ਮਾਰਕ ਸਟ੍ਰੋਮਨ ਨੂੰ ਸਜ਼ਾ-ਏ-ਮੌਤ

ਅਮਰੀਕਾ ਵਿੱਚ ਮਾਰਕ ਐਂਥਨੀ ਸਟ੍ਰੋਮਨ ਨੇ ਜਦੋਂ ਅਕਤੂਬਰ ੦੪, ੨੦੦੧ ਨੂੰ ਵਾਸੂਦੇਵ ਪਟੇਲ ਦੀ ਛਾਤੀ ‘ਚ ਆਪਣੀ ਪਿਸਤੋਲ ਨਾਲ ਗੋਲੀ ਮਾਰ ਕੇ ਉਸਦਾ ਕਤਲ ਕੀਤਾ, ਉਹ (ਸਟ੍ਰੋਮਨ) ਇਸ ਕਤਲ ਨੂੰ ਦੇਸ਼-ਭਗਤੀ ਦਾ ਕਾਰਨਾਮਾ ਸਮਝ ਰਿਹਾ ਸੀ.

ਇਸ ਕਤਲ ਤੋਂ ਲਗਭਗ ਇੱਕ ਸਾਲ ਬਾਅਦ ਤੱਕ ਵੀ ਉਸ ਦਾ ਵਿਚਾਰ ਬਦਲਿਆ ਨਹੀਂ ਸੀ. ਆਪਣੇ ਬਲੋਗ ਉੱਤੇ ਉਸਨੇ ਕੁਝ ਇੰਝ ਲਿਖਿਆ, “ਇਹ ਕੋਈ ਨਫ਼ਰਤ ਦਾ ਅਪਰਾਧ ਨਹੀਂ, ਬਲਕਿ ਭਾਵਨਾ ਤੇ ਦੇਸ਼-ਭਗਤੀ ਦਾ ਕੰਮ ਸੀ, ਦੇਸ਼ ਤੇ ਸਮਰਪਣ ਦਾ ਕੰਮ, ਬਦਲਾ ਲੈਣ, ਸਜ਼ਾ ਦੇਣ ਦਾ ਕੰਮ ਸੀ. ਇਹ ਸ਼ਾਂਤੀ ਦੇ ਸਮੇਂ ਨਹੀਂ, ਬਲਕਿ ਯੁੱਧ ਦੇ ਵੇਲੇ ਕੀਤਾ ਗਿਆ ਸੀ.”

ਪਰ ਜਦੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਉਸ ਤੋਂ ਬਾਅਦ ਉਸ ਨੇ ਫੁਰਮਾਇਆ, “ਮੈਂ ਅਫ਼ਸੋਸ ਨਾਲ ਆਖਦਾ ਹਾਂ ਕਿ ਮੇਰੇ ਗੁੱਸੇ, ਦੁੱਖ ਤੇ ਨੁਕਸਾਨ ਦੀ ਕੀਮਤ ਬੇਦੋਸ਼ ਲੋਕਾਂ ਨੂੰ ਚੁਕਾਉਣੀ ਪਈ. ਮੈਂ ਆਪਣੇ ਅਤੇ ਮੇਰਾ ਸ਼ਿਕਾਰ ਬਣੇ ਲੋਕਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਛੱਡਿਆ ਹੈ. ਨਿਰੇ ਗੁੱਸੇ ਤੇ ਮੂਰਖਤਾ ਨਾਲ ਮੈਂ ਪਾਕਿਸਤਾਨ, ਭਾਰਤ, ਬੰਗਲਾਦੇਸ਼ ਤੇ ਸਾਊਦੀ ਅਰਬ ਦੇ ਕੁਝ ਲੋਕਾਂ ਨਾਲ ਕੁਝ ਕੀਤਾ. ਤੇ ਹੁਣ ਮੈਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਹਾਂ. ਅਤੇ, ਕਿਸੀ ਤਰ੍ਹਾਂ ਵੀ ਮੈਨੂੰ ਉਸ ‘ਤੇ ਫ਼ਖਰ ਨਹੀਂ ਹੈ, ਜੋ ਮੈਂ ਕੀਤਾ.”

