(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਪ੍ਰਸਿੱਧ ਕਹਾਵਤ ਹੈ, ‘ਇੱਕ ਤੇ ਇੱਕ ਗਿਆਰ੍ਹਾਂ ਹੁੰਦੇ ਹਨ’ । ਮੈਂ ਇਸ ਨਾਲ ਸਹਿਮਤ ਹਾਂ । ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਚੰਗੀ ਗੱਲ ਹੈ, ਜੇ ਇਸ ਨਾਲ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ ।
ਜਦੋਂ ਮੈਂ ‘ਜੋ ਤੁਰੇ ਸੀ ਮੇਰੇ ਨਾਲ‘ (http://www.amritworld.com/main/?p=1472) ਦੇ ਸਿਰਲੇਖ ਹੇਠ ਕੁੱਝ ਟਿੱਪਣੀਆਂ ਕੀਤੀਆਂ ਸਨ, ਤਾਂ ਮੇਰਾ ਭਾਵ ਇਹ ਨਹੀਂ ਸੀ ਕਿ ਟੀਮ ਬਣਾ ਕੇ ਕੰਮ ਨਹੀਂ ਕੀਤਾ ਜਾਣਾ ਚਾਹੀਦਾ । ਕੁੱਝ ਦੋਸਤਾਂ ਨੇ ਮੇਰੀਆਂ ਉਨ੍ਹਾਂ ਟਿੱਪਣੀਆਂ ਤੋਂ ਇਹ ਪ੍ਰਭਾਵ ਲਿਆ ਜਿਵੇਂ ਮੈਂ ਮਿਲ ਕੇ ਕੰਮ (ਟੀਮ ਵਰਕ / Teamwork) ਕਰਨ ਦੇ ਖ਼ਿਲਾਫ਼ ਹਾਂ । ਸੱਚ ਇਹ ਹੈ ਕਿ ਮਿਲ ਕੇ, ਇੱਕ ਟੀਮ ਬਣਾ ਕੇ ਕੰਮ ਕਰਨ ਦੇ ਮੈਂ ਖ਼ਿਲਾਫ਼ ਨਹੀਂ ਹਾਂ ।
ਮੇਰੀਆਂ ਉਹ ਟਿੱਪਣੀਆਂ ਖ਼ਾਸ ਸੰਦਰਭ ਵਿੱਚ ਹੀ ਸਨ ਤੇ ਉਨ੍ਹਾਂ ਨੂੰ ਸਿਰਫ਼ ਉਸ ਸੰਦਰਭ ਵਿੱਚ ਹੀ ਦੇਖਿਆ ਜਾਣਾ ਬਣਦਾ ਹੈ । ਚਲੋ, ਉਸੇ ਵੀਚਾਰ ਨੂੰ ਹੋਰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ।
‘ਜੋ ਤੁਰੇ ਸੀ ਮੇਰੇ ਨਾਲ‘ ਦੇ ਸਿਰਲੇਖ ਹੇਠ ਟਿੱਪਣੀ ਕਰਦਿਆਂ ਮੈਂ ਲਿੱਖਿਆ ਸੀ, “ਧਰਮ, ਦੇਸ਼ ਤੇ ਕੌਮ ਲਈ ਸਾਹਿਤਿਕ ਤੇ ਵਿਦਿਅਕ ਸੇਵਾ ਲਈ ਇੱਕ ਟੀਮ ਬਣਾ ਕੇ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀਆਂ ਗੱਲਾਂ ਕਈ ਸਾਲ ਪਹਿਲਾਂ ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਕਰਦੇ ਸਾਂ । ਲੱਗਭੱਗ ਰੋਜ਼ਾਨਾ ਉਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕੀਰਤਨ ਤੇ ਗੁਰਮਤਿ ਵੀਚਾਰ ਕਰਨ ਵਿੱਚ ਬੜਾ ਮਜ਼ਾ ਆਉਂਦਾ ਸੀ ।”
ਅੱਗੇ ਮੈਂ ਲਿੱਖਿਆ ਸੀ, “ਵਕਤ ਬੀਤਦਾ ਗਿਆ । ਫਿਰ ਉਹ ਸਮਾਂ ਵੀ ਆਇਆ, ਜਦੋਂ ਉਸ ਰਾਸਤੇ ਉੱਤੇ ਮੈਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਹੀ ਤੁਰਦਾ ਪਾਇਆ । ਪਾਰਿਵਾਰਿਕ ਜ਼ਿੰਦਗੀ ਦੀ ਘੁੰਮਣਘੇਰੀ ਵਿੱਚ ਮੇਰੇ ਸਾਰੇ ਸਾਥੀ ਗੁੰਮ ਹੁੰਦੇ ਚਲੇ ਗਏ । ਹੁਣ ਕਦੇ ਮੈਂ ਤੁਰਨ ਲੱਗ ਪੈਂਦਾ ਹਾਂ ਤੇ ਕਦੇ ਬਹਿ ਕੇ ਆਰਾਮ ਕਰਨ ਲੱਗਦਾ ਹਾਂ । ਆਪਣੇ ਆਪ ਨੂੰ ਇਹ ਧੋਖਾ ਜਿਹਾ ਹੀ ਦੇ ਰਿਹਾ ਹਾਂ ਕਿ ਮੈਂ ਕੁੱਝ ਕਰ ਰਿਹਾ ਹਾਂ । ”
ਕੁੱਝ ਦੋਸਤਾਂ ਨੂੰ ਗ਼ਲਤਫ਼ਹਿਮੀ ਇਨ੍ਹਾਂ ਸਤਰਾਂ ਤੋਂ ਹੋਈ, “ਐਸੀ ਸਕੀਮ ਅਸਫ਼ਲ ਹੋ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਵਿੱਚ ਕਿਸੇ ਹੋਰ ਦਾ ਸਹਿਯੋਗ ਜ਼ਰੂਰੀ ਹੋਵੇ । ਕੀ ਪਤਾ ਉਹ ਸਹਿਯੋਗ ਦਵੇ ਜਾਂ ਨਾ? ਜਾਂ ਭਵਿੱਖ ਵਿੱਚ ਕਦੇ ਸਹਿਯੋਗ ਦੇਣਾ ਬੰਦ ਕਰ ਦਵੇ ? ਜੋ ਕੰਮ ਕੋਈ ਵਿਅਕਤੀ ਇਕੱਲਾ ਕਰ ਸਕੇ, ਬਸ ਉਸੇ ਕੰਮ ਲਈ ਹੀ ਯਤਨ ਕਰਨਾ ਚਾਹੀਦਾ ਹੈ ।”
ਅਸਲ ਵਿੱਚ, ਮੇਰਾ ਭਾਵ ਇਹ ਸੀ ਕਿ ਜੇ ਟੀਮ ਹੋਵੇ, ਤਾਂ ਭਰੋਸੇਯੋਗ ਤੇ ਪੂਰੀ ਤਰ੍ਹਾਂ ਸਮਰਪਿਤ ਟੀਮ ਹੋਵੇ । ਜੇ ਭਰੋਸੇਯੋਗ ਤੇ ਪੂਰੀ ਤਰ੍ਹਾਂ ਸਮਰਪਿਤ ਟੀਮ ਦਾ ਗਠਨ ਨਾ ਕੀਤਾ ਜਾ ਸਕੇ, ਤਾਂ… “ਜੋ ਕੰਮ ਕੋਈ ਵਿਅਕਤੀ ਇਕੱਲਾ ਕਰ ਸਕੇ, ਬਸ ਉਸੇ ਕੰਮ ਲਈ ਹੀ ਯਤਨ ਕਰਨਾ ਚਾਹੀਦਾ ਹੈ ।”
