‘ਮੈਂ ਸਾਰਾ ਦਿਨ ਕੀਹ ਕਰਦਾ ਹਾਂ’

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਆਪਣੀ ਜ਼ਿੰਦਗੀ ਦਾ ਇੱਕ ਟੀਚਾ ਮਿੱਥ ਲੈਣਾ ਤੇ ਫਿਰ ਉਸ ਟੀਚੇ ਨੂੰ ਹਾਸਿਲ ਕਰਨ ਦੀ ਜੀਅ-ਤੋੜ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਹ ਮਹਿਸੂਸ ਕਰਦੇ ਰਹਿਣਾ ਕਿ ਕੁੱਝ ਕੀਤਾ ਨਹੀਂ ਜਾ ਸਕਿਆ । ਇਹ ਸਥਿੱਤੀ ਦੁੱਖਦਾਇਕ ਹੁੰਦੀ ਹੈ । ਇੰਨੀ ਦੁੱਖਦਾਇਕ ਕਿ ਹੱਸਦੇ-ਵੱਸਦੇ ਇਨਸਾਨ ਨੂੰ ਘੋਰ ਨਿਰਾਸ਼ਾ ਦੇ ਖੂਹ ਵਿੱਚ ਧੱਕ ਸੁੱਟਦੀ ਹੈ ।

ਆਪਣੇ ਖ਼ਾਬਾਂ ਨੂੰ ਪੂਰੇ ਹੁੰਦਿਆਂ ਦੇਖਣ ਵਿੱਚ ਜਿੰਨੀ ਖ਼ੁਸ਼ੀ ਮਿਲਦੀ ਹੈ, ਉਸ ਤੋਂ ਜ਼ਿਆਦਾ ਦੁੱਖ ਉਨ੍ਹਾਂ ਖ਼ਾਬਾਂ ਨੂੰ ਮਰਦੇ ਹੋਏ ਦੇਖਦਿਆਂ ਹੁੰਦਾ ਹੈ ।

ਹਰ ਵਿਅਕਤੀ ਦੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਯੁੱਧ ਹੈ, ਇੱਕ ਮਹਾਂ-ਯੁੱਧ । ਮਹਾਂ-ਯੁੱਧ ਵੀ ਮਹਾਂਭਾਰਤ ਵਰਗਾ । ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਮਹਾਂ-ਯੁੱਧ ਲੜ੍ਹ ਰਿਹਾ ਹੈ । ਇਹ ਗੱਲ ਵੱਖਰੀ ਹੈ ਕਿ ਜ਼ਿੰਦਗੀ ਦਾ ਮਹਾਂਭਾਰਤ ਲੜ੍ਹਦਿਆਂ ਹਰ ਕੋਈ ਅੱਡਰੀ-ਅੱਡਰੀ ਭੂਮਿਕਾ ਅਦਾ ਕਰ ਰਿਹਾ ਹੈ । ਹੋ ਸਕਦਾ ਹੈ ਕੋਈ ਦੁਰਯੋਧਨ ਬਣਿਆ ਹੋਵੇ ਤੇ ਕੋਈ ਅਰਜੁਨ । ਕੋਈ ਵਿਰਲਾ ਸ਼੍ਰੀ ਕ੍ਰਿਸ਼ਨ ਦੇ ਪੈਰ-ਚਿੰਨ੍ਹਾਂ ‘ਤੇ ਵੀ ਚਲ ਰਿਹਾ ਹੋ ਸਕਦਾ ਹੈ ।

ਮਹਾਂਭਾਰਤ ਵਰਗਾ ਭਿਅੰਕਰ ਮਹਾਂਯੁੱਧ ਮਹਿਜ਼ ਦੋ ਵਿਅਕਤੀਆਂ ਵਿਚਾਲੇ ਨਹੀਂ, ਬਲਕਿ ਦੋ ਵੱਡੀਆਂ ਧਿਰਾਂ ਵਿੱਚ ਲੜਿਆ ਜਾਂਦਾ ਹੈ । ਜ਼ਿੰਦਗੀ ਦੀ ਮਹਾਂਭਾਰਤ ਦਾ ਵੀ ਇਹ ਹੀ ਹਾਲ ਹੈ । ਤੁਹਾਡੀ ਜ਼ਿੰਦਗੀ ਦੀ ਮਹਾਂਭਾਰਤ ਵਿੱਚ ਤੁਸੀਂ ਵੀ ਕਿਸੇ ਧਿਰ ਦੇ ਨਾਲ ਖੜੇ ਹੁੰਦੇ ਹੋ ਤੇ ਕਿਸੇ ਧਿਰ ਦੇ ਖ਼ਿਲਾਫ਼ ਡੱਟੇ ਹੁੰਦੇ ਹੋ । ਜੇ ਤੁਸੀਂ ਦੁਰਯੋਧਨ ਹੋ, ਜਾਂ ਅਰਜੁਨ ਹੋ, ਤਾਂ ਕੋਈ ਤੁਹਾਡੀ ਧਿਰ ਦਾ ਹਿੱਸਾ ਬਣਿਆ ਹੁੰਦਾ ਹੈ ਤੇ ਤੁਸੀਂ ਆਪਣੀ ਧਿਰ ਦੀ ਅਗਵਾਈ ਆਪ ਕਰ ਰਹੇ ਹੁੰਦੇ ਹੋ ।

