ਕੁੱਤਿਆਂ ਦਾ ਅਪਮਾਨ ਨਾ ਕਰੋ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸ਼ਾਂਤ ਜਿਹੇ ਮਾਹੌਲ ਵਿੱਚ ਮੈਂ ਇਕੱਲਾ ਹੀ ਸੈਰ ਕਰਨ ਨਿਕਲਿਆ । ਹਰ ਪਾਸੇ ਹਰਿਆਲੀ । ਖ਼ੂਬਸੂਰਤ ਦਰਖ਼ਤਾਂ ਦੇ ਖ਼ੂਬਸੂਰਤ ਦ੍ਰਿਸ਼ । ਕੁਦਰਤ ਕਿੰਨੀ ਖ਼ੂਬਸੂਰਤ ਹੈ ! ਆਕਾਸ਼ ਵਿੱਚ ਪੰਛੀ ਉਡਾਰੀ ਲਾਉਂਦੇ ਪਏ ਹਨ । ਦਰਖ਼ਤਾਂ ਦੀਆਂ ਟਾਹਣੀਆਂ ‘ਤੇ ਬੈਠੀਆਂ ਚਿੜੀਆਂ ਇਕੱਠੀਆਂ ਹੋ ਕੇ ਜਿਵੇਂ ਕੋਈ ਸੁਹਾਗ-ਗੀਤ ਗਾ ਰਹੀਆਂ ਹਨ । ਕਿਤੇ ਹਿਰਨਾਂ ਦਾ ਕੋਈ ਝੁੰਡ ਚੁੰਗੀਆਂ ਭਰ ਰਿਹਾ ਹੈ ਤੇ ਕਿਤੇ ਖ਼ਰਗੋਸ਼ ਇੱਧਰ ਉੱਧਰ ਦੌੜਦੇ ਦਿੱਖ ਜਾਂਦੇ ਹਨ ।

ਮੇਰਾ ਮਨ ਜਿਵੇਂ ਕੋਈ ਗੀਤ ਗੁਣਗੁਣਾ ਰਿਹਾ ਸੀ । ਪਰ, ਇਹ ਸਭ ਬਹੁਤੀ ਦੇਰ ਤਕ ਨਾ ਚੱਲਿਆ ਤੇ ਮੈਂ ਦੇਖਿਆ ਕਿ ਮੈਂਨੂੰ ਕੁੱਤਿਆਂ ਦੇ ਇੱਕ ਝੁੰਡ ਨੇ ਘੇਰ ਲਿਆ ਹੋਇਆ ਸੀ ।

ਮੇਰੇ ਦਿਮਾਗ਼ ਵਿੱਚ ਖ਼ਿਆਲ ਆਇਆ ਕਿ ਜਦੋਂ ਕੁੱਤਿਆਂ ਨੇ ਘੇਰਿਆ ਹੋਵੇ, ਤਾਂ ਬੀਰ-ਰਸ ਤੋਂ ਪਰਹੇਜ਼ ਕਰਨਾ ਹੀ ਚੰਗਾ ਹੈ । ਹਾਂ, ਜੇ ਸ਼ੇਰ ਘੇਰ ਲਵੇ, ਤਾਂ ਬਹਾਦੁਰੀ ਦਿਖਾਉਣੀ ਬਣਦੀ ਹੈ । ਕਾਰਣ ਸਾਫ਼ ਹੈ । ਸ਼ੇਰ ਨੇ ਵੱਢਿਆ, ਤਾਂ ਕੋਈ ਗੱਲ ਨਹੀਂ, ਕੁੱਤੇ ਨੇ ਵੱਢ ਲਿਆ, ਤਾਂ ਰੈਬੀਜ਼ ਦੇ ਇੰਜੈਕਸ਼ਨ ਲਗਵਾਉਣੇ ਪੈਂਦੇ ਹਨ । ਬੱਸ, ਇੰਜੈਕਸ਼ਨ ਲਗਵਾਉਣਾ ਮੈਂਨੂੰ ਚੰਗਾ ਨਹੀਂ ਲੱਗਦਾ ।

ਅਚਾਨਕ ਇੱਕ ਕੁੱਤਾ ਬੋਲਿਆ, “ਕੀ ਗੱਲ? ਡਰ ਗਏ?”

ਮੈਂ ਹੈਰਾਨ ਰਹਿ ਗਿਆ । ਇੱਕ ਕੁੱਤਾ ਇਨਸਾਨ ਵਾਂਗੂੰ ਬੋਲ ਰਿਹਾ ਸੀ ।

ਘਬਰਾਹਟ ਜਿਹੀ ਵਿੱਚ ਮੈਂ ਕੁੱਤੇ ਨੂੰ ਪੁੱਛਿਆ, “ਤੂੰ ਇਨਸਾਨਾਂ ਵਾਂਗੂੰ ਕਿਵੇਂ ਬੋਲ ਰਿਹਾ ਹੈਂ?”

ਕੁੱਤਾ ਹੱਸਿਆ ਤੇ ਬੋਲਿਆ, “ਜੇ ਇਨਸਾਨ ਕੁੱਤਿਆਂ ਵਾਂਗ ਭੌਂਕ ਸਕਦੇ ਹਨ, ਤਾਂ ਕੁੱਤੇ ਇਨਸਾਨਾਂ ਵਾਂਗ ਨਹੀਂ ਬੋਲ ਸਕਦੇ?”

