ਭਾਈ ਮਤੀ ਦਾਸ ਜੀ ਨੂੰ ਯਾਦ ਕਰਦਿਆਂ…

ਦੰਦ ਦਾ ਦਰਦ ਵੀ ਬੜਾ ਦੁੱਖਦਾਈ ਹੁੰਦਾ ਹੈ, ਇਹ ਮੈਂਨੂੰ ਬਸ ਕੁਝ-ਕੁ ਦਿਨ ਪਹਿਲਾਂ ਹੀ ਚੰਗੀ ਤਰ੍ਹਾਂ ਸਮਝ ਆਇਆ. ਕੁਝ ਹਫ਼ਤੇ ਪਹਿਲਾਂ ਮੈਨੂੰ ਆਪਣੀ ਥੱਲੇ ਵਾਲੀ ਖੱਬੀ ਜਾੜ੍ਹ ਵਿੱਚ ਦਰਦ ਮਹਿਸੂਸ ਹੋਣਾ ਸ਼ੁਰੂ ਹੋਇਆ. ਕੁਝ ਦਿਨਾਂ ਵਿੱਚ ਹੀ ਇਹ ਦਰਦ ਤੇਜ਼ ਹੋਣ ਲੱਗ ਪਿਆ. ਫਿਰ, ਇੱਕ ਦਿਨ ਜਦੋਂ ਮੈਂ ਗੁਰਬਾਣੀ ਦਾ ਸਹਿਜ ਪਾਠ ਕਰ ਰਿਹਾ ਸੀ, ਤਾਂ ਇਹ ਦਰਦ ਬਰਦਾਸ਼ਤ ਕਰਨਾ ਔਖਾ ਹੋ ਗਿਆ. ਮਹਿਜ਼ ੨੦ ਮਿੰਟਾਂ ਮਗਰੋਂ ਹੀ ਮੈਂ ਗੁਰਬਾਣੀ ਦੀ ਪੋਥੀ ਸੁਖਾਸਨ ਕਰ ਕੇ ਰੱਖ ਦਿੱਤੀ. ਦਰਦ ਬਹੁਤ ਜ਼ਿਆਦਾ ਸੀ.

ਸ਼ਾਮ ਨੂੰ ਜਦੋਂ ਮੈਂ ਦੰਦਾਂ ਦੇ ਡਾਕਟਰ (ਡੇੰਟਿਸਟ) ਡਾ. ਸੰਦੀਪ ਸਿੰਘ ਦੇਵ ਕੋਲ ਚੈੱਕ-ਅੱਪ ਲਈ ਗਿਆ, ਤਾਂ ਮੈਂ ਉਹਨਾਂ ਨੂੰ ਕਿਹਾ, “ਪਤਾ ਨਹੀਂ ਕਿਵੇਂ, ਭਾਈ ਮਤੀ ਦਾਸ ਜੀ ਨੇ ਆਰੇ ਨਾਲ ਚੀਰੇ ਜਾਣ ਦਾ ਦਰਦ ਬਰਦਾਸ਼ਤ ਕਰਦਿਆਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਸੰਪੂਰਣ ਕੀਤਾ ਹੋਇਗਾ?”

Bhai Mati Das Jiਭਾਈ ਮਤੀ ਦਾਸ ਜੀ ਦੀ ਸ਼ਹਾਦੱਤ

ਖੈਰ, ਡਾਕਟਰ ਸਾਹਿਬ ਨੇ ਮੁਆਇਨਾ ਕਰਨ ਮਗਰੋਂ ਦੱਸਿਆ ਕਿ ੧੦ ਦੰਦਾਂ ਦੀ ਫਿਲਿੰਗ ਕਰਨ ਦੀ ਜ਼ਰੂਰਤ ਹੈ, ਪਰ ਇਸ ਤੋਂ ਵੱਡੀ ਗੱਲ ਇਹ ਸੀ ਕਿ ਦੋ ਅਕਲ-ਜਾੜ੍ਹਾਂ ਨੂੰ ਵੀ ਕਢਣਾ ਪੈਣਾ ਸੀ. ਇਹ ਅਕਲ-ਜਾੜ੍ਹਾਂ ਅਲਗ-ਅਲਗ ਦਿਨ ਕਢੀਆਂ ਜਾਣੀਆਂ ਸਨ ਤੇ ਅਜਿਹਾ ਕਰਨ ਲਈ ਚੀਰਾ ਲਗਾਇਆ ਜਾਣਾ ਸੀ.