ਕਿਸੇ ਧਿਰ ਦਾ ਹਿੱਸਾ ਬਣ ਕੇ ਯੁੱਧ ਕਰਨ ਅਤੇ ਕਿਸੇ ਧਿਰ ਦਾ ਆਗੂ ਬਣ ਕੇ ਯੁੱਧ ਕਰਨ ਵਿੱਚ ਬਹੁਤ ਫ਼ਰਕ ਹੁੰਦਾ ਹੈ ।

ਮਹਾਂਭਾਰਤ ਦੇ ਵਿਨਾਸ਼ਕਾਰੀ ਮਹਾਂਯੁੱਧ ਵਿੱਚ ਲੱਖਾਂ ਲੋਕ ਲੜੇ । ਅਨੇਕ ਮਰਦ ਬਹਾਦੁਰਾਂ ਵਾਂਗ ਲੜਦੇ ਹੋਏ ਮਾਰੇ ਗਏ । ਉਨ੍ਹਾਂ ਸਭਨਾਂ ਦੇ ਨਾਮ ਇਤਿਹਾਸ ਨੇ ਸੰਭਾਲ ਕੇ ਨਹੀਂ ਰੱਖੇ । ਇੰਨੇ ਨਾਮ ਸੰਭਾਲ ਕੇ ਰੱਖੇ ਵੀ ਨਹੀਂ ਜਾ ਸਕਦੇ ਸਨ । ਬਸ, ਉਨ੍ਹਾਂ ਕੁੱਝ ਲੋਕਾਂ ਦੇ ਨਾਮ ਹੀ ਹੁਣ ਪਤਾ ਹਨ, ਜੋ ਮਹਾਂਭਾਰਤ ਦੇ ਯੁੱਧ ਵਿੱਚ ਸ਼ਾਮਿਲ ਹੋਏ । ਇਹ ਉਹ ਲੋਕ ਸਨ, ਜੋ ਉਸ ਮਹਾਂਯੁੱਧ ਵਿੱਚ ਕੋਈ ਵੱਡੀ ਭੂਮਿਕਾ ਨਿਭਾ ਰਹੇ ਸਨ । ਇਹ ਉਹ ਲੋਕ ਸਨ, ਜੋ ਕਿਸੇ ਧਿਰ ਦੇ ਅਹਿਮ ਹਿੱਸੇ ਸਨ । ਇਹ ਉਹ ਲੋਕ ਸਨ, ਜੋ ਕਿਸੇ ਧਿਰ ਦੇ ਆਗੂਆਂ ਵਿੱਚੋਂ ਸਨ । ਬਸ, ਇਨ੍ਹਾਂ ਲੋਕਾਂ ਦੇ ਹੀ ਨਾਮ ਸਾਡੇ ਤਕ ਪਹੁੰਚ ਸਕੇ ਹਨ । ਤਾਂ ਹੀ ਤਾਂ ਮੈਂ ਕਿਹਾ ਹੈ ਕਿ ਕਿਸੇ ਧਿਰ ਦਾ ਹਿੱਸਾ ਬਣ ਕੇ ਯੁੱਧ ਕਰਨ ਅਤੇ ਕਿਸੇ ਧਿਰ ਦਾ ਆਗੂ ਬਣ ਕੇ ਯੁੱਧ ਕਰਨ ਵਿੱਚ ਬਹੁਤ ਫ਼ਰਕ ਹੁੰਦਾ ਹੈ ।

ਪਰ, ਉਨ੍ਹਾਂ ਲੋਕਾਂ ਦਾ ਕੀ, ਜੋ ਆਪਣੀ ਜ਼ਿੰਦਗੀ ਦੇ ਮਹਾਂਭਾਰਤ ਦਾ ਯੁੱਧ ਲੜਨ ਲਈ ਬਿਲਕੁਲ ਇੱਕਲੇ ਹੀ ਮੈਦਾਨ-ਏ-ਜੰਗ ਵਿੱਚ ਨਿਤਰ ਆਏ? ਉਨ੍ਹਾਂ ਲੋਕਾਂ ਦਾ ਕੀ, ਜੋ ਮਹਾਂਯੁੱਧ ਵਿੱਚ ਕਿਸੇ ਵੱਡੀ ਧਿਰ ਦਾ ਹਿੱਸਾ ਨਾ ਬਣੇ? ਉਨ੍ਹਾਂ ਲੋਕਾਂ ਦਾ ਕੀ, ਜੋ ਮਹਾਂਯੁੱਧ ਵਿੱਚ ਡੱਟੀ ਖੜੀ ਕਿਸੇ ਵੱਡੀ ਸ਼ਕਤੀ ਖ਼ਿਲਾਫ਼ ਯੁੱਧ ਕਰਨ ਲਈ ਇਕੱਲੇ ਹੀ ਨਿਤਰ ਪਏ?