ਮੈਂ ਸੋਚਿਆ ਕਿ ਗੱਲ ਤਾਂ ਕੁੱਤੇ ਦੀ ਸਹੀ ਹੈ । ਨਾਲੇ, ਹਜ਼ਾਰਾਂ ਸਾਲਾਂ ਤੋਂ ਇਨਸਾਨਾਂ ਦੇ ਨਾਲ ਰਹਿ ਕੇ ਕੁੱਤੇ ਹੋਰ ਵੀ ਤਾਂ ਕਿੰਨਾ ਕੁੱਝ ਸਿੱਖ ਗਏ ਹਨ । ਇਹ ਘਰਾਂ, ਪਾਲਤੂ ਜਾਨਵਰਾਂ ਅਤੇ ਫ਼ੈਕਟਰੀਆਂ ਆਦਿ ਦੀ ਰੱਖਵਾਲੀ ਕਰਦੇ ਹਨ । ਅੱਖਾਂ ਤੋਂ ਮੁਹਤਾਜ ਵਿਅਕਤੀਆਂ ਦੀ ਸਹਾਇਤਾ ਕਰਨ ਵਾਲੇ ਵਿਸ਼ੇਸ਼ ਕੁੱਤੇ ਹੁੰਦੇ ਹਨ । ਕੁੱਤਿਆਂ ਦੀ ਸੁੰਘਣ ਸ਼ਕਤੀ ਬੜੀ ਤਿੱਖੀ ਹੁੰਦੀ ਹੈ । ਇਹ ਸੁੰਘ ਕੇ ਇਸ਼ਾਰਾ ਕਰ ਦਿੰਦੇ ਹਨ ਕਿ ਇੱਥੇ ਕੋਈ ਬੰਬ ਜਾਂ ਬਾਰੂਦੀ ਸੁਰੰਗ ਹੈ । ਇਸੇ ਲਈ ਪੁਲਿਸ ਤੇ ਫ਼ੌਜ ਦੇ ਇਹ ਬੜੇ ਕੰਮ ਆਉਂਦੇ ਹਨ ।

ਕੁੱਤੇ ਕਈ ਤਰ੍ਹਾਂ ਦੇ ਹੁੰਦੇ ਹਨ, ਕਈ ਨਸਲਾਂ ਦੇ ਹੁੰਦੇ ਹਨ । ਜੰਗਲੀ ਕੁੱਤੇ ਵੀ ਹੁੰਦੇ ਹਨ ਤੇ ਘਰੇਲੂ (ਸ਼ਹਿਰੀ) ਕੁੱਤੇ ਵੀ ਹੁੰਦੇ ਹਨ । ਸ਼ਹਿਰੀ ਕੁੱਤੇ ਤੋਂ ਭਾਵ ਪਾਲਤੂ ਬਣਾਏ ਜਾ ਚੁੱਕੇ ਕੁੱਤਿਆਂ ਦੀਆਂ ਨਸਲਾਂ ਦਾ ਕੋਈ ਵੀ ਕੁੱਤਾ ਹੈ । ਇਸ ਕਿਸਮ ਦੇ ਕੁੱਤਿਆਂ ਨੂੰ ਇਸ ਹੱਦ ਤਕ ਪਾਲਤੂ ਬਣਾ ਲਿਆ ਗਿਆ ਕਿ ਉਹ ਹੁਣ ਜੰਗਲੀ ਕੁੱਤਿਆਂ ਜਿੰਨੇ ਖ਼ੂੰਖਾਰ ਨਹੀਂ ਰਹੇ । ਸ਼ਹਿਰੀ ਕੁੱਤੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਂ ਉਹ, ਜਿਹੜੇ ਸ਼ਹਿਰਾਂ, ਕਸਬਿਆਂ ਜਾਂ ਪਿੰਡਾਂ ਵਿੱਚ ਆਵਾਰਾ ਘੁੰਮਦੇ ਫਿਰਦੇ ਹਨ ਤੇ ਦੂਜੇ ਉਹ, ਜਿਹੜੇ ਕਿਸੇ ਪਰਿਵਾਰ ਨੇ ਪਾਲੇ ਹੁੰਦੇ ਹਨ ।

ਆਮ ਲੋਕਾਂ ਨੂੰ ਸ਼ਾਇਦ ਇਹ ਜਾਣਕਾਰੀ ਨਾ ਹੋਵੇ ਕਿ ਸ਼ਹਿਰੀ ਕੁੱਤੇ (domestic dog / Canis lupus familiaris) ਭੇੜੀਏ (gray wolf ਜਾਂ Canis lupus) ਦੇ ਹੀ ਵੰਸ਼ਜ ਹਨ । ਇਸ ਦਾ ਭਾਵ ਇਹ ਹੈ ਕਿ ਖ਼ਤਰਨਾਕ ਭੇੜੀਏ ਜਦੋਂ ਇਨਸਾਨ ਦੇ ਸੰਪਰਕ ਵਿੱਚ ਆਏ, ਤਾਂ ਉਨ੍ਹਾਂ ਵਿੱਚੋਂ ਕਈ ਇਨਸਾਨਾਂ ਦੇ ਨਾਲ ਰਹਿਣਾ ਸਿੱਖ ਗਏ ।

ਇਸ ਤੋਂ ਇਹ ਭਾਵ ਵੀ ਲਿਆ ਜਾ ਸਕਦਾ ਹੈ ਕਿ ਇਨਸਾਨੀ ਸਭਿਅਤਾ ਦੇ ਵਿਕਾਸ ਦੇ ਨਾਲ-ਨਾਲ ਕੁੱਤੇ ਵੀ ਵਿਕਾਸ ਕਰਦੇ ਗਏ । ਅਜਿਹਾ ਨਹੀਂ ਕਿ ਕੇਵਲ ਕੁੱਤਿਆਂ ਨੇ ਹੀ ਇਨਸਾਨ ਦੇ ਨਾਲ ਰਹਿਣਾ ਸਿੱਖਿਆ । ਹੋਰ ਜਾਨਵਰਾਂ ਨੇ ਵੀ ਇਨਸਾਨ ਦੇ ਨਾਲ ਰਹਿਣਾ ਸ਼ੁਰੂ ਕੀਤਾ ਤੇ ਅਜਿਹੇ ਜਾਨਵਰ ਇਨਸਾਨ ਦੇ ਕੰਮ ਵੀ ਆਏ (ਤੇ ਹੁਣ ਵੀ ਆ ਰਹੇ ਹਨ)। ਉਦਾਹਰਣ ਵਜੋਂ, ਗਾਵਾਂ, ਮੱਝਾਂ, ਘੋੜੇ, ਊਠ ਤੇ ਹਾਥੀ ਵਗ਼ੈਰਾ । ਹਾਂ, ਇੰਨਾ ਜ਼ਰੂਰ ਹੋ ਸਕਦਾ ਹੈ ਕਿ ਕੁੱਤਾ ਸਾਰੇ ਜਾਨਵਰਾਂ ਵਿੱਚੋਂ ਪਹਿਲਾ ਜਾਨਵਰ ਹੋਵੇ, ਜਿਸ ਨੇ ਇਨਸਾਨਾਂ ਨਾਲ ਰਹਿਣਾ ਸ਼ੁਰੂ ਕੀਤਾ ।