ਦੰਦਾਂ ਦੀ ਫਿਲਿੰਗ ਕਰਵਾ ਕੇ ਤੇ ਪਹਿਲੀ ਅਕਲ-ਜਾੜ੍ਹ ਕਢਣ ਦਾ ਦਿਨ ਤੇ ਵਕਤ ਮੁਕਰਰ ਕਰ ਕੇ ਮੈਂ ਘਰ ਪਰਤ ਤਾਂ ਆਇਆ, ਪਰ ਭਾਈ ਮਤੀ ਦਾਸ ਵੱਲੋਂ ਆਰੇ ਨਾਲ ਚੀਰੇ ਜਾਣ ਦਾ ਦਰਦ ਬਰਦਾਸ਼ਤ ਕਰਦਿਆਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਸੰਪੂਰਣ ਕਰਨਾ ਮੇਰੇ ਖਿਆਲ ਵਿੱਚ ਉਵੇਂ ਹੀ ਛਾਇਆ ਰਿਹਾ.

ਨਿਯਤ ਸਮੇਂ ‘ਤੇ ਮੈਂ ਆਪਣੇ ਘਰ ਤੋਂ ੧੨-੧੩ ਕਿਲੋਮੀਟਰ ਦੂਰ ਸਥਿਤ ਇਸ ਡੈਂਟਲ ਕਲੀਨਿਕ ‘ਤੇ ਆਪਣੇ ਮੋਟਰ-ਸਾਈਕਲ ‘ਤੇ ਪੁੱਜਾ, ਕਿਉਂਕਿ ਮੇਰੇ ਘਰ ਦੇ ਨਜ਼ਦੀਕ ਰਸਤਾ ਖ਼ਰਾਬ ਹੋਣ ਕਾਰਣ ਕਾਰ ਨਹੀਂ ਸੀ ਨਿਕਲ ਸਕਦੀ. ਦੋ ਡਾਕਟਰਾਂ (ਡਾ. ਸੰਦੀਪ ਸਿੰਘ ਦੇਵ ਤੇ ਡਾ. ਅੰਜਲੀ ਦੇਵ) ਨੇ ਲਗਭਗ ਸਵਾ ਘੰਟਾ ਲਾ ਕੇ ਬੜੀ ਮਿਹਨਤ ਨਾਲ ਮੇਰੀ ਦਰਦ ਕਰਦੀ ਅਕਲ-ਜਾੜ੍ਹ ਨੂੰ ਇੱਕ ਛੋਟੇ ਜਿਹੇ ਆਪ੍ਰੇਸ਼ਨ ਨਾਲ ਕਢ ਕੇ ਟਾਂਕੇ ਲਗਾ ਦਿੱਤੇ.

ਜਾੜ੍ਹ ਤਾਂ ਕਢਵਾ ਲਈ ਸੀ, ਪਰ ਹੁਣ ਖੁਦ ਮੋਟਰ-ਸਾਈਕਿਲ ਚਲਾ ਕੇ ਵਾਪਸ ੧੨-੧੩ ਕਿਲੋਮੀਟਰ ਦੂਰ ਘਰ ਵੀ ਪਹੁੰਚਣਾ ਸੀ. ਅਜੇ ਡਾਕਟਰ ਵੱਲੋਂ ਲਿਖੀ ਦਵਾਈ ਵੀ ਖਰੀਦਣੀ ਸੀ, ਤੇ ਪੀਣ ਲਈ ਫਲਾਂ ਦਾ ਰਸ ਵਗੈਰਾ ਵੀ, ਕਿਉਂਕਿ ਜਾੜ੍ਹ ਕਢਵਾਉਣ ਤੋਂ ਬਾਅਦ ਕੁਝ ਦਿਨਾਂ ਤਕ ਕੁਝ ਸਖ਼ਤ ਚੀਜ਼ ਖਾਣਾ ਤਾਂ ਅਸੰਭਵ ਹੀ ਸੀ. ਜਿਵੇਂ ਕਿ ਪਹਿਲਾਂ ਵੀ ਕਈ ਵਾਰ ਹੋਇਆ, ਮੈਂ ਇਸ ਸੰਸਾਰ ਵਿੱਚ ਇੱਕਲਿਆਂ ਰਹਿਣ ਦਾ ਕਸ਼ਟ ਫਿਰ ਮਹਿਸੂਸ ਕੀਤਾ.

