚੋਂ ਬਾਹਰ ਕੱਢ ਦੇ । ਫਿਰ ਮੈਂ ਹਰ ਸਮੇਂ ਤੇਰੀ ਹੀ ਭਗਤੀ ਕਰਾਂਗਾ ।

ਪਰ ਹੁੰਦਾ ਕੀ ਹੈ ? ਜਨਮ ਲੈਂਦੇ ਸਾਰ ਹੀ ਜੀਵ ਪਰਮਾਤਮਾ ਦੇ ਧਿਆਨ ਵੱਲੋਂ ਮੂੰਹ ਮੋੜ ਲੈਂਦਾ ਹੈ । ਗੁਰਬਾਣੀ ਇਸ ਦਾ ਵਰਣਨ ਇਸ ਪ੍ਰਕਾਰ ਕਰਦੀ ਹੈ : –

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
(ਅੰਗ ੭੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਹਰ ਕੋਈ ਨਵ-ਜੰਮੇ ਬੱਚੇ ਨੂੰ ਗੋਦ ਵਿੱਚ ਚੁੱਕੀ ਫਿਰਦਾ ਹੈ । ਹਰ ਕੋਈ ਉਸ ਨੂੰ ਦੁਲਾਰਦਾ ਹੈ । ਖ਼ਾਸ ਤੌਰ ‘ਤੇ ਮਾਂ ਤਾਂ ਆਪਣੇ ਨਵ-ਜੰਮੇ ਬੱਚੇ ਤੋਂ ਵਾਰੀ-ਵਾਰੀ ਜਾਂਦੀ ਹੈ । ਦੁਨੀਆਵੀ ਸੰਬੰਧੀਆਂ ਵੱਲੋਂ ਦਿਖਾਏ ਜਾ ਰਹੇ ਅਜਿਹੇ ਮੋਹ ਵਿੱਚ ਪੈਂਦਿਆਂ ਸਾਰ ਹੀ ਜੀਵ ਪਰਮਾਤਮਾ ਨੂੰ ਭੁਲਾ ਦਿੰਦਾ ਹੈ । ਜਿਸ ਪ੍ਰਭੂ ਨੇ ਇਸ ਜੀਵ ਨੂੰ ਰਚਿਆ ਸੀ, ਉਸੇ ਪਰਮਾਤਮਾ ਨੂੰ ਜੀਵ ਹੁਣ ਜਾਣਦਾ/ਪਛਾਣਦਾ ਵੀ ਨਹੀਂ : –

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥
(ਅੰਗ ੭੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਸਲ ਵਿੱਚ ਜਨਮ ਲੈਂਦਿਆਂ ਹੀ, ਜੀਵ ਨੂੰ ਭੁੱਖ ਲੱਗਦੀ ਹੈ । ਅਜੇ ਉਹ ਅੰਨ ਖਾਣ ਦੇ ਯੋਗ ਨਹੀਂ ਹੁੰਦਾ । ਕੇਵਲ ਦੁੱਧ ਹੀ ਉਸ ਦੀ ਭੁੱਖ ਨੂੰ ਦੂਰ ਕਰ ਸਕਦਾ ਹੈ । ਇਹ ਦੁੱਧ ਉਸ ਨੂੰ ਆਪਣੀ ਮਾਂ ਕੋਲੋਂ ਪ੍ਰਾਪਤ ਹੁੰਦਾ ਹੈ । ਨਵ-ਜੰਮੇ ਜੀਵ ਨੂੰ ਆਪਣੀ ਪਹਿਲੀ ਜ਼ਰੂਰਤ ਨਾਲ ਪਿਆਰ ਹੋ ਜਾਂਦਾ ਹੈ । ਨਵ-ਜੰਮੇ ਜੀਵ ਦੀ ਪਹਿਲੀ ਜ਼ਰੂਰਤ ਦੁੱਧ ਹੈ । ਇਸ ਲਈ ਉਸ ਦਾ ਪਹਿਲਾ ਪਿਆਰ ਵੀ ਦੁੱਧ ਨਾਲ ਪੈਂਦਾ ਹੈ । ਇਹ ਦੁੱਧ ਉਸ ਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ । ਦੁੱਧ ਨਹੀਂ ਮਿਲਦਾ, ਤਾਂ ਉਹ ਤਕਲੀਫ਼ ਮਹਿਸੂਸ ਕਰਦਾ ਹੈ । ਆਪਣੀ ਤਕਲੀਫ਼ ਦਾ ਪ੍ਰਗਟਾਵਾ ਕਰਨ ਲਈ ਉਹ ਰੋਂਦਾ ਹੈ । ਉਸਦੇ ਰੋਣ ‘ਤੇ ਉਸ ਦੀ ਮਾਂ ਉਸ ਨੂੰ ਦੁੱਧ ਪਿਲਾਉਂਦੀ ਹੈ । ਉਹ ਦੁੱਧ ਪੀਂਦਾ ਹੈ, ਤਾਂ ਉਹ ਦੀ ਭੁੱਖ ਮਿੱਟਦੀ ਹੈ, ਉਸ ਦੀ ਤਕਲੀਫ਼ ਹੱਟਦੀ ਹੈ । ਦੁੱਧ ਉਸ ਲਈ ਵੱਡੀ ਜ਼ਰੂਰਤ ਬਣ ਗਿਆ ਹੈ । ਦੁੱਧ ਉਸ ਦੀ ਜ਼ਿੰਦਗੀ ਬਣ ਗਿਆ ਹੈ । ਹੁਣ ਉਸ ਦਾ ਧਿਆਨ ਦੁੱਧ ਵਿੱਚ ਹੀ ਲੱਗਾ ਰਹਿੰਦਾ ਹੈ । ਪਰਮਾਤਮਾ ਦਾ ਧਿਆਨ ਹੁਣ ਨਹੀਂ ਆਉਂਦਾ । ਅਜਿਹੀ ਸਥਿਤੀ ਵਿੱਚ ਦੁੱਧ ਨਾਲ ਪਿਆਰ ਹੋ ਜਾਂਦਾ ਹੈ । ਇਹ ਪਿਆਰ ‘ਪਹਿਲਾ ਪਿਆਰ’ ਹੈ : –