ਖੋਜੀਆਂ ਦਾ ਕਹਿਣਾ ਹੈ ਕਿ ਕੁੱਤੇ ਦਾ ਸਾਥ ਮਨੁੱਖ ਦੀ ਸ਼ਾਰੀਰਿਕ ਤੇ ਮਨੋਵਿਗਿਆਨਿਕ ਸਿਹਤ ਵਾਸਤੇ ਬਹੁਤ ਵਧੀਆ ਹੈ । ਜਿਨ੍ਹਾਂ ਲੋਕਾਂ ਨੇ ਕੁੱਤੇ ਪਾਲੇ ਹੋਏ ਹਨ, ਉਨ੍ਹਾਂ ਦੀ ਸਿਹਤ ਬਾਕੀ ਲੋਕਾਂ ਦੇ ਮੁਕਾਬਲੇ ਵਧੀਆ ਰਹਿੰਦੀ ਹੈ ਤੇ ਦਿਲ ਵੀ ਖ਼ੁਸ਼ ਰਹਿੰਦਾ ਹੈ । ਜੋ ਲੋਕ ਕੁੱਤੇ ਪਾਲਦੇ ਹਨ, ਉਨ੍ਹਾਂ ਦੀ ਸਿਹਤ ਵਧੀਆ ਰਹਿਣ ਦਾ ਇੱਕ ਕਾਰਣ ਇਹ ਵੀ ਹੈ ਕਿ ਕੁੱਤੇ ਦੀ ਦੇਖਭਾਲ ਕਰਦਿਆਂ ਉਨ੍ਹਾਂ ਦੀ ਚੰਗੀ ਕਸਰਤ ਹੋ ਜਾਂਦੀ ਹੈ ।

ਕੁੱਤਾ ਇੱਕ ਚੰਗਾ ਦੋਸਤ ਸਾਬਿਤ ਹੁੰਦਾ ਹੈ । ਇੱਕ ਚੰਗੇ ਦੋਸਤ ਵਾਂਗ ਹੀ ਉਹ ਆਪਣੇ ਮਾਲਕ ਦੇ ਦੁੱਖ ਤੇ ਸੁੱਖ ਨੂੰ ਮਹਿਸੂਸ ਕਰਨ ਦੀ ਸਮਰਥਾ ਰੱਖਦਾ ਹੈ । ਇਸ ਬਾਰੇ ਕਈ ਕਹਾਣੀਆਂ ਸਾਨੂੰ ਸੁਣਨ ਲਈ ਮਿਲ ਜਾਂਦੀਆਂ ਹਨ । ਉਹ ਅਪਾਹਿਜ ਲੋਕ, ਜਿਨ੍ਹਾਂ ਨੇ ਕੁੱਤਾ ਰੱਖਿਆ ਹੁੰਦਾ ਹੈ, ਅਜਨਬੀ ਲੋਕਾਂ ਨੂੰ ਮਿਲਣ ਲੱਗਿਆਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ । ਡਿਪ੍ਰੈਸ਼ਨ ਆਦਿ ਮਾਨਸਿਕ ਸਮੱਸਿਆਵਾਂ ਤੋਂ ਪ੍ਰੇਸ਼ਾਨ ਲੋਕਾਂ ਲਈ ਕੁੱਤਾ ਬਹੁਤ ਵਧੀਆ ਮਦਦਗਾਰ ਸਾਬਿਤ ਹੁੰਦਾ ਹੈ ।

ਕੁੱਤਾ ਹਜ਼ਾਰਾਂ ਸਾਲਾਂ ਤੋਂ ਮਨੁੱਖਾਂ ਦੇ ਨਾਲ ਵਿਚਰਦਾ ਆ ਰਿਹਾ ਹੈ । ਮਨੁੱਖੀ ਇਤਿਹਾਸ ਵਿੱਚ ਕੁੱਤਿਆਂ ਦਾ ਜ਼ਿਕਰ ਮੁੱਢ ਤੋਂ ਹੀ ਮਿਲਦਾ ਹੈ । ਦੁਨੀਆਂ ਭਰ ਦੇ ਸਾਹਿਤ ਵਿੱਚ ਕੁੱਤਿਆਂ ਦਾ ਵਰਣਨ ਹੈ । ਬੁੱਲ੍ਹੇ ਸ਼ਾਹ ਵਰਗੇ ਦਰਵੇਸ਼ ਨੇ ਕੁੱਤਿਆਂ ਦਾ ਜ਼ਿਕਰ ਕਰਦਿਆਂ ਆਖਿਆ :

ਬੁਲ੍ਹਿਆ ! ਰਾਤੀਂ ਜਾਗੇਂ, ਦਿਨੇਂ ਪੀਰ ਸਦਾਵੇਂ,
ਰਾਤੀਂ ਜਾਗਣ ਕੁੱਤੇ,
ਤੈਂ ਥੀਂ ਉੱਤੇ ।

ਗੁਰਬਾਣੀ ਵਿੱਚ ਅਨੇਕ ਥਾਵਾਂ ਉੱਤੇ ਬਾਣੀਕਾਰਾਂ ਨੇ ਆਪਣੇ-ਆਪ ਨੂੰ ਕੁੱਤਾ (ਕੂਕਰ) ਆਖਿਆ ਹੈ, ਜਿਵੇਂ :