ਜਦੋਂ ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਧਰਮ, ਦੇਸ਼ ਤੇ ਕੌਮ ਲਈ ਕੁੱਝ ਕਰਨ ਦੀ ਵੀਚਾਰ ਕਰਦੇ ਸਾਂ, ਤਾਂ ਮੇਰੇ ਦਿਮਾਗ਼ ਵਿੱਚ ਕੁੱਝ ਖ਼ਾਸ ਯੋਜਨਾਵਾਂ ਸਨ । ਮੁੱਖ ਯੋਜਨਾ ਤਾਂ ਇਹ ਹੀ ਸੀ ਕਿ ਭਰੋਸੇਯੋਗ ਤੇ ਵਿਦਵਤਾ ਭਰਪੂਰ ਲਿਖਤਾਂ ਤਿਆਰ ਕੀਤੀਆਂ ਜਾਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਤੋਂ ਲਾਭ ਉਠਾ ਸਕਣ । ਬੱਚਿਆਂ ਤੇ ਨੌਜਵਾਨਾਂ ਵਿੱਚ ਪ੍ਰਚਾਰ ਕਰਨ ਦੀ ਯੋਜਨਾ ਵੀ ਸੀ । ਇਹ ਯੋਜਨਾ ਵੀ ਸੀ ਕਿ ਪੰਜਾਬ ਤੋਂ ਬਾਹਰ ਜਾ ਕੇ ਵੀ ਪ੍ਰਚਾਰ ਕੀਤਾ ਜਾਵੇ । ਇਹ ਪ੍ਰਚਾਰ ਕੇਵਲ ਸਿੱਖ ਪਰਿਵਾਰਾਂ ਵਾਸਤੇ ਹੀ ਨਾ ਹੋਵੇ, ਬਲਕਿ ਗ਼ੈਰ-ਸਿੱਖ ਜਨਤਾ ਤਕ ਵੀ ਗੁਰਮਤਿ ਅਤੇ ਗੁਰੂ-ਇਤਿਹਾਸ ਦੀ ਜਾਣਕਾਰੀ ਪਹੁੰਚਾਈ ਜਾਵੇ ।
ਜਦੋਂ ਇਹ ਵੀਚਾਰਾਂ ਕਰਦੇ ਸਾਂ, ਉਦੋਂ ਨਿੱਤਨੇਮ ਦੀਆਂ ਬਾਣੀਆਂ ਉੱਤੇ ਅਜੋਕੇ ਸਮੇਂ ਵਿੱਚ ਹੋ ਰਹੇ ਯੋਜਨਾਬੱਧ ਹਮਲੇ ਅਜੇ ਇੰਝ ਸ਼ੁਰੂ ਨਹੀਂ ਸਨ ਹੋਏ । 1984 ਵਿੱਚ ਪੰਜਾਬ, ਦਿੱਲੀ, ਬਿਹਾਰ ਤੇ ਹੋਰ ਥਾਵਾਂ ‘ਤੇ ਹੋਏ ਘੱਲੂਘਾਰੇ ਦੇ ਦਰਦ ਨੂੰ ਮੈਂ ਬਹੁਤ ਮਹਿਸੂਸ ਕਰਦਾ ਸੀ । ਮੇਰੇ ਪਿਤਾ ਜੀ ਨੇ ਆਪਣੀ ਉਮਰ ਦਾ ਇੱਕ ਹਿੱਸਾ ਪੰਜਾਬ ਤੋਂ ਬਹੁਤ ਦੂਰ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਬਤੀਤ ਕੀਤਾ । ਪਿਤਾ ਜੀ ਤੋਂ ਸੁਣਦਾ ਆਇਆ ਸੀ ਕਿ ਉਦੋਂ ਗ਼ੈਰ-ਸਿੱਖ ਲੋਕ, ਖ਼ਾਸ ਕਰ ਗ਼ੈਰ-ਪੰਜਾਬੀ ਹਿੰਦੂ ਸੱਜਣ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਸਨ । ਮਨ ਵਿੱਚ ਖ਼ਿਆਲ ਆਉਂਦਾ ਕਿ ਆਖ਼ਿਰ ਐਸਾ ਕਿਉਂ ਹੋ ਗਿਆ ਕਿ ਭਾਰਤ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਸਤਿਕਾਰ ਘੱਟ ਗਿਆ? ਬਸ ਵੈਸੇ ਹੀ, ਇਹ ਇੱਛਾ ਪੈਦਾ ਹੁੰਦੀ ਕਿ ਕੁੱਝ ਅਜਿਹਾ ਕੀਤਾ ਜਾਵੇ, ਜਿਸ ਨਾਲ ਸਿੱਖਾਂ ਦੀ ਇੱਜ਼ਤ ਵਧੇ । ਜੀਅ ਕਰਦਾ ਕਿ ਕੁੱਝ ਐਸਾ ਕੀਤਾ ਜਾਵੇ, ਜਿਸ ਨਾਲ ਗ਼ੈਰ-ਸਿੱਖ ਲੋਕਾਂ ਨੂੰ ਸਾਡੇ ਗੁਰੂਆਂ ਦੇ ਪਵਿੱਤਰ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ ।
ਮੇਰੇ ਉਨ੍ਹਾਂ ਸਾਥੀਆਂ ਵੱਲੋਂ ਇਸ ਮਿਸ਼ਨ ਤੋਂ ਪਰ੍ਹੇ ਹੱਟ ਜਾਣ ਕਾਰਣ ਇਹ ਇੱਛਾਵਾਂ ਉਸ ਪੱਧਰ ‘ਤੇ ਪੂਰੀਆਂ ਨਾ ਹੋ ਸਕੀਆਂ । ਮੇਰੀਆਂ ਇਹ ਇੱਛਾਵਾਂ ਅਜੇ ਵੀ ਮਰੀਆਂ ਨਹੀਂ ਹਨ । ਹਾਂ, ਕਾਫ਼ੀ ਜ਼ਖ਼ਮੀ ਜ਼ਰੂਰ ਹੋ ਗਈਆਂ ਹਨ ।
ਉਹ ਦਿਨ ਦੂਰ ਚਲੇ ਗਏ ਹਨ । ਇਹ ਦਿਨ ਆ ਗਏ ਹਨ । ਹੁਣ ਵੀ ਕਈ ਸੱਜਣ ਮਿਲਦੇ ਹਨ । ਜੀਅ ਕਰਦਾ ਹੈ ਕਿ ਇਹ ਸੱਜਣ ਮੇਰੇ ਨਾਲ ਰਲਣ, ਤਾਂ ਕਿ ਕੁੱਝ ਸੇਵਾ ਗੁਰੂ ਦੀ ਕਰ ਸਕਾਂ । ਪਰ, ਜਦੋਂ ਕੁੱਝ ਗੱਲਾਂ ਬਾਰੇ ਵੀਚਾਰ ਕਰਦਾ ਹਾਂ, ਤਾਂ ਖ਼ਿਆਲ ਆਉਂਦਾ ਹੈ ਕਿ ਇਹ ਮੇਰਾ ਸਾਥ ਨਹੀਂ ਦੇ ਸਕਣਗੇ ।
ਮੇਰੇ ਪਿਤਾ ਜੀ ਨੇ ਬਹੁਤ ਜਾਣਕਾਰੀ ਇੱਕਠੀ ਕੀਤੀ ਸੀ ਸਾਰੇ ਭਾਰਤ ਵਿੱਚ ਫਿਰ ਤੁਰ ਕੇ । ਵਕਤ ਨੇ ਕੁੱਝ ਐਸੀ ਖੇਡ ਖੇਡੀ ਕਿ ਉਹ ਲਿਖਤ ਰੂਪ ਵਿੱਚ ਨਾ ਸਾਂਭੀ ਜਾ ਸਕੀ । ਮੈਂ ਵੀ ਜਿੰਨੀ-ਕੁ ਜਾਣਕਾਰੀ ਇਕੱਠੀ ਕਰ ਸਕਿਆਂ ਹਾਂ, ਉਸ ਨੂੰ ਲਿਖਤ ਰੂਪ ਵਿੱਚ ਸਾਂਭਣ ਵਿੱਚ ਵਕਤ ਲੱਗ ਜਾਏਗਾ । ਬਸ, ਇਹੋ ਸੋਚ ਕੇ ਦਿਲ ਉਦਾਸ ਹੋ ਜਾਂਦਾ ਹੈ ਕਿ ਜੇ ਮੈਂ ਵੀ ਨਾ ਸਾਂਭ ਸਕਿਆ, ਤਾਂ….. ??