ਸਥਿੱਤੀ ਉਦੋਂ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ, ਜਦੋਂ ਕੋਈ ਇਕੱਲਾ ਸੂਰਮਾ ਮਾਰਨਾ ਤਾਂ ਕੌਰਵਾਂ ਨੂੰ ਹੀ ਚਾਹੁੰਦਾ ਹੈ, ਪ੍ਰੰਤੂ ਕੌਰਵਾਂ ਦਾ ਹੀ ਰੱਥਵਾਨ ਵੀ ਬਣਿਆ ਹੁੰਦਾ ਹੈ ।

ਕ੍ਰਿਸ਼ਨ ਵਰਗੇ ਨੀਤੀਵਾਨ ਦੀ ਅਗਵਾਈ ਅਧੀਨ ਪੰਜ ਪਾਂਡਵਾਂ ਦੀ ਮਦਦ ਲਈ ਹਜ਼ਾਰਾਂ ਯੋਧੇ ਆਏ, ਤਾਂ ਵੀ ਮਹਾਂਭਾਰਤ ਦਾ ਭਿਅੰਕਰ ਯੁੱਧ ਜਿੱਤਣ ਵਿੱਚ ਬਹੁਤ ਸੰਘਰਸ਼ ਕਰਨਾ ਪਿਆ ਤੇ ਨੁਕਸਾਨ ਵੀ ਬਹੁਤ ਹੋਇਆ । ਉਸ ਵਿਅਕਤੀ ਦਾ ਕੀ, ਜੋ ਇਕੱਲਾ ਹੀ ਕੌਰਵ ਸੈਨਾ ਖ਼ਿਲਾਫ਼ ਯੁੱਧ ਕਰਨ ਨਿਕਲ ਪਿਆ ਹੋਵੇ? ਸਭ ਨੂੰ ਪਤਾ ਹੀ ਹੈ ਕਿ ਕੌਰਵਾਂ ਦੇ ਸਾਥੀ ਪਾਂਡਵਾਂ ਦੇ ਸਾਥੀਆਂ ਤੋਂ ਜ਼ਿਆਦਾ ਹੀ ਹੁੰਦੇ ਹਨ ।

ਕੋਈ ਸ਼ੱਕ ਨਹੀਂ ਕਿ ਅਜਿਹੇ ਭਿਅੰਕਰ ਮਹਾਂਭਾਰਤ ਵਿੱਚ ਇਕੱਲਾ ਨਿਤਰਿਆ ਸੂਰਬੀਰ ਕਈ ਵਾਰ ਨਿਰਾਸ਼ਾ ਦੀ ਹਾਲਤ ਵਿੱਚ ਵੀ ਆ ਸਕਦਾ ਹੈ । ਦੁਬਿਧਾ ਤਾਂ ਅਰਜੁਨ ਨੂੰ ਵੀ ਹੋ ਹੀ ਗਈ ਸੀ, ਹਾਲਾਂਕਿ ਸ੍ਰੀ ਕ੍ਰਿਸ਼ਨ ਵਰਗਾ ਉਪਦੇਸ਼ਕ ਉਸ ਦਾ ਰੱਥਵਾਨ ਸੀ ਤੇ ਉਸਦੇ ਆਪਣੇ ਚਾਰ ਭਰਾ ਮੰਨੇ-ਪ੍ਰਮੰਨੇ ਯੋਧੇ ਸਨ । ਉਸ ਦੀ ਮਦਦ ਲਈ ਹਜ਼ਾਰਾਂ ਯੋਧਿਆਂ ਦੇ ਹੁੰਦਿਆਂ ਵੀ ਅਰਜੁਨ ਹਮੇਸ਼ਾ ਹੀ ਤਾਂ ਚੜ੍ਹਦੀ ਕਲਾ ਵਿੱਚ ਨਹੀਂ ਰਿਹਾ । ਫਿਰ ਉਸ ਵਿਅਕਤੀ ਦੀ ਤਾਂ ਗੱਲ ਹੀ ਕੀ, ਜੋ ਬਿਲਕੁਲ ਹੀ ਇਕੱਲਾ ਹੈ । ਅਜਿਹੇ ਵਿਅਕਤੀ ਨੂੰ ਜੇ ਨਿਰਾਸ਼ਾ ਘੇਰ ਲਏ, ਤਾਂ ਕੋਈ ਹੈਰਾਨੀ ਨਹੀਂ ।