ਹਮ ਕੂਕਰ ਤੇਰੈ ਦਰਬਾਰਿ ॥ (ਅੰਗ ੯੬੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ

ਕਬੀਰ ਕੂਕਰੁ ਰਾਮ ਕਉ (ਅੰਗ ੧੩੬੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਕੁੱਤੇ ਵਿੱਚ ਕੁੱਝ ਔਗੁਣ ਵੀ ਹਨ । ਕੁੱਤੇ ਨੂੰ ਲਾਲਚੀ ਜੀਵ ਵਜੋਂ ਜਾਣਿਆ ਜਾਂਦਾ ਹੈ, ਜੋ ਹੋਰਨਾਂ ਕੁੱਤਿਆਂ ਨਾਲ ਵੰਡ ਕੇ ਨਹੀਂ ਖਾ ਸਕਦਾ । ਇਸੇਲਈ, ਗੁਰਬਾਣੀ ਨੇ ‘ਲਬ’ (ਲਾਲਚ) ਨੂੰ ‘ਕੁੱਤਾ’ ਆਖਿਆ ਹੈ:

ਲਬੁ ਕੁਤਾ ਕੂੜੁ ਚੂਹੜਾ (ਸਿਰੀਰਾਗੁ ਮਹਲਾ ੧, ਅੰਗ ੧੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ).

ਕੁੱਤੇ ਭੌਂਕਦੇ ਵੀ ਬਹੁਤ ਹਨ । ਕਈ ਵਾਰ ਥੋੜੀ ਜਿਹੀ ਗੱਲ ‘ਤੇ ਹੀ ਭੌਂਕ-ਭੌਂਕ ਕੇ ਲੋਕਾਂ ਦੇ ਸਿਰ ਦੁੱਖਣ ਲਾ ਦਿੰਦੇ ਹਨ । ਸ਼ਾਇਦ ਇਸੇ ਕਰਕੇ ਹੀ ਗੁਰਬਾਣੀ ਵਿੱਚ ਨਿੰਦਕ ਦੀ ਗੱਲ ਕਰਦਿਆਂ ਕੁੱਤੇ ਦਾ ਜ਼ਿਕਰ ਆਇਆ ਹੈ :

ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
(ਮਾਰੂ ਮਹਲਾ ੩, ੧੦੪੬, ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ,

ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
(ਸਿਰੀਰਾਗੁ ਮਹਲਾ ੧, ਅੰਗ ੨੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਜੇ ਕੁੱਤਾ ਹਲਕ ਜਾਵੇ (ਪਾਗਲ ਹੋ ਜਾਵੇ), ਤਾਂ ਬਹੁਤ ਖ਼ਤਰਨਾਕ ਹੋ ਜਾਂਦਾ ਹੈ । ਇਸਲਈ, ਗੁਰਬਾਣੀ ਵਿੱਚ ਕੁੱਤਾ (ਜਾਂ ਕੂਕਰ) ਲਫ਼ਜ਼ ਦੀ ਵਰਤੋਂ ਇਸ ਸੰਦਰਭ ਵਿੱਚ ਵੀ ਕੀਤੀ ਗਈ ਮਿਲਦੀ ਹੈ :

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
(ਸਿਰੀਰਾਗੁ ਮਹਲਾ ੫, ਅੰਗ ੫੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ,

ਬਿਨੁ ਸਿਮਰਨ ਕੂਕਰ ਹਰਕਾਇਆ ॥
(ਗਉੜੀ ਮਹਲਾ ੫, ਅੰਗ ੨੩੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਜੋ ਵੀ ਹੋਵੇ, ਕੁੱਤਿਆਂ ਦੇ ਔਗੁਣਾਂ ਨਾਲੋਂ ਉਸ ਦੇ ਗੁਣ ਜ਼ਿਆਦਾ ਹਨ । ਇੱਕ ਗੁਣ ਕੁੱਤੇ ਵਿੱਚ ਅਜਿਹਾ ਹੈ, ਜੋ ਉਸ ਦੇ ਔਗੁਣਾਂ ਨੂੰ ਛੁਪਾ ਲੈਂਦਾ ਹੈ । ਇਹ ਗੁਣ ਹੈ ਵਫ਼ਾਦਾਰੀ ਦਾ । ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਵੀ ਕੁੱਤੇ (ਸੁਆਨ) ਦੇ ਆਪਣੇ ਮਾਲਕ (ਸੁਆਮੀ) ਪ੍ਰਤੀ ਵਫ਼ਾਦਾਰ ਹੋਣ ਦੇ ਗੁਣ ਦਾ ਜ਼ਿਕਰ ਕਰਦਿਆਂ ਇੱਕ-ਮਨ ਤੇ ਇੱਕ-ਚਿੱਤ ਹੋ ਕੇ ਹਰੀ ਦੀ ਭਗਤੀ ਕਰਨ ਦੀ ਗੱਲ ਆਖੀ ਹੈ :

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕਿ ਚਿਤਿ ॥੪੫॥
(੧੪੨੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

“ਕੀ ਗੱਲ? ਕਿੱਧਰ ਗੁਆਚ ਗਏ? ਕੀ ਸੋਚਣ ਲੱਗ ਪਏ?” ਉਹ ਕੁੱਤਾ ਫਿਰ ਭੌਂਕਿਆ… ਮੇਰਾ ਮਤਲਬ ਹੈ ਬੋਲਿਆ ।

