ਸਿੱਖੀ (ਪ੍ਰੋ. ਮੋਹਨ ਸਿੰਘ ਜੀ ਦੀ ਕਵਿਤਾ)

ਕਵੀ ਪ੍ਰੋ. ਮੋਹਨ ਸਿੰਘ ਜੀ ਦਾ ਕਾਵਿ-ਸੰਗ੍ਰਹਿ ‘ਸਾਵੇ ਪੱਤਰ’ ਮੇਰੇ ਹੱਥਾਂ ਵਿੱਚ ਹੈ । ਬਹੁਤ ਸ਼ਾਨਦਾਰ ਕਵਿਤਾਵਾਂ ਹਨ । ਇਸੇ ਸੰਗ੍ਰਹਿ ਵਿੱਚ ਇੱਕ ਕਵਿਤਾ ਹੈ ‘ਸਿੱਖੀ’ । ਕਵਿਤਾ ਦੀ ਰਵਾਨੀ ਦੇਖਦਿਆਂ ਹੀ ਬਣਦੀ ਹੈ । ਪੰਜਾਬੀ ਮਾਂ-ਬੋਲੀ ਦੀ ਮਿਠਾਸ ਦਾ ਉੱਤਮ ਨਮੂਨਾ ਹੈ ਇਹ ਕਵਿਤਾ । ਪਤਾ ਨਹੀ ਕਿਉਂ, ਅੱਜ ਦੇ ਪੰਜਾਬੀ ਕਵੀ ਗੁਰਸਿੱਖੀ ਨੂੰ ਸਮਰਪਿਤ ਅਜਿਹੀਆਂ ਮਿੱਠੀਆਂ ਕਵਿਤਾਵਾਂ ਨਹੀਂ ਸਿਰਜ ਸਕਦੇ?

ਮੈਂ ਇੱਥੇ ਪ੍ਰੋ. ਮੋਹਨ ਸਿੰਘ ਜੀ ਦੀ ਇਹ ਕਵਿਤਾ ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ: –

ਸਿੱਖੀ

ਉਹ ਕਿਹੜਾ ਬੂਟਾ ਏ?

ਹਰ ਥਾਂ ਜੋ ਪਲਦਾ ਏ –
ਆਰੇ ਦੇ ਦੰਦਿਆਂ ਤੇ,
ਰੰਬੀ ਦੀਆਂ ਧਾਰਾਂ ਤੇ,
ਖ਼ੈਬਰ ਦਿਆਂ ਦਰਿਆਂ ਵਿਚ,
ਸਰਸਾ ਦੀਆਂ ਲਹਿਰਾਂ ਤੇ,
ਸਤਲੁਜ ਦੇ ਕੰਢੇ ਤੇ,
ਲੱਖੀ ਦੇ ਜੰਗਲ ਵਿਚ,
ਰੋੜਾਂ ਵਿਚ, ਰਕੜਾਂ ਵਿਚ,
ਬੰਜਰਾਂ ਵਿਚ, ਝੱਖੜਾਂ ਵਿਚ,
ਗੜਿਆਂ ਵਿਚ, ਮੀਹਾਂ ਵਿਚ,
ਸਰਹੰਦ ਦੀਆਂ ਨੀਹਾਂ ਵਿਚ,
ਜਿੱਥੇ ਵੀ ਲਾ ਦਈਏ,
ਓਥੇ ਹੀ ਪਲਦਾ ਏ,
ਜਿਤਨਾ ਇਹ ਛਾਂਗ ਦਈਏ,
ਉਤਨਾ ਇਹ ਫਲਦਾ ਏ ।

ਉਹ ਕਿਹੜਾ ਬੂਟਾ ਏ?