ਸ਼ਿਵ ਕੁਮਾਰ ਬਟਾਲਵੀ ਨੇ ਇੱਕ ਕਵਿਤਾ ਲਿਖੀ ਸੀ, ਜਿਸਦਾ ਸਿਰਲੇਖ ਹੈ ‘ਮੈਂ ਸਾਰਾ ਦਿਨ ਕੀਹ ਕਰਦਾ ਹਾਂ’ । ਮੈਂਨੂੰ ਇਹ ਕਵਿਤਾ ਬਹੁਤ ਪਸੰਦ ਹੈ ।

ਇਸ ਕਵਿਤਾ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਖ਼ੂਬ ਲਿੱਖਿਆ ਹੈ: –

ਮੈਂ ਜ਼ਿੰਦਗੀ ਦੇ ਮਹਾਂ ਭਾਰਤ ਦਾ
ਆਪ ਇਕੱਲਾ ਯੁੱਧ ਲੜਦਾ ਹਾਂ

ਆਪਣੀ ਜ਼ਿੰਦਗੀ ਦੇ ਮਹਾਂਭਾਰਤ ਦਾ ਯੁੱਧ ਇਕੱਲਾ ਲੜਨ ਦਾ ਸੰਕਲਪ ਹੀ ਵੱਖਰਾ ਹੈ । ਜੋ ਇਸ ਨੂੰ ਸਮਝ ਸਕਣ, ਉਹ ਹੀ ਇਸ ਕਵਿਤਾ ਦੀ ਭਾਵਨਾ ਨੂੰ ਸਮਝ ਸਕਦੇ ਹਨ ।

ਕੋਈ ਆਮ ਵਿਅਕਤੀ ਜੇ ਇਕੱਲਾ ਹੀ ਕੌਰਵ ਸੈਨਾ ਦੇ ਖ਼ਿਲਾਫ਼ ਨਿਤਰ ਪਏ, ਤਾਂ ਨਿਰਾਸ਼ਾ ਹੋ ਜਾਣੀ ਸੰਭਵ ਹੈ । ਉਸ ਦੇ ਖ਼ਾਬਾਂ ਦਾ ਮਰ ਜਾਣਾ ਸੰਭਵ ਹੈ ।

ਇੱਕ-ਇਕੱਲੇ ਯੋਧੇ ਦੇ ਖ਼ਾਬਾਂ ਨੂੰ ਸ਼ਿਵ ਕੁਮਾਰ ਬਟਾਲਵੀ ‘ਅਭਿਮੰਨਿਊ’ ਨਾਲ ਉਪਮਾ ਦਿੰਦਾ ਹੈ । ਅਭਿਮੰਨਿਊ ਮਹਾਂਭਾਰਤ ਵਿੱਚ ਲੜਨ ਵਾਲਾ 16 ਸਾਲ ਦੀ ਉਮਰ ਦਾ ਇੱਕ ਯੋਧਾ ਸੀ, ਜੋ ਪਾਂਡਵ ਅਰਜੁਨ ਦਾ ਪੁੱਤਰ ਤੇ ਕ੍ਰਿਸ਼ਨ ਦਾ ਭਾਣਜਾ ਸੀ । ਕੌਰਵ ਸੈਨਾ ਵੱਲੋਂ ਵਿਉਂਤੇ ਗਏ ਚੱਕਰਵਿਊਹ ਵਿੱਚ ਉਹ ਇਕੱਲਾ ਹੀ ਪਹੁੰਚ ਜਾਂਦਾ ਹੈ ਤੇ ਵੱਡੇ-ਵੱਡੇ ਯੋਧਿਆਂ ਦੇ ਖ਼ਿਲਾਫ਼ ਲੜਦਾ ਹੋਇਆ ਵੀਰਗਤੀ ਪ੍ਰਾਪਤ ਕਰ ਲੈਂਦਾ ਹੈ ।

ਸ਼ਿਵ ਕੁਮਾਰ ਬਟਾਲਵੀ ਇੱਕ-ਇਕੱਲੇ ਯੋਧੇ ਦੇ ਖ਼ਾਬਾਂ ਨੂੰ, ਉਸਦੇ ਮਿੱਥੇ ਹੋਏ ਟੀਚੇ ਨੂੰ ‘ਅਭਿਮੰਨਿਊ’ ਆਖਦਾ ਹੈ । ਕਿਸਮਤ ਨੂੰ ਉਹ ਚੱਕਰਵਿਊਹ ਦੀ ਉਪਮਾ ਦਿੰਦਾ ਹੈ ਤੇ ਸਮੇਂ ਨੂੰ ਜੈਦਰਥ ਕਹਿੰਦਾ ਹੈ । ਰਾਜਾ ਜੈਦਰਥ ਮਹਾਂਭਾਰਤ ਦੇ ਯੁੱਧ ਵਿੱਚ ਪਾਂਡਵਾਂ ਦੇ ਖ਼ਿਲਾਫ਼ ਕੌਰਵਾਂ ਵੱਲੋਂ ਲੜਿਆ ਸੀ । ਇਹ ਜੈਦਰਥ ਹੀ ਸੀ, ਜਿਸ ਨੇ ਅਭਿਮੰਨਿਊ ਨੂੰ ਆਚਾਰੀਆ ਦ੍ਰੋਣ ਵੱਲੋਂ ਰਚੇ ਗਏ ਚੱਕਰਵਿਊਹ ਵਿੱਚ ਫਸਾ ਲੈਣ ਦੀ ਸਫਲ ਵਿਉਂਤਬੰਦੀ ਕੀਤੀ ਸੀ ।