“ਕ… ਕ… ਕ… ਕੁੱਝ ਨਹੀਂ, ਕੁੱਝ ਨਹੀਂ, ਬੱਸ ਐਵੇਂ ਹੀ”, ਮੈਂ ਜਿਵੇਂ ਨੀਂਦ ਤੋਂ ਜਾਗਿਆ ਹੋਵਾਂ ।

“ਘਬਰਾਉ ਨਾ, ਅਸੀਂ ਤੁਹਾਨੂੰ ਵੱਢਣ ਤਾਂ ਨਹੀਂ ਲੱਗੇ”, ਕੁੱਤੇ ਨੇ ਹੱਸਦਿਆਂ-ਹੱਸਦਿਆਂ ਆਖਿਆ ।

ਮੇਰੇ ਸਾਹ ਵਿੱਚ ਸਾਹ ਆਇਆ । ‘ਇਹ ਕੁੱਤਾ ਹੈ, ਕੋਈ ਇਨਸਾਨ ਨਹੀਂ, ਜੋ ਭਰੋਸਾ ਦਵਾ ਕੇ ਫਿਰ ਆਪ ਹੀ ਮੈਂਨੂੰ ਧੋਖਾ ਦੇ ਦਵੇ’, ਮੈਂ ਸੋਚਿਆ ।

ਮੈਂ ਕਿਹਾ, “ਕਿਵੇਂ ਯਾਦ ਕੀਤਾ ਮੈਂਨੂੰ? ਕੋਈ ਖ਼ਾਸ ਗੱਲ?”

“ਗੱਲ ਤਾਂ ਬਹੁਤ ਹੀ ਖ਼ਾਸ ਹੈ । ਤੁਸੀਂ ਮਨੁੱਖੀ ਆਜ਼ਾਦੀ ਦੀ ਬਹੁਤ ਗੱਲ ਕਰਦੇ ਹੋ । ਜਾਨਵਰਾਂ ਦੇ ਹੱਕਾਂ ਦੇ ਵੀ ਤੁਸੀਂ ਵੱਡੇ ਸਮਰਥਕ ਹੋ”, ਕੁੱਤਾ ਇੱਕ ਦਮ ਗੰਭੀਰ ਮੁਦਰਾ ਵਿੱਚ ਆ ਗਿਆ ।

ਮੈਂ ਕਿਹਾ, “ਹਾਂ, ਜਾਨਵਰਾਂ ਦੇ ਵੀ ਹੱਕ ਹਨ । ਕਿਸੇ ਹੱਦ ਤਕ ਮਨੁੱਖਾਂ ਤੇ ਜਾਨਵਰਾਂ ਨੂੰ ਆਜ਼ਾਦੀ ਪ੍ਰਾਪਤ ਹੈ ਤੇ ਜਿੱਥੋਂ ਤਕ ਹੋ ਸਕੇ, ਇਸ ਆਜ਼ਾਦੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ।”

ਕੁੱਤਾ ਇੱਕ ਦਮ ਬੋਲਿਆ, “ਕੇਵਲ ਸ਼ਾਰੀਰਿਕ ਆਜ਼ਾਦੀ ਹੀ ਨਹੀਂ, ਬਲਕਿ ਮਾਣ-ਮਰਿਯਾਦਾ ਦੀ ਵੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ । ਆਖ਼ਿਰ, ਕੁੱਤਿਆਂ ਦੀ ਵੀ ਕੋਈ ਇੱਜ਼ਤ ਹੈ ।”

ਮੈਂ ਇੱਕ ਦਮ ਚੌਂਕਿਆ । ਕੁੱਤਿਆਂ ਦੀ ਇੱਜ਼ਤ ? ਇਨਸਾਨ ਨੇ ਤਾਂ ਅਜੇ ਇਨਸਾਨ ਦੀ ਇੱਜ਼ਤ ਕਰਨੀ ਨਹੀਂ ਸਿੱਖੀ । ਕਿਸੇ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਏ, ਤਾਂ ਸਭ ਤੋਂ ਪਹਿਲਾਂ ਇਨਸਾਨ ਆਪਣੇ ਵਿਰੋਧੀ ਨੂੰ ਮਾਂ ਜਾਂ ਭੈਣ ਦੀ ਗਾਲ੍ਹ ਕੱਢਦਾ ਹੈ । ਸਾਫ਼ ਹੈ ਕਿ ਮਰਦ ਤਾਂ ਅਜੇ ਉਸ ਔਰਤ ਦੀ ਇੱਜ਼ਤ ਕਰਨੀ ਨਹੀਂ ਸਿੱਖਿਆ, ਜਿਸ ਨੇ ਮਰਦਾਂ ਨੂੰ ਜਨਮ ਦਿੱਤਾ । ਇਤਿਹਾਸ ਪੜ੍ਹ ਕੇ ਦੇਖ ਲਉ, ਜਦੋਂ ਕਿਸੀ ਫ਼ੌਜ ਨੇ ਕਿਸੇ ਹੋਰ ਦੇਸ਼ ਜਾਂ ਇਲਾਕੇ ‘ਤੇ ਹਮਲਾ ਕੀਤਾ, ਤਾਂ ਉੱਥੋਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ, ਅਗਵਾ ਕੀਤਾ ਤੇ ਬਾਜ਼ਾਰਾਂ ਵਿੱਚ ਸ਼ਰੇਆਮ ਵੇਚਿਆ । ਤੇ ਇਹ ਕੁੱਤਾ ‘ਕੁੱਤਿਆਂ ਦੀ ਇੱਜ਼ਤ’ ਦੀ ਗੱਲ ਕਰ ਰਿਹਾ ਹੈ ।

ਮੈਂ ਕਿਹਾ, “ਗੱਲ ਕੀ ਹੈ? ਜ਼ਰਾ ਖੁੱਲ੍ਹ ਕੇ ਦੱਸੋ?”

