ਆਮ ਜਨਤਾ ਦੇ ਮਨਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਭਾਰੀ ਰੋਹ ਹੈ | ਇਹੀ ਵਜ੍ਹਾ ਸੀ ਕਿ ਗਾਂਧੀਵਾਦੀ ਅੰਨਾ ਹਜ਼ਾਰੇ ਦੀ ਅਗਵਾਈ ਵਾਲੇ ਅੰਦੋਲਨ ਨੂੰ ਇਸਦੇ ਸ਼ੁਰੂਆਤੀ ਪੜਾਅ ‘ਤੇ ਭਾਰੀ ਸਮਰਥਨ ਮਿਲਿਆ | ਮਗਰੋਂ, ਛੇਤੀ ਹੀ ਇਹ ‘ਅਹਿੰਸਕ’ ਸੰਘਰਸ਼ ਆਪਣੀ ਤੇਜ਼ ਧਾਰ ਗੁਆ ਰਿਹਾ ਜਾਪਣ ਲੱਗਾ |
ਜਦੋਂ ਇਸ ਸੰਘਰਸ਼ ਨੇ ਅਜੇ ਆਪਣੇ ਸਿਖਰ ਵੱਲ ਵਧਣਾ ਸ਼ੁਰੂ ਕੀਤਾ ਹੀ ਸੀ, ਯੋਗਾਚਾਰੀਆ ਰਾਮਦੇਵ ਨੂੰ ਇਸ ਵਿਸ਼ਾਲ ਦ੍ਰਿਸ਼ ਵਿੱਚ ਪ੍ਰਵੇਸ਼ ਕਰਦੇ ਦੇਖਿਆ ਗਿਆ | ਕੁਝ ਵਿਚਾਰਵਾਨਾਂ ਨੇ ਰਾਮਦੇਵ ਦੇ ਇਸ ਪ੍ਰਵੇਸ਼ ਨੂੰ ਅੰਨਾ ਹਜ਼ਾਰੇ ਦੇ ਸਮਾਜਿਕ ਕੱਦ ਨੂੰ ਛੋਟਾ ਕਰਨ ਦੀ ਸਰਕਾਰੀ ਚਾਲ ਦਾ ਹਿੱਸਾ ਸਮਝਿਆ | ਕੁਝ ਵੀ ਸੀ, ਇੱਕ ਵਾਰ ਤਾਂ ਸਾਰੇ ਮੀਡੀਆ ਦੀ ਨਜਰ ਦਾ ਕੇਂਦਰ ਬਿੰਦੂ ਹਜ਼ਾਰੇ ਨਾ ਹੋ ਕੇ ਰਾਮਦੇਵ ਬਣ ਗਿਆ | ਜਦੋਂ ਹੀ ਰਾਮਦੇਵ ਨੇ ਸਰਕਾਰ ਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ, ਸਰਕਾਰ ਨੇ ਉਸ ਗੁਪਤ ਪੱਤਰ ਨੂੰ ਜ਼ਾਹਿਰ ਕਰ ਦਿੱਤਾ, ਜਿਸ ਤੋਂ ਸਪਸ਼ਟ ਹੋ ਰਿਹਾ ਸੀ ਕਿ ਰਾਮਦੇਵ ਆਪਣੇ ਮਰਣ-ਵਰਤ ਦੇ ਆਰੰਭ ਤੋਂ ਪਹਿਲਾਂ ਹੀ ਸਰਕਾਰ ਨਾਲ ਸਮਝੌਤਾ ਕਰੀ ਬੈਠਾ ਸੀ | ਤੈਸ਼ ਵਿੱਚ ਆਏ ਰਾਮਦੇਵ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਆਪਣਾ ਮਰਣ-ਵਰਤ ਸ਼ੁਰੂ ਕਰ ਦਿੱਤਾ | ਕਈਆਂ ਨੇ ਸੋਚਿਆ, ‘ਕ੍ਰਾਂਤੀਕਾਰੀ’ ਜਿਹਾ ਜਾਪਣ ਦੀ ਕੋਸ਼ਿਸ਼ ਕਰਦਾ ਇਹ ਸੰਨਿਆਸੀ ਆਪਣੀਆਂ ਮੰਗਾਂ ਪੂਰੀਆਂ ਹੋਣ ਤਕ ਮਰਣ-ਵਰਤ ਜਾਰੀ ਰੱਖੇਗਾ |
ਵਕਤ ਦੀ ਸਰਕਾਰ ਨਾਲ ਟੱਕਰ ਲੈਣੀ ਹਰ ਕਿਸੇ ਦੇ ਵੱਸ ਦੀ ਖੇਡ ਨਹੀਂ ਹੁੰਦੀ | ਅੱਧੀ ਰਾਤ ਨੂੰ ਜਦੋਂ ਪੁਲਿਸ ਰਾਮਦੇਵ ਦੇ ਮਰਣ-ਵਰਤ ਵਾਲੇ ਪੰਡਾਲ ਵਿੱਚ ਦਾਖ਼ਲ ਹੋਈ, ਤਾਂ ਰਾਮਦੇਵ ਨੇ ਸਟੇਜ ਤੋਂ ਛਾਲ ਮਾਰਣ ਵਿੱਚ ਦੇਰ ਨਾ ਲਾਈ | ਸੰਸਾਰ ਨੇ ‘ਕ੍ਰਾਂਤੀਕਾਰੀ’ ਵਿਚਾਰਾਂ ਦਾ ਪ੍ਰਚਾਰ ਕਰਨ ਵਾਲੇ ਸੰਨਿਆਸੀ ਰਾਮਦੇਵ ਨੂੰ ਆਪਣੀ ਕਿਸੀ ਚੇਲੀ ਦੀ ਸਲਵਾਰ ਕਮੀਜ਼ ਪਾ ਕੇ ਇੱਕ ਔਰਤ ਦਾ ਭੇਸ ਧਾਰਣ ਕਰ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਦੇਖਿਆ | ਹਾਲਾਂਕਿ ਰਾਮਦੇਵ ਦੀ ਇਹ ਕੋਸ਼ਿਸ਼ ਅਸਫਲ ਹੀ ਰਹੀ ਤੇ ਪੁਲਿਸ ਨੇ ਲੋਕ-ਸੰਘਰਸ਼ ਦੇ ਇਸ ਭਗੌੜੇ ਨੂੰ ਹਰਦੁਆਰ ਸਥਿਤ ਇਸ ਦੇ ਆਸ਼ਰਮ ਵਿੱਚ ਪਹੁੰਚਾ ਦਿੱਤਾ |
ਰਾਮਦੇਵ ਨੇ ਉੱਥੇ ਪਹੁੰਚ ਕੇ ਵੀ ਮਰਣ-ਵਰਤ ਜਾਰੀ ਰੱਖਣ ਦਾ ਐਲਾਨ ਕਰ ਮਾਰਿਆ | ਛੇਤੀ ਹੀ, ਸੰਸਾਰ ਨੇ ਮਰਣ-ਵਰਤ ‘ਤੇ ਬੈਠੇ ਰਾਮਦੇਵ ਨੂੰ ਨਿੰਬੂ-ਪਾਣੀ ਪੀਂਦੇ ਵੇਖਿਆ | ਇਹ ਵੀ ਜਿਆਦਾ ਦੇਰ ਤਕ ਨਾ ਚੱਲਿਆ ਤੇ ਰਾਮਦੇਵ ਨੇ ਰਿਸ਼ੀਕੇਸ਼ ਨੇੜੇ ਇੱਕ ਹਸਪਤਾਲ ਵਿੱਚ ‘ਸ੍ਰੀ ਸ਼੍ਰੀ’ ਰਵਿਸ਼ੰਕਰ ਦੇ ਹੱਥੋਂ ਫਲਾਂ ਦਾ ਰਸ ਪੀ ਕੇ ਆਖਿਰ ਇਸ ‘ਅਧ-ਕਚਰੇ’ ਜਿਹੇ ਮਰਣ-ਵਰਤ ਤੋਂ ਵੀ ਕਿਨਾਰਾ ਕਰ ਲਿਆ |
ਜਦੋਂ ਰਿਸ਼ੀਕੇਸ਼ ਨੇੜੇ ਇੱਕ ਹਸਪਤਾਲ ਵਿੱਚ ਰਾਮਦੇਵ ਆਪਣਾ ਕਥਿਤ ਮਰਣ-ਵਰਤ ਤੋੜ ਰਿਹਾ ਸੀ, ਉਸੇ ਹਸਪਤਾਲ ਵਿੱਚ ਸਵਾਮੀ ਨਿਗਮਾਨੰਦ ਜੀ ਇੱਕ ਮਰਦ ਵਾਂਗੂ ਆਪਣੇ ਵਚਨ ‘ਤੇ ਕਾਇਮ ਰਹਿੰਦਿਆਂ ਆਪਣਾ ਮਰਣ-ਵਰਤ ਜਾਰੀ ਰੱਖ ਰਹੇ ਸਨ | ਉਹ ਗੰਗਾ ਨਦੀ ਵਿੱਚ ਜਾਰੀ ਗੈਰ-ਕਾਨੂੰਨੀ ਖੁਦਾਈ ਤੇ ਪ੍ਰਦੂਸ਼ਣ ਖਿਲਾਫ਼ ਫ਼ਰਵਰੀ ੧੯, ੨੦੧੧ ਤੋਂ ਮਰਣ-ਵਰਤ ‘ਤੇ ਬੈਠੇ ਸਨ | ਸਵਾਮੀ ਨਿਗਮਾਨੰਦ ਜੀ ਨੇ ਪਹਿਲਾਂ ਵੀ ਜਨਵਰੀ ੨੦, ੨੦੦੮ ਤੋਂ ਅਪ੍ਰੈਲ ੨੦੦੮ ਤਕ ਗੰਗਾ ਨਦੀ ਵਿੱਚ ਜਾਰੀ ਗੈਰ-ਕਾਨੂੰਨੀ ਖੁਦਾਈ ਤੇ ਪ੍ਰਦੂਸ਼ਣ ਖਿਲਾਫ਼ ਵਰਤ ਰਖਿਆ ਸੀ, ਜਿਸ ਦੇ ਨਤੀਜੇ ਵਜੋਂ ਇਸ ਖੁਦਾਈ ‘ਤੇ ਪਾਬੰਦੀ ਲੱਗ ਗਈ ਸੀ | ਕੁਝ ਹੀ ਚਿਰ ਮਗਰੋਂ, ਇਹ ਪਾਬੰਦੀ ਫਿਰ ਹਟਾ ਲਈ ਗਈ |
ਰਾਮਦੇਵ ਤਾਂ ਫਲਾਂ ਦਾ ਰਸ ਪੀ ਕੇ ਹਸਪਤਾਲ ਵਿਚੋਂ ਤੁਰ ਗਿਆ, ਪਰ ਕੁਝ ਹੀ ਘੰਟਿਆਂ ਮਗਰੋਂ ਮਰਦ ਸਵਾਮੀ ਨਿਗਮਾਨੰਦ ਜੀ ਨੇ ੧੧੫ ਦਿਨਾਂ ਤਕ ਮਰਣ-ਵਰਤ ਜਾਰੀ ਰਖਦਿਆਂ ੧੩ ਜੂਨ, ੨੦੧੧ ਨੂੰ ਆਖਿਰ ਉਸੇ ਹਸਪਤਾਲ ਵਿੱਚ ਸ਼ਹਾਦਤ ਦਾ ਜਾਮ ਪੀ ਲਿਆ | (http://www.tribuneindia.com/2011/20110614/main7.htm)
ਬੱਸ, ਇਹੀ ਮੌਕਾ ਸੀ, ਜਦੋਂ ਮੈਨੂੰ ਭਾਈ ਦਰਸ਼ਨ ਸਿੰਘ ਫੇਰੂਮਾਨ ਫਿਰ ਯਾਦ ਆਏ | ਸਟੇਜ ‘ਤੇ ਬਹਿ ਕੇ ਲੋਕਾਂ ਨੂੰ ਭਾਸ਼ਣ ਸੁਣਾ ਲੈਣਾ ਹੋਰ ਗੱਲ ਹੈ, ਪਰ ਭਾਈ ਦਰਸ਼ਨ ਸਿੰਘ ਫੇਰੂਮਾਨ (http://www.sikhiwiki.org/index.php/Darshan_Singh_Pheruman) ਵਾਂਗ ਮਰਣ-ਵਰਤ ‘ਤੇ ਬੈਠਿਆਂ ਸ਼ਹੀਦੀ ਪ੍ਰਾਪਤ ਕਰ ਲੈਣੀ ਹੋਰ ਗੱਲ ਹੈ | ਸਵਾਮੀ ਨਿਗਮਾਨੰਦ ਜੀ ਦੀ ਸ਼ਹਾਦਤ ਨੇ ਇਹ ਸਿਧ ਕਰ ਕੇ ਦਿਖਾ ਦਿੱਤਾ ਹੈ ਕਿ ਭਾਰਤ-ਭੂਮੀ ‘ਤੇ ਅਜੇ ਵੀ ਬਚਨ ਦੇ ਬਲੀ ਸੂਰਮੇ ਸਾਧੂ ਤੇ ਧਰਮੀ ਜੀਊੜੇ ਮੌਜੂਦ ਹਨ, ਜਿਹਨਾਂ ਲਈ ਆਪਣੀ ਜਾਨ ਬਚਾਉਣ ਤੋਂ ਜ਼ਿਆਦਾ ਜ਼ਰੂਰੀ ਆਪਣਾ ਬਚਨ ਪੂਰਾ ਕਰਨਾ ਹੈ |
– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’