ਡੈਂਟਲ ਕਲੀਨਿਕ ਤੋਂ ਬਾਹਰ ਆ ਕੇ ਮੈਂ ਇੱਕ ਵਾਰ ਫਿਰ ਭਾਈ ਮਤੀ ਦਾਸ ਜੀ ਨੂੰ ਯਾਦ ਕੀਤਾ. ਮੈਨੂੰ ਕੁਝ ਹੌਸਲਾ ਮਹਿਸੂਸ ਹੋਇਆ. ਮੈਂ ਨੇੜੇ ਹੀ ਇੱਕ ਕੈਮਿਸਟ ਤੋਂ ਡਾਕਟਰ ਵੱਲੋਂ ਲਿਖੀ ਦਵਾਈ ਖਰੀਦ ਲਈ. ਯਾਦ ਆਇਆ ਕਿ ਮੋਟਰਸਾਈਕਲ ਵਿਚ ਪੈਟ੍ਰੋਲ ਵੀ ਪੁਆਉਣਾ ਹੈ. ਪੈਟ੍ਰੋਲ ਪੁਆ ਕੇ, ਪੀਣ ਲਈ ਫਲਾਂ ਦਾ ਰਸ ਵਗੈਰਾ ਕੇ ਮੈਂ ਲਗਭਗ ਇੱਕ ਘੰਟੇ ਮਗਰੋਂ ਆਪਣੇ ਘਰ ਜਾ ਪੁੱਜਾ. ਜੋ ਸੁੱਖ ਛੱਜੂ ਦੇ ਚੌਬਾਰੇ, ਉਹ ਬਲਖ ਨਾ ਬੁਖਾਰੇ.

ਘਰ ਪਹੁੰਚਣ ਤਕ ਕਢੀ ਗਈ ਜਾੜ੍ਹ ਵਾਲੀ ਥਾਂ ‘ਤੇ ਦਰਦ ਬਹੁਤ ਹੀ ਤੇਜ਼ ਹੋ ਗਿਆ. ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦਾ ਵਾਕਿਆ ਮੇਰੇ ਖਿਆਲਾਂ ਵਿੱਚ ਹੋਰ ਡੂੰਘਾ ਉਤਰਨ ਲੱਗਾ. ਬੜੀ ਔਖ ਨਾਲ ਮੈਂ ਦਰਦ ਨਿਵਾਰਕ ਦਵਾਈ ਲਈ ਤੇ ਬਿਸਤਰ ‘ਤੇ ਪਸਰ ਗਿਆ.

ਭਾਵੇਂ ਮੈਂ ਬਿਸਤਰੇ ‘ਤੇ ਅੱਖਾਂ ਬੰਦ ਕਰ ਕੇ ਪਿਆ ਹੋਇਆ ਸੀ, ਪਰ ਮੈਨੂੰ ਇੰਝ ਜਾਪ ਰਿਹਾ ਸੀ, ਜਿਵੇਂ ਮੈਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰੇ ਜਾਂਦਿਆਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਦੇ ਦੇਖ ਰਿਹਾ ਸੀ. ਖਿਆਲਾਂ ਦਾ ਵੀ ਅਜਬ ਨਜ਼ਾਰਾ ਹੁੰਦਾ ਹੈ. ਖਿਆਲਾਂ ਦਾ ਵੀ ਆਪਣੀ ਹੀ ਤਾਕਤ ਹੁੰਦੀ ਹੈ.

ਮੈਂ ਹੌਲੀ-ਹੌਲੀ ਉਠ ਕੇ ਬੈਠ ਗਿਆ ‘ਤੇ ਮਨ ਹੀ ਮਨ ਸ੍ਰੀ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ. ਪਾਠ ਕਰਦਿਆਂ ਵੀ ਉਸ ਮਹਾਨ ਗੁਰਸਿਖ ਦਾ ਖਿਆਲ ਦਿਮਾਗ਼ ਵਿੱਚ ਰਿਹਾ, ਜੋ ਸ੍ਰੀ ਸਤਿਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲ ਮੂੰਹ ਕਰ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਪਣੀ ਇਛਾ ਨੂੰ ਪੂਰੀ ਕਰਵਾ ਕੇ ਗੁਰਪੁਰੀ ਜਾ ਬਿਰਾਜਿਆ.

ਆਰੇ ਥੱਲੇ ਬਹਿ ਕੇ ਵੀ ਉਸ ਨੇ ਜਪੁਜੀ ਸਾਹਿਬ ਦਾ ਪਾਠ ਕਰ ਕੇ ਉਹ ਆਨੰਦ ਪ੍ਰਾਪਤ ਕਰ ਲਿਆ, ਜੋ ਮੇਰੇ ਵਰਗੇ ਏਅਰ-ਕੰਡੀਸ਼ਨਡ ਕਮਰੇ ਵਿੱਚ ਵੀ ਪਾਠ ਕਰ ਕੇ ਪ੍ਰਾਪਤ ਨਹੀਂ ਕਰ ਸਕਦੇ.

ਧੰਨ ਧੰਨ ਸਤਿਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਇਸ ਗੁਰਸਿੱਖ ਨੂੰ ਯਾਦ ਕਰਦਿਆਂ ਮੂੰਹੋਂ ਸਿਰਫ਼ ਇਹੀ ਨਿਕਲਦਾ ਹੈ, “ਧੰਨ ਧੰਨ ਭਾਈ ਮਤੀ ਦਾਸ ਜੀ, ਧੰਨ ਧੰਨ ਭਾਈ ਮਤੀ ਦਾਸ ਜੀ.”

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’