ਪਹਿਲੈ ਪਿਆਰਿ ਲਗਾ ਥਣ ਦੁਧਿ ॥
(ਅੰਗ ੧੩੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਪ੍ਰਤੀ ਮੋਹ ਜਾਗਣ ਨਾਲ ਪਰਮੇਸ਼ਰ ਭੁੱਲ ਗਿਆ । ਜੇ ਹੁਣ ਦੁੱਧ ਨਵ-ਜੰਮੇ ਜੀਵ ਲਈ ਮਹੱਤਵਪੂਰਨ ਬਣ ਗਿਆ ਹੈ, ਤਾਂ ਦੁੱਧ ਦਾ ਸਰੋਤ ਵੀ ਉੰਨਾ ਹੀ ਮਹੱਤਵਪੂਰਣ ਹੈ । ਦੁੱਧ ਦਾ ਸਰੋਤ ਉਸ ਦੀ ਮਾਂ ਹੀ ਹੈ । ਮਾਂ ਤੋਂ ਹੀ ਉਸ ਨੂੰ ਦੁੱਧ ਪ੍ਰਾਪਤ ਹੁੰਦਾ ਹੈ । ਮਾਂ ਵਾਰ-ਵਾਰ ਦੁੱਧ ਦਿੰਦੀ ਹੈ । ਵਾਰ-ਵਾਰ ਉਸ ਦਾ ਚਿਹਰਾ ਨਵ-ਜੰਮੇ ਜੀਵ ਨੂੰ ਵਿਖਾਈ ਦਿੰਦਾ ਹੈ । ਵਾਰ-ਵਾਰ ਉਹ ਹੀ ਚਿਹਰਾ ਦੇਖਣ ਨਾਲ ਜੀਵ ਨੂੰ ਆਪਣੀ ਮਾਂ ਦੀ ਪਹਿਚਾਣ ਹੋ ਜਾਂਦੀ ਹੈ । ਆਪਣੇ ਪਿਤਾ ਦਾ ਚਿਹਰਾ ਵੀ ਉਹ ਵਾਰ-ਵਾਰ ਦੇਖਦਾ ਹੈ । ਇਸ ਤਰ੍ਹਾਂ, ਉਹ ਆਪਣੇ ਪਿਤਾ ਨੂੰ ਪਛਾਣਨ ਲੱਗਦਾ ਹੈ : –

ਦੂਜੈ ਮਾਇ ਬਾਪ ਕੀ ਸੁਧਿ ॥
(ਅੰਗ ੧੩੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਪ੍ਰਤੀ ਮੋਹ ਜਗਾ ਕੇ ਜੀਵ ਆਪਣੇ ਪ੍ਰਭੂ ਤੋਂ ਦੂਰੀ ਬਣਾ ਬੈਠਾ ਸੀ । ਮਾਂ-ਬਾਪ ਨਾਲ ਮੋਹ ਜਗਾ ਕੇ ਉਸ ਨੇ ਇਹ ਦੂਰੀ ਹੋਰ ਵਧਾ ਲਈ । ਪਰ, ਘਰ ਵਿੱਚ ਕੇਵਲ ਮਾਂ-ਬਾਪ ਹੀ ਤਾਂ ਨਹੀਂ ਹਨ । ਰਿਸ਼ਤੇਦਾਰਾਂ ਦੀ ਇੱਕ ਲੰਬੀ ਫ਼ਹਰਿਸਤ ਹੈ । ਹੁਣ, ਜੀਵ ਉਨ੍ਹਾਂ ਰਿਸ਼ਤੇਦਾਰਾਂ ਦੀ ਪਛਾਣ ਵੀ ਕਰਨ ਯੋਗ ਹੋ ਜਾਂਦਾ ਹੈ : –

ਤੀਜੈ ਭਯਾ ਭਾਭੀ ਬੇਬ ॥
ਚਉਥੈ ਪਿਆਰਿ ਉਪੰਨੀ ਖੇਡ ॥
(ਅੰਗ ੧੩੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਨਾਲ ਪਿਆਰ ਹੋਇਆ, ਪ੍ਰਭੂ ਵਿਸਰ ਗਿਆ । ਮਾਂ-ਬਾਪ ਚੇਤਿਆਂ ਵਿੱਚ ਉਤਰਦੇ ਗਏ, ਪ੍ਰਭੂ ਚੇਤਿਆਂ ਵਿੱਚੋਂ ਮਿਟਦਾ ਗਿਆ । ਰਿਸ਼ਤਿਆਂ-ਨਾਤਿਆਂ ਵਿੱਚ ਖੁੱਭਦਾ ਗਿਆ, ਪ੍ਰਭੂ ਨੂੰ ਭੁੱਲਦਾ ਗਿਆ ।

ਬੱਚਪਨ ਤੋਂ ਬਾਅਦ ਜਵਾਨੀ ਆ ਜਾਂਦੀ ਹੈ । ਜਵਾਨੀ ਤੋਂ ਬਾਅਦ ਬੁਢਾਪਾ ਆ ਜਾਂਦਾ ਹੈ : –

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ 3 ॥
(ਅੰਗ ੧੩੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਦੇ ਪਿਆਰ ਵਿੱਚ ਪੈ ਕੇ, ਮਾਂ-ਬਾਪ ਦੇ ਪਿਆਰ ਵਿੱਚ ਪੈ ਕੇ, ਜਵਾਨੀ ਦੇ ਰੰਗ ਵਿੱਚ ਪੈ ਕੇ, ਵੱਡੀ ਉਮਰ ਦੇ ਸ਼ਾਰੀਰਿਕ ਦੁੱਖਾਂ ਵਿੱਚ ਪੈ ਕੇ ਜੀਵ ਆਪਣੇ ਮਾਲਿਕ ਪ੍ਰਭੂ ਨੂੰ ਵਿਸਾਰੀ ਹੀ ਰੱਖਦਾ ਹੈ ।

ਪਰ, ਕੀ ਪ੍ਰਭੂ ਨੂੰ ਵਿਸਾਰ ਕੇ ਜੀਵ ਖ਼ੁਸ਼ ਰਹਿੰਦਾ ਹੈ?

ਨਹੀਂ । ਪ੍ਰਭੂ ਨੂੰ ਵਿਸਾਰ ਦੇਣ ਨਾਲ ਤਾਂ ਖੁਆਰੀ ਹੀ ਮਿਲਦੀ ਹੈ : –

ਹਰਿ ਬਿਸਰਤ ਸਦਾ ਖੁਆਰੀ ॥
(ਅੰਗ ੭੧੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਹਰੀ ਨੂੰ ਵਿਸਾਰ ਕੇ ਜੀਵ ਨੂੰ ਅਨੇਕਾਂ ਆਤਮਿਕ, ਮਾਨਸਿਕ ਤੇ ਸ਼ਾਰੀਰਿਕ ਰੋਗ ਘੇਰ ਲੈਂਦੇ ਹਨ : –

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
(ਅੰਗ ੧੩੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਭਲਾ ਰੋਗਾਂ ਨਾਲ ਘਿਰ ਕੇ ਕੋਈ ਖ਼ੁਸ਼ ਕਿਵੇਂ ਹੋ ਸਕਦਾ ਹੈ ? ਰੋਗਾਂ ਦਾ ਸ਼ਿਕਾਰ ਹੋਣਾ ਹੀ ਤਾਂ ਖੁਆਰ ਹੋਣਾ ਹੈ । ਹਰੀ ਨੂੰ ਭੁਲਾ ਕੇ ਵਿਅਕਤੀ ਮਾਨਸਿਕ, ਆਤਮਿਕ ਤੇ ਸ਼ਾਰੀਰਿਕ ਰੋਗਾਂ ਦਾ ਸ਼ਿਕਾਰ ਬਣਦਾ ਹੈ ਤੇ ਇੰਝ ਉਹ ਖੁਆਰ ਹੁੰਦਾ ਰਹਿੰਦਾ ਹੈ ।