“ਦੇਖੋ ਜੀ”, ਕੁੱਤਾ ਜਿਵੇਂ ਸਾਫ਼ ਤੇ ਸਪੱਸ਼ਟ ਗੱਲ ਕਰਨਾ ਚਾਹੁੰਦਾ ਸੀ, “ਤੁਸੀਂ ਲੋਕ ਇੰਟਰਨੈੱਟ ‘ਤੇ ਆਪਸ ਵਿੱਚ ਵੀਚਾਰ ਚਰਚਾ ਕਰਦੇ ਰਹਿੰਦੇ ਹੋ ।”

“ਬਿੱਲਕੁਲ ਕਰਦੇ ਹਾਂ, ਪਰ ਇਸ ਨਾਲ ਕੁੱਤਿਆਂ ਦੀ ਇੱਜ਼ਤ ਨੂੰ ਕੋਈ ਖ਼ਤਰਾ ਕਿਵੇਂ ਹੋ ਗਿਆ”, ਮੈਂ ਤੇਜ਼ੀ ਨਾਲ ਕਿਹਾ ।

ਮੇਰੀ ਗੱਲ ਕੱਟਦਿਆਂ ਕੁੱਤਾ ਬੋਲਿਆ, “ਕਾਹਲੇ ਨਾ ਪਉ । ਧੀਰਜ ਰੱਖੋ, ਧੀਰਜ । ਠਰੰਮੇ ਨਾਲ ਗੱਲ ਕਰੋ ।”

ਮੈਂਨੂੰ ਸ਼ਰਮ ਜਿਹੀ ਮਹਿਸੂਸ ਹੋਈ । ਇੱਕ ਕੁੱਤਾ ਇੱਕ ਇਨਸਾਨ ਨੂੰ ਮੱਤ ਦੇ ਰਿਹਾ ਸੀ ।

ਕੁੱਝ ਰੁਕ ਕੇ ਮੈਂ ਕਿਹਾ, “ਗੱਲ ਕੀ ਹੈ?”

ਕੁੱਤਾ ਹੋਰ ਗੰਭੀਰ ਹੋ ਗਿਆ । ਥੋੜੀ ਦੇਰ ਚੁੱਪ ਰਹਿਣ ਮਗਰੋਂ ਬੋਲਿਆ, “ਪਿੱਛਲੇ ਕਾਫ਼ੀ ਸਮੇਂ ਤੋਂ ਇੰਟਰਨੈੱਟ ਉੱਤੇ ਗੁਰਬਾਣੀ ਦੇ ਸਮਰਥਕਾਂ ਤੇ ਵਿਰੋਧੀਆਂ ਦਰਮਿਆਨ ਬਹਿਸਾਂ ਚਲਦੀਆਂ ਆ ਰਹੀਆਂ ਹਨ । ਨਿਤਨੇਮ ਦੀਆਂ ਬਾਣੀਆਂ ਬਾਰੇ ਚਰਚਾ ਹੋ ਰਹੀ ਹੈ । ਖ਼ਾਸ ਕਰ ਕੇ ਫ਼ੇਸਬੁੱਕ ਵੈੱਬਸਾਈਟ ‘ਤੇ ਕਈ ਗਰੁੱਪ ਇਸ ਪ੍ਰਕਾਰ ਦੀਆਂ ਬਹਿਸਾਂ ਕਰ ਰਹੇ ਹਨ ।”

ਮੈਂ ਹੈਰਾਨ ਹੋ ਕੇ ਕੁੱਤੇ ਦੇ ਮੂੰਹ ਵੱਲ ਦੇਖ ਰਿਹਾ ਸੀ । ਬਾਕੀ ਕੁੱਤੇ ਵੀ ਬੜੇ ਦੁਖੀ ਜਾਪ ਰਹੇ ਸਨ ।

ਮੈਂ ਕਿਹਾ, “ਹਾਂ, ਇਹ ਸਹੀ ਹੈ । ਨਿਤਨੇਮ ਦੀਆਂ ਬਾਣੀਆਂ ਬਾਰੇ ਚਰਚਾ ਹੁੰਦੀ ਰਹਿੰਦੀ ਹੈ । ਨਿਤਨੇਮ ਦੀਆਂ ਕੁੱਝ ਬਾਣੀਆਂ ਨੂੰ ਗੁਰੂ-ਕ੍ਰਿਤ ਮੰਨਣ ਵਾਲੇ ਇੱਕ ਪਾਸੇ ਹੁੰਦੇ ਹਨ ਤੇ ਇਸ ਨੂੰ ਸਿੱਖ-ਵਿਰੋਧੀ ਲਿਖਤਾਂ ਆਖਣ ਵਾਲੇ ਦੂਜੇ ਪਾਸੇ ਹੁੰਦੇ ਹਨ । ਪਰ, ਨਿਤਨੇਮ ਦੀਆਂ ਬਾਣੀਆਂ ਨਾਲ ਤੁਹਾਨੂੰ ਕੀ ਮਤਲਬ ਹੈ?”

ਕੁੱਤੇ ਨੇ ਲੰਬਾ ਸਾਹ ਭਰਿਆ ਤੇ ਬੋਲਿਆ, “ਸਿੱਧੇ ਰੂਪ ਵਿੱਚ ਤਾਂ ਸਾਨੂੰ ਕੋਈ ਮਤਲਬ ਨਹੀਂ । ਨਿੱਤਨੇਮ ਦੀਆਂ ਬਾਣੀਆਂ ਇਨਸਾਨ ਪੜ੍ਹਦੇ ਹਨ । ਅਸੀਂ ਕੁੱਤੇ ਹਾਂ । ਸਿੱਖਾਂ ਵਿੱਚੋਂ ਕਈ ਆਖਦੇ ਹਨ ਕਿ ਕੁੱਤਿਆਂ ਨੂੰ ਗੁਰਦੁਆਰੇ ਦਾ ਪ੍ਰਸ਼ਾਦ ਨਹੀਂ ਦੇਣਾ ਚਾਹੀਦਾ । ਜੇ ਅਸੀਂ ਪ੍ਰਸ਼ਾਦ ਹੀ ਲੈਣ ਦੇ ਯੋਗ ਨਹੀਂ, ਤਾਂ ਹੋਰ ਗੱਲਾਂ ਤਾਂ ਦੂਰ ਦੀਆਂ ਹਨ ।”

