ਅਜੀਬ ਸੱਦਾ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਆਪਣੀ ਜ਼ਿੰਦਗੀ ਵਿੱਚ ਅਸੀਂ ਕਈ ਪ੍ਰਕਾਰ ਦੇ ਸੱਦੇ ਪ੍ਰਾਪਤ ਕਰਦੇ ਹਾਂ । ਕਦੇ ਸਾਡਾ ਕੋਈ ਸੰਬੰਧੀ/ਰਿਸ਼ਤੇਦਾਰ ਜਾਂ ਕੋਈ ਦੋਸਤ ਆਪਣੇ ਵਿਆਹ ਵਿੱਚ ਸ਼ਾਮਿਲ ਹੋਣ ਦਾ ਸੱਦਾ ਸਾਨੂੰ ਦਿੰਦਾ ਹੈ ਤੇ ਕਦੇ ਨਵੇਂ ਘਰ ਦੇ ਉਦਘਾਟਨ ਸਮਾਗਮ ਲਈ ਸਾਨੂੰ ਕੋਈ ਸੱਦਾ ਮਿਲਦਾ ਹੈ ।

ਕਿਸੇ ਵੱਲੋਂ ਇਸ ਪ੍ਰਕਾਰ ਦਾ ਸੱਦਾ ਮਿਲਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਸਾਡਾ ਕੁੱਝ ਮਹੱਤਵ ਹੈ । ਇਹ ਇਸ ਗੱਲ ਦਾ ਸਬੂਤ ਹੈ ਕਿ ਕੋਈ ਆਪਣੀ ਜ਼ਿੰਦਗੀ ਦੀ ਉਸ ਮਹੱਤਵਪੂਰਣ ਘਟਨਾ ਵਿੱਚ ਸਾਡੀ ਸ਼ਮੂਲੀਅਤ ਨਾਲ ਖ਼ੁਸ਼ੀ ਮਹਿਸੂਸ ਕਰਦਾ ਹੈ । ਅਜਿਹਾ ਸੱਦਾ ਮਿਲਣਾ ਆਪਸੀ ਸੰਬੰਧਾਂ ਨੂੰ ਹੋਰ ਨਿੱਘਾ ਕਰਦਾ ਹੈ ।

ਅਜਿਹਾ ਨਹੀਂ ਕਿ ਕੇਵਲ ਖ਼ੁਸ਼ੀ ਦੇ ਮੌਕੇ ‘ਤੇ ਹੀ ਸੱਦਾ ਦਿੱਤਾ ਜਾਂਦਾ ਹੈ । ਘਰ-ਪਰਿਵਾਰ ਵਿੱਚ ਕਿਸੇ ਜੀਅ ਦੀ ਮੌਤ ਹੋਣ ‘ਤੇ ਵੀ ਦੋਸਤਾਂ-ਮਿੱਤਰਾਂ ਤੇ ਸੰਬੰਧੀਆਂ-ਰਿਸ਼ਤੇਦਾਰਾਂ ਨੂੰ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਲਈ ਆਖਿਆ ਜਾਂਦਾ ਹੈ । ਪਰਿਵਾਰ ਦੇ ਕਿਸੇ ਜੀਅ ਦੇ ਅੰਤਿਮ ਸੰਸਕਾਰ ਜਾਂ ਭੋਗ ਆਦਿ ਲਈ ਸੱਦਾ ਦਿੱਤਾ ਜਾਂਦਾ ਹੈ ।

ਦੁੱਖ ਦੇ ਮੌਕੇ ‘ਤੇ ਦਿੱਤੇ ਅਜਿਹੇ ਸੱਦੇ ਵੀ ਇਹੀ ਸੰਕੇਤ ਕਰਦੇ ਹਨ ਕਿ ਸੱਦੇ ਗਏ ਵਿਅਕਤੀ ਨਾਲ ਪਰਿਵਾਰ ਦੀ ਕੋਈ ਨੇੜਤਾ ਹੈ ।

ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਕਿ ਖ਼ੁਸ਼ੀ ਦੇ ਪਲ ਸਾਂਝੇ ਕਰਨ ਨਾਲ ਖ਼ੁਸ਼ੀ ਵੱਧ ਜਾਂਦੀ ਹੈ ਤੇ ਦੁੱਖ ਦੇ ਪੱਲ ਸਾਂਝੇ ਕਰਨ ਨਾਲ ਦੁੱਖ ਘੱਟ ਹੋ ਜਾਂਦਾ ਹੈ । ਇਸ ਗੱਲ ਵਿੱਚ ਕੁੱਝ ਸੱਚਾਈ ਤਾਂ ਜ਼ਰੂਰ ਹੈ ।

ਘਟਨਾ ਭਰਪੂਰ ਆਪਣੀ ਜ਼ਿੰਦਗੀ ਵਿੱਚ ਮੈਨੂੰ ਵੀ ਕਈ ਵਾਰ ਅਜਿਹੇ ਸੱਦੇ ਮਿਲੇ । ਉਨ੍ਹਾਂ ਵਿੱਚੋਂ ਕਈ ਸੱਦਿਆਂ ‘ਤੇ ਮੈਂ ਸੰਬੰਧਿਤ ਪਰਿਵਾਰ ਨਾਲ ਉਨ੍ਹਾਂ ਦੀ ਖ਼ੁਸ਼ੀ ਜਾਂ ਦੁੱਖ ਸਾਂਝਾਂ ਕਰਨ ਲਈ ਉਨ੍ਹਾਂ ਨਾਲ ਸ਼ਾਮਿਲ ਵੀ ਹੋਇਆ ।

ਮੇਰੇ (ਸਵਰਗੀ) ਪਿਤਾ ਜੀ ਦੇ ਮਾਮੀ ਜੀ ਬੀਬੀ ਚਤਰ ਕੌਰ ਜੀ, ਸੁਪਤਨੀ (ਸਵਰਗੀ) ਸ. ਮਨੋਹਰ ਸਿੰਘ ਜੀ ਨਾਲ ਮੇਰਾ ਚੰਗਾ ਪਿਆਰ ਬਣਿਆ ਹੋਇਆ ਸੀ । ਬਹੁਤ ਜ਼ਿਆਦਾ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਯਮੁਨਾਨਗਰ ਜ਼ਿਲ੍ਹੇ ਦੇ ਕਸਬੇ ਛਛਰੌਲੀ ਵਿੱਚ ਇਕੱਲਿਆਂ ਰਹਿਣਾ ਹੀ ਮਨਜ਼ੂਰ ਕੀਤਾ । ਮੈਂ ਵੀ ਇਕੱਲਾ ਹੀ ਰਹਿੰਦਾ ਹਾਂ, ਇਸ ਕਰਕੇ ਇਕੱਲੇ ਰਹਿਣ ਦੀ ਮੁਸ਼ਕਿਲ ਅਤੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ । ਜਦ ਵੀ ਛਛਰੌਲੀ ਜਾਂਦਾ, ਤਾਂ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਆਉਂਦਾ । ਕੁੱਝ ਵਰ੍ਹੇ ਇਸੇ ਤਰ੍ਹਾਂ ਬੀਤ ਗਏ ।

ਵਕਤ ਦੇ ਨਾਲ ਨਾਲ ਮਾਮੀ ਜੀ ਦੀ ਸਿਹਤ ਵਿੱਚ ਗਿਰਾਵਟ ਆਉਣ ਲੱਗੀ । ਪੁੱਤਰਾਂ ਨੇ ਬੜਾ ਜ਼ੋਰ ਪਾਇਆ ਕਿ ਉਹ ਉਨ੍ਹਾਂ ਦੇ ਨਾਲ ਰਹਿਣ, ਪਰ ਮਾਮੀ ਜੀ ਛਛਰੌਲੀ ਵਾਲਾ ਆਪਣਾ ਘਰ ਛੱਡ ਕੇ ਕਿਤੇ ਹੋਰ ਜਾਣ ਲਈ ਤਿਆਰ ਨਾ ਹੋਏ । ਹਾਂ, ਕਦੇ-ਕਦੇ ਉਹ ਕਦੇ ਇੱਕ ਅਤੇ ਕਦੇ ਦੂਜੇ ਪੁੱਤਰ ਕੋਲ ਕੁੱਝ ਦਿਨਾਂ ਲਈ ਚਲੇ ਜਾਂਦੇ ।