ਵਾਸੂਦੇਵ ਪਟੇਲ ਦੇ ਕਤਲ ਤੋਂ ਪਹਿਲਾਂ ਮਾਰਕ ਐਂਥਨੀ ਸਟ੍ਰੋਮਨ ਨੇ ਸਤੰਬਰ ੧੫ ਨੂੰ ਪਾਕਿਸਤਾਨੀ ਮੂਲ ਦੇ ਵੱਕਾਰ ਹਸਨ ਦੇ ਸਿਰ ‘ਚ ਗੋਲੀ ਕੇ ਉਸਦਾ ਕਤਲ ਕਰ ਦਿੱਤਾ ਸੀ. ਮਹਿਜ਼ ਛੇ ਦਿਨਾਂ ਮਗਰੋਂ ਹੀ ਮਾਰਕ ਸਟ੍ਰੋਮਨ ਨੇ ਰਈਸਉੱਦੀਨ ਦੇ ਚਿਹਰੇ ‘ਤੇ ਗੋਲੀ ਦਾਗ ਦਿੱਤੀ. ਰਈਸਉੱਦੀਨ ਦੀ ਜਾਨ ਤਾਂ ਬੱਚ ਗਈ, ਪਰ ਉਸ ਦੀ ਇੱਕ ਅੱਖ ਹਮੇਸ਼ਾ-ਹਮੇਸ਼ਾ ਲਈ ਨਕਾਰਾ ਹੋ ਗਈ.

ਸਤੰਬਰ ੧੧, ੨੦੦੧ ਨੂੰ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਹੋਏ ਹਮਲਿਆਂ ਦੇ ਕਾਰਣ ਮਾਰਕ ਸਟ੍ਰੋਮਨ ਬੜੇ ਗੁੱਸੇ ‘ਚ ਸੀ. ਉਸਨੂੰ ਲੱਗਦਾ ਸੀ ਕਿ ਅਮਰੀਕੀ ਸਰਕਾਰ ਨੇ ਇਹਨਾਂ ਹਮਲਿਆਂ ਦਾ ਬਦਲਾ ਲੈਣ ਲਈ ਕੁਝ ਨਹੀਂ ਕੀਤਾ ਤੇ ਉਸ ਨੂੰ ਹੀ ਕੁਝ ਕਰਨਾ ਪਏਗਾ. ਉਸਨੇ ਤਿੰਨ ਜਣਿਆਂ ਨੂੰ ਮਧ-ਪੂਰਬ ਦੇ ਲੋਕ (ਅਰਬ ਮੁਸਲਮਾਨ) ਸਮਝ ਕੇ ਉਹਨਾਂ ‘ਤੇ ਹਮਲੇ ਕੀਤੇ. ਇਹਨਾਂ ਵਿੱਚੋਂ ਦੋ ਜਣੇ (ਪਟੇਲ ਤੇ ਹਸਨ) ਦੀ ਮੌਤ ਹੋ ਗਈ.

ਪਟੇਲ ਤੇ ਵੱਕਾਰ ਹਸਨ ਦਾ ਅਮਰੀਕਾ ਅੰਦਰ ਹੋਏ ਉਹਨਾਂ ਹਮਲਿਆਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਹੱਥ ਨਹੀਂ ਸੀ. ਗੁੱਸੇ ‘ਚ ਪਾਗਲ ਹੋਏ ਇੱਕ ਵਿਅਕਤੀ ਦੇ ਫ਼ਤੂਰ ਦਾ ਸ਼ਿਕਾਰ ਬਣੇ ਇਹਨਾਂ ਮਜ਼ਲੂਮਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ‘ਤੇ ਹਮਲਾ ਆਖਿਰ ਕੀਤਾ ਕਿਉਂ ਗਿਆ.