ਖ਼ਾਬਾਂ ਦਾ ਇਹ ਅਭਿਮੰਨਿਊ ਕਿਸਮਤ ਦੇ ਚੱਕਰਵਿਊਹ ਵਿੱਚ ਐਸਾ ਘਿਰਦਾ ਹੈ ਕਿ ਵਕਤ ਦਾ ਜੈਦਰਥ ਉਸ ਦੀ ਮੌਤ ਦਾ ਪ੍ਰਮੁੱਖ ਕਾਰਣ ਬਣਦਾ ਹੈ । ਖ਼ਾਬਾਂ ਦਾ ਇਹ ਅਭਿਮੰਨਿਊ ਜਦੋਂ ਮਾਰਿਆ ਜਾਂਦਾ ਹੈ, ਤਾਂ ਜੈਦਰਥ ਉਸ ਦੀ ਲੋਥ ਨੂੰ ਠੋਕਰ ਮਾਰਦਾ ਤੇ ਖ਼ੁਸ਼ੀ ਮਨਾਉਂਦਾ ਹੈ ।

ਅਭਿਮੰਨਿਊ ਦੀ ਮੌਤ
ਅਭਿਮੰਨਿਊ ਦੀ ਮੌਤ

ਆਪਣੇ ਖ਼ਾਬਾਂ ਨੂੰ ਮਰਿਆ ਹੋਇਆ ਦੇਖ ਕੇ ਕੌਣ ਦੁੱਖੀ ਨਹੀਂ ਹੁੰਦਾ? ਜਿਨ੍ਹਾਂ ਨੇ ਇਨ੍ਹਾਂ ਖ਼ਾਬਾਂ ਨੂੰ ਪੂਰਾ ਨਹੀਂ ਹੋਣ ਦਿੱਤਾ, ਉਨ੍ਹਾਂ ਤੋਂ ਬਦਲਾ ਲੈਣ ਦੀ ਇੱਛਾ ਵੀ ਇਨਸਾਨ ਵਿੱਚ ਪੈਦਾ ਹੋ ਹੀ ਜਾਂਦੀ ਹੈ ।

ਇਤਿਹਾਸਿਕ ਅਭਿਮੰਨਿਊ ਆਪਣੇ ਪਿਤਾ ਅਰਜੁਨ ਦਾ ਇੱਕ ਖ਼ਾਬ ਹੀ ਤਾਂ ਸੀ । ਜਦੋਂ ਕੌਰਵ ਸੈਨਾ ਨੇ ਚੱਕਰਵਿਊਹ ਵਿੱਚ ਘਿਰੇ ਅਭਿਮੰਨਿਊ ਨੂੰ ਕਤਲ ਕਰ ਦਿੱਤਾ, ਤਾਂ ਅਰਜੁਨ ਨੇ ਪ੍ਰਣ ਕੀਤਾ ਕਿ ਅਗਲੇ ਦਿਨ ਦਾ ਸੂਰਜ ਡੁੱਬਣ ਤੋਂ ਪਹਿਲਾਂ-ਪਹਿਲਾਂ ਉਹ ਜਾਂ ਤਾਂ ਜੈਦਰਥ ਨੂੰ ਯੁੱਧ ਵਿੱਚ ਕਤਲ ਕਰ ਦਏਗਾ ਜਾਂ ਖ਼ੁਦਕੁਸ਼ੀ ਕਰ ਲਏਗਾ ।

ਸ਼ਿਵ ਕੁਮਾਰ ਲਿੱਖਦਾ ਹੈ: –

ਕਿਸਮਤ ਵਾਲੇ ਵਿਊਹ-ਚੱਕਰ ਵਿੱਚ
ਆਪਣੇ ਖ਼ਾਬਾਂ ਦਾ ਅਭਿਮੰਨਿਊ
ਜੈਦਰਥ ਸਮਿਆਂ ਦੇ ਹੱਥੋਂ
ਵੇਖ ਕੇ ਮਰਿਆ
ਨਿੱਤ ਸੜਦਾ ਹਾਂ
ਤੇ ਪ੍ਰਤਿੱਗਿਆ ਨਿੱਤ ਕਰਦਾ ਹਾਂ
ਕੱਲ੍ਹ ਦਾ ਸੂਰਜ ਡੁੱਬਣ ਤੀਕਣ
ਸਾਰੇ ਕੌਰਵ ਮਾਰ ਦਿਆਂਗਾ
ਜਾਂ ਮਰ ਜਾਣ ਦਾ ਪ੍ਰਣ ਕਰਦਾ ਹਾਂ