ਦੂਰ-ਦ੍ਰਿਸ਼ਟੀ ਵਾਲੀ, ਭਰੋਸੇਯੋਗ, ਗੰਭੀਰ ਤੇ ਪਰਉਪਕਾਰੀ ਟੀਮ ਬਣ ਸਕੇ, ਤਾਂ ਬਹੁਤ ਹੀ ਫ਼ਾਇਦਾ ਹੈ । ਪਰ ਜੇ ਅਜਿਹੀ ਟੀਮ ਨਾ ਬਣ ਸਕੇ, ਤਾਂ ਇਕੱਲਿਆਂ ਹੀ ਯਤਨ ਜਾਰੀ ਰੱਖਣੇ ਚਾਹੀਦੇ ਹਨ ।
ਮੈਂਨੂੰ ਪਰ੍ਹਾਂ ਹੱਟ ਚੁੱਕੇ ਉਨ੍ਹਾਂ ਸਾਥੀਆਂ ‘ਤੇ ਕੋਈ ਗਿਲ੍ਹਾ ਵੀ ਨਹੀਂ ਹੈ । ਉਨ੍ਹਾਂ ਦੇ ਘਰੋਗੀ ਹਾਲਾਤ ਉਨ੍ਹਾਂ ਨੂੰ ਪਰ੍ਹੇ ਲੈ ਗਏ । ਕੁੱਝ ਉਨ੍ਹਾਂ ਦੀ ਆਪਣੀ ਸੋਚ ਵੀ ਬਦਲ ਗਈ, ਜਾਂ ਇੰਝ ਕਹਿ ਲਉ ਕਿ ਸੋਚ ਮਰ ਗਈ ।
ਚੰਗੀ ਸੋਚ ਦਾ ਮਰ ਜਾਣਾ ਬਹੁਤ ਵੱਡਾ ਹਾਦਸਾ ਹੁੰਦਾ ਹੈ । ਬੰਦਾ ਮਰ ਜਾਏ, ਤਾਂ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ । ਸੋਚ ਮਰ ਜਾਏ, ਤਾਂ ਕੋਈ ਕੀ ਰਸਮ ਨਿਭਾਏ?
ਜੱਦ ਗ਼ੌਰ ਨਾਲ ਤੱਕਦਾ ਹਾਂ, ਤਾਂ ਹਰ ਕੋਈ ਕਤਲ ਹੋਣ ਲਈ ਆਪੋ-ਆਪਣੀ ਸਲੀਬ ਚੁੱਕੀ ਮਕਤਲ (ਕਤਲਗਾਹ) ਵੱਲ ਤੁਰਿਆ ਜਾਂਦਾ ਜਾਪਦਾ ਹੈ । ਜਦੋਂ ਕੋਈ ਕਤਲਗਾਹ ਵਲ ਤੁਰਿਆ ਜਾ ਰਿਹਾ ਹੋਵੇ, ਤਾਂ ਉਸ ਨੂੰ ਮੈਂ ਕਿਵੇਂ ਆਖਾਂ ਕਿ ਮੇਰਾ ਸਾਥ ਦੇ?
“ਮੈਂ ਕਿਸੇ ਕਹੂੰ ਮੇਰੇ ਸਾਥ ਚਲ,
ਯਹਾਂ ਸਬ ਕੇ ਸਰ ਪੇ ਸਲੀਬ ਹੈ ।” (ਰਾਣਾ ਸਹਰੀ)