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਾਸੂਦੇਵ ਪਟੇਲ ਨਾ ਤਾਂ ਮੁਸਲਮਾਨ ਸੀ, ਨਾ ਹੀ ਕਿਸੀ ਅਰਬ ਦੇਸ਼ ਦਾ ਨਾਗਰਿਕ. ਉਹ ਭਾਰਤੀ ਮੂਲ ਦਾ ਹਿੰਦੂ ਸੀ. ਉਹ ਤਾਂ ਸਿਰਫ਼ ਇਸੇ ਲਈ ਮਾਰਿਆ ਗਿਆ, ਕਿਉਕਿਂ ਕੋਈ ਸਿਰ-ਫਿਰਿਆ ਕਾਤਿਲ ਉਸ ਨੂੰ ਮੁਸਲਮਾਨ ਸਮਝ ਰਿਹਾ ਸੀ.

ਅਮਰੀਕਾ ‘ਚ ਵਾਸੂਦੇਵ ਪਟੇਲ ਇਕੱਲਾ ਹੀ ਅਜਿਹਾ ਵਿਅਕਤੀ ਨਹੀਂ ਸੀ, ਜੋ ਕਿਸੇ ਸਿਰ-ਫਿਰੇ ਦੀ ਗਲਤਫ਼ਹਮੀ ਦਾ ਸ਼ਿਕਾਰ ਬਣਿਆ. ਬਹੁਤ ਸਾਰੇ ਸਿੱਖ ਵੀ ਸਿਰਫ਼ ਇਸ ਲਈ ਨਿਸ਼ਾਨਾ ਬਣੇ, ਕਿਉਂਕਿ ਹਮਲਾਵਰ ਉਨ੍ਹਾਂ ਨੂੰ ਮੁਸਲਮਾਨ ਸਮਝ ਰਹੇ ਸਨ.

ਕੁਝ ਦੇਰ ਦੀ ਨਫ਼ਰਤ ਨੇ ਸਾਰੇ ਸੰਸਾਰ ਵਿੱਚ ਕਿੰਨੇ ਹੀ ਲੋਕਾਂ ਦੇ ਕਤਲ ਕਰਵਾਏ ਹਨ ! ਨਫ਼ਰਤ ਦੀ ਹਨੇਰੀ ਵਿੱਚ ਕਿੰਨੀਆਂ ਹੀ ਸੱਤਵੰਤੀ ਔਰਤਾਂ ਨਾਲ ਦੁਰਾਚਾਰ ਹੋਇਆ ਹੈ ! ਚਾਹੇ ੧੯੪੭ ਦੇ ਅਗਸਤ ਮਹੀਨੇ ‘ਚ ਭਾਰਤ ਦੀ ਵੰਡ ਦੀ ਗੱਲ ਹੋਏ, ੧੯੮੪ ‘ਚ ਸਿੱਖਾਂ ਦਾ ਕਤਲੇਆਮ ਹੋਏ, ਪੰਜਾਬ ‘ਚ ਬੱਸਾਂ ਤੋਂ ਉਤਾਰ ਕੇ ਹਿੰਦੂਆਂ ਦੇ ਕਤਲ ਕਰਨਾ ਹੋਏ, ਗੁਜਰਾਤ ‘ਚ ਮੁਸਲਮਾਨਾਂ ਦਾ ਨਰਸੰਘਾਰ ਹੋਏ ਜਾਂ ਕਸ਼ਮੀਰ ‘ਚ ਪੰਡਤਾਂ ਦਾ ਦਮਨ, ਇਨਸਾਨ ਦੇ ਅੰਦਰ ਰਹਿੰਦੇ ਸ਼ੈਤਾਨ ਦੇ ਕਾਲੇ ਕਾਰਨਾਮਿਆਂ ਦੀ ਸੂਚੀ ਬੜੀ ਲੰਬੀ ਹੈ.

ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਦਿਆਂ ਮਾਰਕ ਸਟ੍ਰੋਮਨ ਨੇ ਕਿਹਾ ਸੀ, “ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਨਿਰਦੋਸ਼ ਵਿਅਕਤੀ ਹਾਂ. ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਮੇਰੇ ਲਈ ਅਫ਼ਸੋਸ ਕਰੋ, ਤੇ ਮੈਂ ਸੱਚਾਈ ਨਹੀਂ ਛੁਪਾਂਵਾਂਗਾ. ਮੈਂ ਇੱਕ ਇਨਸਾਨ ਹਾਂ ਤੇ ਮੈਂ ਪਿਆਰ, ਦੁੱਖ ਤੇ ਗੁੱਸੇ ਵਿੱਚ ਇੱਕ ਭਿਅੰਕਰ ਭੁੱਲ ਕੀਤੀ. ਅਤੇ ਮੇਰੇ ‘ਤੇ ਯਕੀਨ ਕਰੋ ਕਿ ਮੈਂ ਦਿਨ ਦੇ ਇੱਕ-ਇੱਕ ਮਿਨਟ ਵਿੱਚ ਇਸ ਦੀ ਕੀਮਤ ਚੁਕਾ ਰਿਹਾ ਹਾਂ.”

ਕੁਝ ਵੀ ਹੋਵੇ, ਮਾਰਕ ਸਟ੍ਰੋਮਨ ਨੇ ਆਪਣਾ ਗੁਨਾਹ ਕਬੂਲ ਕੀਤਾ ਤੇ ਆਪਣੇ ਪਛਤਾਵੇ ਦਾ ਇਜ਼ਹਾਰ ਵੀ ਕੀਤਾ. ਆਪਣੇ ਗੁਨਾਹ ਨੂੰ ਮੰਨ ਲੈਣ ਨਾਲ ਗੁਨਾਹਗਾਰ ਦਾ ਗੁਨਾਹ ਮਾਫ਼ ਤਾਂ ਨਹੀਂ ਹੁੰਦਾ, ਪਰ ਇਸ ਨਾਲ ਕੁਝ ਹੋਰ ਲੋਕਾਂ ਨੂੰ ਗੁਨਾਹਗਾਰ ਨਾ ਬਣਨ ਦੀ ਪ੍ਰੇਰਣਾ ਜ਼ਰੂਰ ਮਿਲਦੀ ਹੈ. ਗੁਨਾਹਗਾਰ ਦਾ ਪਛਤਾਵਾ ਕੁਝ ਹੱਦ ਤਕ ਕੁਝ ਲੋਕਾਂ ਨੂੰ ਉਹੀ ਗੁਨਾਹ ਕਰਨ ਤੋਂ ਰੋਕਦਾ ਹੈ.

੧੯੮੪ ਵਿੱਚ ਸਿੱਖਾਂ ਦਾ ਕਤਲੇਆਮ, ਪੰਜਾਬ ‘ਚ ਹਿੰਦੂਆਂ ਦੇ ਕਤਲ, ਗੁਜਰਾਤ ‘ਚ ਮੁਸਲਮਾਨਾਂ ਦਾ ਨਰਸੰਘਾਰ ਜਾਂ ਕਸ਼ਮੀਰ ‘ਚ ਪੰਡਤਾਂ ਦਾ ਦਮਨ ਕਰਨ ਲਈ ਕਿਸੀ ਵੀ ਤਰ੍ਹਾਂ ਦੇ ਦੋਸ਼ੀ ਕੀ ਮਾਰਕ ਸਟ੍ਰੋਮਨ ਦੀ ਰੀਸ ਕਰਨਗੇ? ਕੀ ਉਹ ਆਪਣਾ ਗੁਨਾਹ ਕਬੂਲ ਕਰਨਗੇ? ਗੁਨਾਹ ਕਬੂਲ ਕਰਨਾ ਵੀ ਕੁਝ ਹੱਦ ਤੱਕ ਬਹਾਦਰੀ ਹੀ ਹੈ. ਕੀ ਨਿਰਦੋਸ਼ਾਂ ਦੇ ਕਤਲ ਕਰਨ ਵਾਲੇ ਆਪਣਾ ਗੁਨਾਹ ਕਬੂਲ ਕਰ ਕੇ ਕੁਝ ਬਹਾਦਰੀ ਦਿਖਾਉਣਗੇ?

ਜੁਲਾਈ ੨੦, ੨੦੧੧ ਨੂੰ ਟੈੱਕਸਾਸ ਦੀ ਇੱਕ ਜੇਲ੍ਹ ਵਿੱਚ ਮਾਰਕ ਸਟ੍ਰੋਮਨ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ.

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’