ਉਹ ਕੁੱਤਾ ਕੁੱਝ ਦੇਰ ਆਕਾਸ਼ ਵੱਲ ਤੱਕਦਾ ਰਿਹਾ । ਫਿਰ ਬੋਲਿਆ, “ਦੇਖੋ, ਕਿਹੜੀ ਬਾਣੀ ਕਿਸੇ ਨੇ ਪੜ੍ਹਨੀ ਹੈ ਤੇ ਕਿਹੜੀ ਨਹੀਂ, ਇਹ ਉਸਦਾ ਨਿਜੀ ਮਾਮਲਾ ਹੈ । ਗੁਰੂ ਨੂੰ ਕੀ ਲਿੱਖਣਾ ਚਾਹੀਦਾ ਸੀ ਤੇ ਕੀ ਨਹੀਂ, ਇਹ ਗੁਰੂ ਦੀ ਮਰਜ਼ੀ ਸੀ । ਹੁਣ, ਸਿੱਖ ਨੇ ਕੀ ਮੰਨਣਾ ਹੈ ਤੇ ਕੀ ਨਹੀਂ, ਇਹ ਸਿੱਖ ਦੀ ਮਰਜ਼ੀ ਹੈ । ਇਹ ਗੁਰੂ ਦੀ ਮਰਜ਼ੀ ਸੀ ਕਿ ਤਿਲਕ ਤੇ ਜੰਝੂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨੀ ਹੈ ਕਿ ਨਹੀਂ । ਇਹ ਸਿੱਖ ਦੀ ਮਰਜ਼ੀ ਹੈ ਕਿ ਤਿਲਕ ਤੇ ਜੰਝੂ ਧਾਰਣ ਕਰਨ ਵਾਲਿਆਂ ਦਾ ਅਪਮਾਨ ਕਰਨਾ ਹੈ ਕਿ ਨਹੀਂ ।”

ਕੁੱਤੇ ਨੇ ਬੋਲਣਾ ਜਾਰੀ ਰੱਖਿਆ, “ਨਿੱਤਨੇਮ ਦੀਆਂ ਬਾਣੀਆਂ ਦੀ ਪ੍ਰਮਾਣੀਕਤਾ ਬਾਰੇ ਵੀਚਾਰ ਕਰਨਾ ਅੱਜਕਲ੍ਹ ਦੇ ਸਿੱਖਾਂ ਦਾ ਹੱਕ ਹੋ ਸਕਦਾ ਹੈ । ਪਰ ਅਜਿਹਾ ਕਰਦਿਆਂ, ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਹੋਰਨਾਂ ਨੂੰ ਮੱਲੋਮੱਲੀ ਇਸ ਵਿਵਾਦ ਵਿੱਚ ਘੜੀਸ ਲੈਣ ।”

ਮੈਂ ਪੁੱਛਿਆ, “ਕਿਸ ਨੇ ਇਸ ਵਿਵਾਦ ਵਿੱਚ ਕਿਸ ਨੂੰ ਘੜੀਸਿਆ ਹੈ?”

ਕੁੱਤਾ ਬੋਲਿਆ, “ਦੇਖੋ, ਨਿੱਤਨੇਮ ਅਤੇ ਹੋਰ ਬਾਣੀਆਂ ਬਾਰੇ ਵਿਵਾਦ ਦੋ ਧਿਰਾਂ ਕਰ ਰਹੀਆਂ ਹਨ । ਪਹਿਲੀ ਧਿਰ ਉਹ ਹੈ, ਜੋ ਇਸਨੂੰ ਗੁਰਬਾਣੀ ਮੰਨਦੀ ਹੈ । ਦੂਜੀ ਧਿਰ ਉਹ ਹੈ, ਜੋ ਇਸਨੂੰ ਗੁਰਬਾਣੀ ਨਹੀਂ ਮੰਨਦੀ । ਦੂਜੀ ਧਿਰ ਤਾਂ ਨਿਤਨੇਮ ਵਿੱਚ ਸ਼ਾਮਿਲ ਕੁੱਝ ਬਾਣੀਆਂ ਨੂੰ ਗੁਰਮਤਿ ਵਿਰੋਧੀ ਤਕ ਆਖ ਰਹੀ ਹੈ ।”

ਕੁੱਤਾ ਬੋਲਦਾ ਰਿਹਾ, “ਆਪਣੇ ਵੀਚਾਰ ਰੱਖਣੇ ਹੋਰ ਗੱਲ ਹੈ, ਪਰ ਵੀਚਾਰ ਰੱਖਦਿਆਂ ਗਾਲ੍ਹੀ-ਗਲੋਚ ‘ਤੇ ਉਤਰ ਆਉਣਾ ਹੋਰ ਗੱਲ ਹੈ । ਤੁਸੀਂ ਲੋਕ ਕੁੱਤੇ ਨਹੀਂ ਹੋ, ਇਨਸਾਨ ਹੋ, ਇਸਲਈ ਗਾਲ੍ਹੀ-ਗਲੋਚ ‘ਤੇ ਉਤਰ ਆਉਂਦੇ ਹੋ । ਜਿਸ ਨਾਲ ਝਗੜਾ ਹੋ ਰਿਹਾ ਹੁੰਦਾ ਹੈ, ਉਸ ਦੀ ਮਾਂ ਜਾਂ ਭੈਣ ਨੂੰ ਗਾਲ੍ਹਾਂ ਕੱਢਣ ‘ਤੇ ਉਤਰ ਆਉਂਦੇ ਹੋ । ਕਿਸੇ ਦੋਸ਼ੀ ਦੀ ਗ਼ਲਤੀ ਲਈ ਸਜ਼ਾ ਦੇਣ ਲਈ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਤਕ ਦੇ ਫ਼ੁਰਮਾਨ ਤੁਸੀਂ ਇਨਸਾਨ ਜਾਰੀ ਕਰ ਦਿੰਦੇ ਹੋ । ਪਾਕਿਸਤਾਨ ਵਰਗੇ ਮੁਲਕਾਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਸਾਰੇ ਵਿਸ਼ਵ ਦੇ ਲੋਕਾਂ ਸਾਹਮਣੇ ਆ ਚੁੱਕੀਆਂ ਹਨ । ਇਨਸਾਨਾਂ ਦੀਆਂ ਅਜਿਹੀਆਂ ਹਰਕਤਾਂ ਨੂੰ ਅਸੀਂ ‘ਇਨਸਾਨਪੁਣਾ’ ਆਖ ਕੇ ਦੁਰਕਾਰਦੇ ਹਾਂ । ਅਸੀਂ ‘ਇਨਸਾਨਪੁਣਾ’ ਨਹੀਂ ਕਰਦੇ, ਬਸ ‘ਕੁੱਤਪੁਣੇ’ ਤਕ ਹੀ ਸੀਮਿਤ ਰਹਿੰਦੇ ਹਾਂ ।”