ਜਦੋਂ ਮੈਂ ਉਨ੍ਹਾਂ ਕੋਲ ਜਾਣਾ, ਤਾਂ ਉਹ ਆਪਣਾ ਦੁੱਖ-ਸੁੱਖ ਮੇਰੇ ਨਾਲ ਫਰੋਲ ਲੈਂਦੇ । ਮੈਂ ਵੀ ਉਨ੍ਹਾਂ ਅੱਗੇ ਆਪਣਾ ਦੁੱਖ-ਸੁੱਖ ਸਾਂਝਾ ਕਰ ਲੈਂਦਾ । ਉੁਨ੍ਹਾਂ ਮੈਂਨੂੰ ਬਹੁਤ ਜ਼ੋਰ ਪਾਉਣਾ ਕਿ ਮੈਂ ਵਿਆਹ ਕਰ ਲਵਾਂ । ਜਦੋਂ ਵੀ ਮੈਂ ਉਨ੍ਹਾਂ ਨੂੰ ਮੇਰੇ ਘਰ ਆਉਣ ਦਾ ਆਖਣਾ, ਤਾਂ ਉਨ੍ਹਾਂ ਕਹਿਣਾ, “ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਪਰ ਜੇ ਤੂੰ ਵਿਆਹ ਕਰੇਂਗਾ, ਤਾਂ ਮੈਂ ਜ਼ਰੂਰ ਤੇਰੇ ਵਿਆਹ ਵਿੱਚ ਆਵਾਂਗੀ ।”

ਖ਼ੈਰ, ਉਹ ਮੌਕਾ ਕਦੇ ਨਾ ਆਇਆ ।

ਜਦੋਂ ਉਨ੍ਹਾਂ ਨੇ ਆਪਣੇ ਸਵਰਗੀ ਪਤੀ ਦੀ 14ਵੀਂ ਬਰਸੀ ਕਰਨ ਦਾ ਸੋਚਿਆ, ਤਾਂ ਮੈਨੂੰ ਕਹਿਣ ਲੱਗੇ, “ਮੈਂ ਉਨ੍ਹਾਂ ਦੀ ਬਰਸੀ ਕਰਾਂਗੀ, ਤਾਂ ਤੈਨੂੰ ਜ਼ਰੂਰ ਸੱਦਾ ਦਿਆਂਗੀ । ਤੂੰ ਜ਼ਰੂਰ ਆਉਣਾ ਹੈ ।”

ਮੈਂ ਕਿਹਾ, “ਮਾਮੀ ਜੀ, ਮੈਂ ਜ਼ਰੂਰ ਆਵਾਂਗਾ ।”

ਅਜੇ ਬਰਸੀ ਦਾ ਪ੍ਰੋਗਰਾਮ ਪੱਕਾ ਬਣਿਆ ਹੀ ਨਹੀਂ ਸੀ, ਤਾਂ ਇੱਕ ਦਿਨ ਮੈਨੂੰ ਆਖਣ ਲੱਗੇ, “ਤੂੰ ਮੇਰਾ ਪੁੱਤਰ ਹੈਂ । ਜਦੋਂ ਮੈਂ ਮਰ ਜਾਵਾਂਗੀ, ਤਾਂ ਤੂੰ ਮੇਰੇ ਸਸਕਾਰ ‘ਤੇ ਜ਼ਰੂਰ ਆਉਣਾ ਹੈ । ਕੋਈ ਹੋਰ ਆਏ, ਜਾਂ ਨਾ ਆਏ, ਮੈਂਨੂੰ ਕੋਈ ਪ੍ਰਵਾਹ ਨਹੀਂ ।”