ਭੁਖਿਆਂ ਤਰਿਹਾਇਆਂ ਨੂੰ,
ਜੋ ਫਲ ਖਵਾਂਦਾ ਏ,
ਥਕਿਆਂ ਤੇ ਟੁਟਿਆਂ ਨੂੰ,
ਛਾਂ ਵਿਚ ਸਵਾਂਦਾ ਏ ।
ਜਿਹੜਾ ਵੀ ਸ਼ਰਨ ਲਵੇ,
ਉਸ ਤਾਈਂ ਬਚਾਂਦਾ ਏ !
ਜੇ ਝੱਖੜ ਆ ਜਾਵੇ,
ਜੇ ਨ੍ਹੇਰੀ ਆ ਜਾਵੇ,
ਅਬਦਾਲੀ ਆ ਜਾਵੇ,
ਕੋਈ ਨਾਦਰ ਆ ਜਾਵੇ,
ਮਾਸੂਮ ਗੁਟਾਰਾਂ ਨੂੰ,
ਬੇਦੋਸੀਆਂ ਚਿੜੀਆਂ ਨੂੰ,
ਬੇਲੋਸੀਆਂ ਘੁਗੀਆਂ ਨੂੰ,
ਕੂੰਜਾਂ ਦੀਆਂ ਡਾਰਾਂ ਨੂੰ,
ਇਹ ਤੁਰਤ ਛੁਪਾ ਲੈਂਦਾ,
ਇਹ ਆਹਲਣੇ ਪਾ ਲੈਂਦਾ,
ਤੇ ਰਾਖਾ ਬਣ ਬਹਿੰਦਾ ।

ਪੈਰ ਇਸ ਦੇ ਧਰਤੀ ਤੇ,
ਪਰ ਆਪ ਉਚੇਰਾ ਏ ।
ਜੇਲ੍ਹਾਂ ਦੀਆਂ ਕੋਠੜੀਆਂ,
ਜ਼ੰਜੀਰਾਂ ਹੱਥਕੜੀਆਂ,
ਇਹ ਰੱਸੇ ਫਾਂਸੀ ਦੇ,
ਤੇ ਤੜੀਆਂ ਰਾਜ ਦੀਆਂ,
ਜਾਗੀਰਾਂ ਦੇ ਚਕਮੇ,
ਸਰਦਾਰੀ ਦੇ ਤਕਮੇ,
ਦੁਨੀਆਂ ਦੀਆਂ ਤੰਗ-ਦਿਲੀਆਂ,
ਤੇੜਾਂ ਤੇ ਪਾਰਟੀਆਂ,
ਗੁਮਰਾਹੀਆਂ ਰੰਗ ਰਲੀਆਂ,
ਤੇ ਕੁੜੀਆਂ ਝੰਗ ਦੀਆਂ,
ਇਹਦੇ ਗੋਡਿਓਂ ਥੱਲੇ ਨੇ,
ਇਹਦੇ ਗਿਟਿਓਂ ਥੱਲੇ ਨੇ,
ਇਹਦੇ ਪੈਰੋਂ ਥੱਲੇ ਨੇ ।
ਜਿਥੇ ਦਿਲ ਇਸ ਦਾ ਏ,
ਜਿਥੇ ਸਿਰ ਇਸ ਦਾ ਏ,
ਉਹ ਥਾਂ ਉਚੇਰੀ ਏ,
ਉਹ ਖੁਲ੍ਹੀ ਹਵਾ ਵਿਚ ਏ,
ਉਹ ਪਾਕ ਫ਼ਜ਼ਾ ਵਿਚ ਏ,
ਉਹ ਖ਼ਾਸ ਖ਼ੁਦਾ ਵਿਚ ਏ,
ਜਿਥੇ ਨਾ ਵੈਰ ਕੋਈ !
ਜਿਥੇ ਨਾ ਗ਼ੈਰ ਕੋਈ ।

ਕੀ ਹੋਇਆ ਜੇ ?

ਅਜ ਸ਼ਾਖ਼ਾਂ ਏਸ ਦੀਆਂ,
ਅਜ ਲਗਰਾਂ ਏਸ ਦੀਆਂ,
ਆਪੋ ਵਿਚ ਪਾਟ ਗਈਆਂ,
ਆਪੋ ਵਿਚ ਤਿੜਕ ਪਈਆਂ,
ਕੋਈ ਪੂਰਬ ਚਲੀ ਗਈ,
ਕੋਈ ਪੱਛਮ ਚਲੀ ਗਈ,
ਕੋਈ ਪਿੰਡੀ ਮਲ ਬੈਠੀ,
ਕੋਈ ਭੈਣੀ ਜਾ ਬੈਠੀ,
ਪਰ ਮੁੱਢ ਤਾਂ ਇਕੋ ਏ,
ਪਰ ਖ਼ੂਨ ਤੇ ਸਾਂਝਾ ਏ ।

(ਕਵੀ: ਪ੍ਰੋ. ਮੋਹਨ ਸਿੰਘ, ਕਾਵਿ ਸੰਗ੍ਰਹਿ ‘ਸਾਵੇ ਪੱਤਰ’ ਵਿਚੋਂ ਧੰਨਵਾਦ ਸਹਿਤ)