ਜੈਦਰਥ ਦੀ ਮੌਤ
ਜੈਦਰਥ ਦੀ ਮੌਤ

ਅਰਜੁਨ ਨੇ ਤਾਂ ਆਪਣਾ ਪ੍ਰਣ ਪੂਰਾ ਕਰ ਵਿਖਾਇਆ ਸੀ । ਹਰ ਕੋਈ ਅਰਜੁਨ ਵਾਂਗ ਪ੍ਰਣ ਪੂਰਾ ਨਹੀਂ ਕਰ ਸਕਦਾ । ਆਪਣੀ ਕਵਿਤਾ ਵਿੱਚ ਵੀ ਸ਼ਿਵ ਕੁਮਾਰ ਬਟਾਲਵੀ ਨੇ ਉਸ ਨਮੋਸ਼ੀ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਜੋ ਆਪਣਾ ਕੋਈ ਵੀ ਪ੍ਰਣ ਪੂਰਾ ਨਾ ਕਰ ਸਕਣ ਕਾਰਣ ਪੈਦਾ ਹੁੰਦੀ ਹੈ : –

ਪਰ ਨਾ ਮਾਰਾਂ, ਨਾ ਮਰਦਾ ਹਾਂ
ਆਪਣੇ ਪਾਲੇ ਵਿੱਚ ਠਰਦਾ ਹਾਂ
ਤੇ ਬੱਸ ਏਸ ਨਮੋਸ਼ੀ ਵਿਚ ਹੀ
ਕੌਰਵਾਂ ਦਾ ਰੱਥ ਹਿੱਕਦੇ ਹਿੱਕਦੇ
ਜ਼ਿੱਲਤ ਦੇ ਵਿੱਚ ਪਿਸਦੇ ਪਿਸਦੇ
ਰਾਤ ਦੇ ਕਾਲੇ ਤੰਬੂਆਂ ਅੰਦਰ
ਹਾਰ ਹੁੱਟ ਕੇ ਆ ਵੜਦਾ ਹਾਂ
ਨੀਂਦ ਦਾ ਇਕ ਸੱਪ ਪਾਲ ਕੇ
ਆਪਣੀ ਜੀਭੇ ਆਪ ਲੜਾ ਕੇ
ਬੇਹੋਸ਼ੀ ਨੂੰ ਜਾ ਫੜਦਾ ਹਾਂ

ਧਰਮ ਇੱਕ ਵੱਖਰੀ ਹਸਤੀ ਹੈ ਤੇ ਸੰਸਥਾਗਤ ਸੰਪਰਦਾਇਕਤਾ ਇੱਕ ਅੱਡਰੀ ਮਾਨਸਿਕਤਾ ਹੈ । ਸੰਸਥਾਗਤ ਸੰਪਰਦਾਇਕਤਾ ਦੇ ਕੌਰਵਾਂ ਦੀ ਭੀੜ ਦੇ ਖ਼ਿਲਾਫ਼ ਅਤੇ ਸੱਚੇ ‘ਧਰਮ’ ਦੇ ਹੱਕ ਵਿੱਚ ਮਹਾਂਯੁੱਧ ਲੜਨ ਲਈ ਇਕੱਲਾ ਨਿਤਰਨਾ ਕੋਈ ਬੱਚਿਆਂ ਦੀ ਖੇਡ ਨਹੀਂ । ਸੰਸਥਾਗਤ ਸੰਪਰਦਾਇਕਤਾ ਦੇ ਕੌਰਵਾਂ ਦੇ ਖ਼ਿਲਾਫ਼ ‘ਧਰਮ’ ਦਾ ਝੰਡਾ ਲੈ ਕੇ ਨਿਕਲਣ ਵਾਲੇ ਅਜਿਹੇ ਹੀ ਇੱਕ ਮਹਾਂਯੋਧੇ ਦਾ ਨਾਮ ਸਤਿਗੁਰੂ ਨਾਨਕ ਦੇਵ ਜੀ ਹੈ । ਫਿਰ ਇਹ ਯੋਧੇ ਸਤਿਗੁਰੂ ਐਸੇ ਕਿ ਕੌਰਵਾਂ ਖ਼ਿਲਾਫ਼ ਇਕੱਲੇ ਨਿਤਰੇ ਵੀ, ਨਿਰਾਸ਼ਾ ਵਿੱਚ ਵੀ ਨਾ ਆਏ ਤੇ ਫਿਰ ਜਿੱਤ ਵੀ ਪ੍ਰਾਪਤ ਕੀਤੀ ।