ਮੈਂ ਉਨ੍ਹਾਂ ਵੱਲ ਗ਼ੌਰ ਨਾਲ ਤੱਕਿਆ । ਉਹ ਬਹੁਤ ਗੰਭੀਰ ਸਨ । ਮੈਂ ਕੁੱਝ ਆਖਣ ਦੀ ਜ਼ੁਰਅੱਤ ਨਾ ਕੀਤੀ ।

ਛੇਤੀ ਹੀ ਉਨ੍ਹਾਂ ਨੇ ਆਪਣੇ ਸਵਰਗੀ ਪਤੀ (ਮੇਰੇ ਪਿਤਾ ਜੀ ਦੇ ਮਾਮਾ ਜੀ) ਦੀ ਬਰਸੀ ਕੀਤੀ । ਮੈਂ ਉਸ ਮੌਕੇ ਸ਼ਾਮਿਲ ਹੋਇਆ । ਉਸੇ ਦਿਨ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ । ਅਗਲੇ ਦਿਨ ਉਹ ਆਪਣੇ ਛੋਟੇ ਬੇਟੇ ਦੇ ਘਰ ਚਲੇ ਗਏ ।

ਕੁੱਝ ਦਿਨਾਂ ਮਗਰੋਂ ਜਦੋਂ ਉਨ੍ਹਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਈ, ਤਾਂ ਉਨ੍ਹਾਂ ਨੂੰ ਯਮੁਨਾਨਗਰ ਦੇ ਗਾਬਾ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ । ਮੈਂ ਉਨ੍ਹਾਂ ਨੂੰ ਮਿਲਣ ਹਸਪਤਾਲ ਗਿਆ । ਉਹ ਬਹੁਤ ਪੀੜਾ ਵਿੱਚ ਸਨ ਤੇ ਗੱਲ ਨਹੀਂ ਕਰ ਸਕਦੇ ਸਨ । ਉਨ੍ਹਾਂ ਨੇ ਮੈਂਨੂੰ ਕੁੱਝ ਕਿਹਾ, ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂਨੂੰ ਸਮਝ ਨਹੀਂ ਲੱਗੀ ਕਿ ਉਹ ਕੀ ਆਖ ਰਹੇ ਸਨ ।

ਡਾਇਲਸਿਜ਼ ਕਰਨ ਤੋਂ ਬਾਅਦ ਉਹ ਹੋਸ਼ ਵਿੱਚ ਨਾ ਆਏ । ਡਾਕਟਰਾਂ ਵੱਲੋਂ ਜਵਾਬ ਦਿੱਤੇ ਜਾਣ ਮਗਰੋਂ ਉਨ੍ਹਾਂ ਨੂੰ ਉਸੀ ਹਾਲਤ ਵਿੱਚ ਉਨ੍ਹਾਂ ਦੇ ਘਰ ਲੈ ਆਉਂਦਾ ਗਿਆ । ਆਪਣੇ ਪਤੀ ਦੀ 14ਵੀਂ ਬਰਸੀ ਕੀਤਿਆਂ ਅਜੇ ਇੱਕ ਮਹੀਨਾ ਵੀ ਪੂਰਾ ਨਹੀਂ ਹੋਇਆ ਸੀ ਕਿ ਮਾਰਚ 17, 2012 ਨੂੰ ਛਛਰੌਲੀ ਦੇ ਆਪਣੇ ਘਰ ਵਿੱਚ ਉਨ੍ਹਾਂ ਨੇ ਆਪਣਾ ਆਖ਼ਰੀ ਸਾਹ ਲਿਆ ਤੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਦਿੱਤੀ ।

ਉਨ੍ਹਾਂ ਦੀ ਮੌਤ ਦੇ ਅੱਧੇ ਘੰਟੇ ਵਿੱਚ ਹੀ ਉਨ੍ਹਾਂ ਦੇ ਵੱਡੇ ਬੇਟੇ ਨੇ ਮੈਨੂੰ ਇਹ ਦੁੱਖਦਾਈ ਖ਼ਬਰ ਫ਼ੋਨ ਰਾਹੀਂ ਦਿੱਤੀ ।

ਖ਼ਬਰ ਸੁਣਦਿਆਂ ਹੀ ਪਹਿਲੀ ਗੱਲ ਜੋ ਮੇਰੇ ਧਿਆਨ ਵਿੱਚ ਆਈ, ਉਹ ਇਹ ਸੀ ਕਿ ਮਾਮੀ ਜੀ ਨੇ ਮੈਂਨੂੰ ਆਖਿਆ ਸੀ, “ਜਦੋਂ ਮੈਂ ਮਰ ਜਾਵਾਂਗੀ, ਤਾਂ ਤੂੰ ਮੇਰੇ ਸਸਕਾਰ ‘ਤੇ ਜ਼ਰੂਰ ਆਉਣਾ ਹੈ ।”

ਮਾਮੀ ਜੀ ਵੱਲੋਂ ਅਗਾਊਂ ਹੀ ਦਿੱਤਾ ਗਿਆ ਇਹ ਸੱਦਾ ਬੜਾ ਅਜੀਬ ਸੀ । ਮੈਂਨੂੰ ਪਹਿਲਾਂ ਕਦੇ ਵੀ ਅਜਿਹਾ ਸੱਦਾ ਨਹੀਂ ਸੀ ਮਿਲਿਆ ।

ਜਦੋਂ ਮੈਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਰਿਹਾ ਸੀ, ਉਦੋਂ ਵੀ ਮੇਰੇ ਦਿਮਾਗ਼ ਵਿੱਚ ਮਾਮੀ ਜੀ ਦੀ ਉਹ ਹੀ ਗੱਲ ਘੁੰਮਦੀ ਰਹੀ । ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਕੇਵਲ ਤਿੰਨ ਇਨਸਾਨ ਹੀ ਐਸੇ ਸਨ, ਜੋ ਮੇਰੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਜਾਂ ਇਉਂ ਕਹਿ ਲਉ ਕਿ ਜਿਨ੍ਹਾਂ ਅੱਗੇ ਮੈਂ ਆਪਣੀਆਂ ਭਾਵਨਾਵਾਂ ਬਿਆਨ ਕਰ ਸਕਦਾ ਸੀ । ਇਹ ਤਿੰਨ ਵਿਅਕਤੀ ਸਨ, ਮੇਰੇ ਨਾਨੀ ਜੀ, ਮੇਰੇ ਵੱਡੇ ਭੂਆ ਜੀ ਅਤੇ ਮੇਰੇ (ਪਿਤਾ ਜੀ ਦੇ) ਇਹ ਮਾਮੀ ਜੀ । ਮੇਰੇ ਨਾਨੀ ਜੀ ਤੇ ਵੱਡੇ ਭੂਆ ਜੀ ਤਾਂ ਪਹਿਲਾਂ ਹੀ ਇਸ ਸੰਸਾਰ ਤੋਂ ਵਿਦਾ ਹੋ ਚੁੱਕੇ ਸਨ । ਹੁਣ ਮਾਮੀ ਜੀ ਦੀ ਅਰਥੀ ਨੂੰ ਵੀ ਮੈਂ ਮੋਢਾ ਦੇ ਰਿਹਾ ਸੀ ।

ਜਦਕਿ ਮਾਮੀ ਜੀ ਦੀ ਅਰਥੀ ਮੇਰੇ ਮੋਢੇ ‘ਤੇ ਸੀ, ਮੈਂਨੂੰ ਖ਼ਿਆਲ ਆਇਆ, “ਮੇਰੀ ਅਰਥੀ ਨੂੰ ਮੋਢਾ ਕੌਣ-ਕੌਣ ਦਏਗਾ? ਮੈਂ ਕਿਸ ਨੂੰ ਆਪਣੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਆਖਾਂ?”

ਆਪਣੀ ਇਹ ਭਾਵਨਾ ਮੈਂ ਕਿਸ ਨਾਲ ਸਾਂਝੀ ਕਰਦਾ? ਹੁਣ ਮੇਰਾ ਇੰਨਾ ਕਰੀਬੀ ਰਿਹਾ ਹੀ ਕੌਣ ਸੀ?

(ਮਾਰਚ 30, 2012, ਖਰੜ, ਪੰਜਾਬ)