ਪਰ, ਕੋਈ ਹੋਰ ਸਤਿਗੁਰੂ ਨਾਨਕ ਦੇਵ ਜੀ ਵਰਗਾ ਬਣ ਨਹੀਂ ਸਕਦਾ ।

ਸੰਸਥਾਗਤ ਸੰਪਰਦਾਇਕਤਾ ਦੀ ਕੌਰਵ ਸੈਨਾ ਦੇ ਖ਼ਿਲਾਫ਼ ਮੈਂ ਇਕੱਲਾ ਹੀ ਯੁੱਧਭੂਮੀ ਵਿੱਚ ਪਹੁੰਚ ਤਾਂ ਗਿਆ ਹਾਂ, ਪਰ ਦੁਰਯੋਧਨਾਂ, ਦੁਸ਼ਾਸਨਾਂ, ਤੇ ਜੈਦਰਥਾਂ ਦੀ ਇਸ ਭਿਅੰਕਰ ਫ਼ੌਜ ਦੇ ਖ਼ਿਲਾਫ਼ ਮੇਰਾ ਯੁੱਧ ਮਹਿਜ਼ ਪ੍ਰਤੀਕਮਈ ਹੀ ਹੈ । ਖ਼ਾਸ ਕਰ ਕੇ ਉਦੋਂ, ਜਦੋਂ ਭੀਸ਼ਮ ਪਿਤਾਮਾ ਤੇ ਆਚਾਰੀਆ ਦ੍ਰੌਣ ਵੀ ਕੌਰਵ ਸੈਨਾ ਦੀ ਹੀ ਹਮਾਇਤ ਵਿੱਚ ਖੜੇ ਹੋਏ ਹੋਣ ।

ਮੇਰੇ ਵੱਲੋਂ ਪ੍ਰਤੀਕਮਈ ਯੁੱਧ ਦਾ ਭਾਵ ਸਿਰਫ਼ ਇੰਨਾ ਹੀ ਹੈ ਕਿ ਮੈਂ ਇਹ ਉਮੀਦ ਨਹੀਂ ਕਰਦਾ ਕਿ ਮੈਂ ਇਹ ਯੁੱਧ ਜਿੱਤ ਜਾਵਾਂਗਾ । ਮੈਂ ਤਾਂ ਸਿਰਫ਼ ਵਕਤ ਦੇ ਪੰਨਿਆਂ ‘ਤੇ ਇਹ ਦਰਜ ਕਰਵਾਉਣਾ ਹੈ ਕਿ ਮਹਾਂਯੁੱਧ ਵਿੱਚ ਮੈਂ ‘ਸੰਸਥਾਗਤ ਸੰਪਰਦਾਇਕਤਾ’ ਦੀ ਕੌਰਵ ਸੈਨਾ ਦੇ ਖ਼ਿਲਾਫ਼ ਖੜਾ ਸੀ ਤੇ ‘ਧਰਮ’ ਦੇ ਹੱਕ ਵਿੱਚ ਸੀ ।

ਮੈਂ ਇਹ ਨਹੀਂ ਕਹਿੰਦਾ ਕਿ ਯੁੱਧਭੂਮੀ ਵਿੱਚ ਮੈਂਨੂੰ ਨਿਰਾਸ਼ਾ ਜਾਂ ਨਮੋਸ਼ੀ ਨਹੀਂ ਘੇਰਦੀ । ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬੇਇੱਜ਼ਤ ਹੋਇਆ ਮਹਿਸੂਸ ਨਹੀਂ ਕਰਦਾ ।

ਮੈਂ ਇਸ ਮਹਾਂਯੁੱਧ ਵਿੱਚ ‘ਧਰਮ’ ਦੇ ਹੱਕ ਵਿੱਚ ਹਾਂ ਤੇ ‘ਸੰਸਥਾਗਤ ਸੰਪਰਦਾਇਕਤਾ’ ਦੇ ਖ਼ਿਲਾਫ਼ ਹਾਂ । ਹਾਂ, ਕਦੇ-ਕਦੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਮੈਂ ਪਰਛਾਵੇਂ ਪਕੜ ਰਿਹਾ ਹਾਂ ਤੇ ਆਪਣੀ ਹੀ ਧੁੱਪ ਵਿੱਚ ਸੜ੍ਹ ਰਿਹਾ ਹਾਂ । ਸ਼ਿਵ ਕੁਮਾਰ ਬਟਾਲਵੀ ਨੇ ਵੀ ਆਪਣੀ ਇਸ ਕਵਿਤਾ ਦੀ ਸ਼ੁਰੂਆਤ ਇੱਥੋਂ ਹੀ ਕੀਤੀ ਹੈ: –

ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣੀ ਧੁੱਪ ਵਿਚ ਹੀ ਸੜਦਾ ਹਾਂ


ਪੂਰੀ ਕਵਿਤਾ ਇਸ ਪ੍ਰਕਾਰ ਹੈ: –

ਮੈਂ ਸਾਰਾ ਦਿਨ ਕੀਹ ਕਰਦਾ ਹਾਂ
(ਸ਼ਿਵ ਕੁਮਾਰ ਬਟਾਲਵੀ)

ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣੀ ਧੁੱਪ ਵਿਚ ਹੀ ਸੜਦਾ ਹਾਂ

ਹਰ ਦਿਹੁੰ ਦੇ ਦੁਰਯੋਧਨ ਅੱਗੇ
ਬੇਚੈਨੀ ਦੀ ਚੌਪੜ ਧਰ ਕੇ
ਮਾਯੂਸੀ ਨੂੰ ਦਾਅ ‘ਤੇ ਲਾ ਕੇ
ਸ਼ਰਮਾਂ ਦੀ ਦਰੋਪਦ ਹਰਦਾ ਹਾਂ
ਤੇ ਮੈਂ ਪਾਂਡਵ ਏਸ ਸਦੀ ਦਾ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ-ਹਰਨ ਕਰਦਾ ਹਾਂ
ਵੇਖ ਨਗਨ ਆਪਣੀ ਕਾਇਆ ਨੂੰ
ਆਪੇ ਤੋਂ ਨਫ਼ਰਤ ਕਰਦਾ ਹਾਂ
ਨੰਗੇ ਹੋਣੋਂ ਬਹੁੰ ਡਰਦਾ ਹਾਂ
ਝੂਠ ਕਪਟ ਦੇ ਕੱਜਣ ਤਾਈਂ
ਲੱਖ ਉਸ ‘ਤੇ ਪਰਦੇ ਕਰਦਾ ਹਾਂ
ਦਿਨ ਭਰ ਭਟਕਣ ਦੇ ਜੰਗਲ ਵਿਚ
ਪੀਲੇ ਜਿਸਮਾਂ ਦੇ ਫੁੱਲ ਸੁੰਘਦਾ
ਸ਼ੋਹਰਤ ਦੇ ਸਰਵਰ ‘ਤੇ ਘੁੰਮਦਾ
ਬੇਸ਼ਰਮੀ ਦੇ ਘੁੱਟ ਭਰਦਾ ਹਾਂ
ਯਾਰਾਂ ਦੇ ਸੁਣ ਬੋਲ ਕੁਸੈਲੇ
ਫਿਟਕਾਰਾਂ ਸੰਗ ਹੋਏ ਮੈਲੇ
ਬੁਝੇ ਦਿਲ ‘ਤੇ ਨਿੱਤ ਜਰਦਾ ਹਾਂ
ਮੈਂ ਜ਼ਿੰਦਗੀ ਦੇ ਮਹਾਂ ਭਾਰਤ ਦਾ
ਆਪ ਇਕੱਲਾ ਯੁੱਧ ਲੜਦਾ ਹਾਂ
ਕਿਸਮਤ ਵਾਲੇ ਵਿਊਹ-ਚੱਕਰ ਵਿੱਚ
ਆਪਣੇ ਖ਼ਾਬਾਂ ਦਾ ਅਭਿਮੰਨਿਊ
ਜੈਦਰਥ ਸਮਿਆਂ ਦੇ ਹੱਥੋਂ
ਵੇਖ ਕੇ ਮਰਿਆ
ਨਿੱਤ ਸੜਦਾ ਹਾਂ
ਤੇ ਪ੍ਰਤਿੱਗਿਆ ਨਿੱਤ ਕਰਦਾ ਹਾਂ
ਕੱਲ੍ਹ ਦਾ ਸੂਰਜ ਡੁੱਬਣ ਤੀਕਣ
ਸਾਰੇ ਕੌਰਵ ਮਾਰ ਦਿਆਂਗਾ
ਜਾਂ ਮਰ ਜਾਣ ਦਾ ਪ੍ਰਣ ਕਰਦਾ ਹਾਂ
ਪਰ ਨਾ ਮਾਰਾਂ, ਨਾ ਮਰਦਾ ਹਾਂ
ਆਪਣੇ ਪਾਲੇ ਵਿੱਚ ਠਰਦਾ ਹਾਂ
ਤੇ ਬੱਸ ਏਸ ਨਮੋਸ਼ੀ ਵਿਚ ਹੀ
ਕੌਰਵਾਂ ਦਾ ਰੱਥ ਹਿੱਕਦੇ ਹਿੱਕਦੇ
ਜ਼ਿੱਲਤ ਦੇ ਵਿੱਚ ਪਿਸਦੇ ਪਿਸਦੇ
ਰਾਤ ਦੇ ਕਾਲੇ ਤੰਬੂਆਂ ਅੰਦਰ
ਹਾਰ ਹੁੱਟ ਕੇ ਆ ਵੜਦਾ ਹਾਂ
ਨੀਂਦ ਦਾ ਇਕ ਸੱਪ ਪਾਲ ਕੇ
ਆਪਣੀ ਜੀਭੇ ਆਪ ਲੜਾ ਕੇ
ਬੇਹੋਸ਼ੀ ਨੂੰ ਜਾ ਫੜਦਾ ਹਾਂ
ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ-ਹਰਨ ਕਰਦਾ ਹਾਂ