ਮੈਂ ਡੂੰਘੀਆਂ ਸੋਚਾਂ ਵਿੱਚ ਪਿਆ ਹੋਇਆ ਸੀ । ਮੈਂ ਪੁੱਛਿਆ, “ਪਰ ਗੁਰਬਾਣੀ ਸੰਬੰਧੀ ਵਿਵਾਦ ਕਰਨ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ‘ਇਨਸਾਨਪੁਣੇ’ ਤੋਂ ਕੁੱਤਿਆਂ ਦੀ ਇੱਜ਼ਤ ਨੂੰ ਕਿਵੇਂ ਨੁਕਸਾਨ ਹੋ ਰਿਹਾ ਹੈ?”

ਕੁੱਤਾ ਇੱਕਦਮ ਬੋਲਿਆ, “ਹੋ ਰਿਹਾ ਹੈ, ਹੋ ਰਿਹਾ ਹੈ । ਬਾਣੀਆਂ ਬਾਰੇ ਕਿੰਤੂ-ਪ੍ਰੰਤੂ ਕਰਨ ਵਾਲੇ ਬਾਣੀਆਂ ਨੂੰ ਮੰਨਣ ਵਾਲੇ ਵਿਅਕਤੀਆਂ ਨੂੰ ‘ਕੰਜਰ’ ਆਖਦੇ ਹਨ ਤੇ ਬਾਣੀਆਂ ਨੂੰ ‘ਕੰਜਰ-ਕਵਿਤਾ’ ਆਖਦੇ ਹਨ । ਕੁੱਤਿਆਂ ਵਿੱਚ ਕੰਜਰ ਨਹੀਂ ਹੁੰਦੇ, ਇਸਲਈ ਬਾਣੀਆਂ ਬਾਰੇ ਕਿੰਤੂ-ਪ੍ਰੰਤੂ ਕਰਨ ਵਾਲੇ ‘ਕੰਜਰ’ ਜਾਂ ‘ਕੰਜਰ-ਕਵਿਤਾ’ ਲਫ਼ਜ਼ ਵਰਤ ਕੇ ਕੁੱਤਿਆਂ ਦੀ ਕੋਈ ਬੇਇਜ਼ਤੀ ਨਹੀਂ ਕਰਦੇ । ਸਾਡੀ ਇੱਜ਼ਤ ਨੂੰ ਦਾਗ਼ ਤਾਂ ਉਦੋਂ ਲੱਗਦਾ ਹੈ, ਜਦੋਂ ਬਾਣੀਆਂ ਦੇ ਸਮਰਥਕ ਬਾਣੀ ਨੂੰ ‘ਕੰਜਰ-ਕਵਿਤਾ’ ਆਖੇ ਜਾਣ ‘ਤੇ ਗ਼ੁੱਸੇ ਵਿੱਚ ਆ ਕੇ ਬਾਣੀ-ਵਿਰੋਧੀ ਲੋਕਾਂ ਨੂੰ “ਕੁੱਤਾ” ਆਖ ਦਿੰਦੇ ਹਨ ।”

ਮੈਂ ਹੋਰ ਉਲਝ ਕੇ ਰਹਿ ਗਿਆ । ਮੈਂਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸੇ ਨੂੰ ‘ਕੁੱਤਾ’ ਕਹਿਣ ਨਾਲ ਕੁੱਤਿਆਂ ਦੀ ਕੀ ਬੇਇੱਜ਼ਤੀ ਹੋ ਰਹੀ ਸੀ । ਮੈਂ ਕੁੱਝ ਦੇਰ ਕੁੱਤੇ ਨੂੰ ਗ਼ੌਰ ਨਾਲ ਦੇਖਦਾ ਰਿਹਾ, ਫਿਰ ਬੋਲਿਆ, “ਹਾਂ, ਅਜਿਹਾ ਹੋ ਰਿਹਾ ਹੈ । ਨਿਤਨੇਮ ਦੀਆਂ ਬਾਣੀਆਂ ਨੂੰ ਗੁਰਬਾਣੀ ਮੰਨਣ ਵਾਲੇ ਲੋਕ ਇਸ ਦੇ ਵਿਰੋਧੀਆਂ ਨੂੰ ਗ਼ੁੱਸੇ ਵਿੱਚ ‘ਕੁੱਤਾ’ ਆਖ ਦਿੰਦੇ ਹਨ । ਇਸ ਵਿੱਚ ਤੁਹਾਡਾ ਅਪਮਾਨ ਕਿਵੇਂ ਹੋ ਰਿਹਾ ਹੈ?”

ਕੁੱਤਾ ਇੱਕਦਮ ਗ਼ੁੱਸੇ ਵਿੱਚ ਬੋਲਿਆ, “ਹੋ ਰਿਹਾ ਹੈ, ਹੋ ਰਿਹਾ ਹੈ । ਜ਼ਰਾ ਗਹਿਰਾਈ ਵਿੱਚ ਜਾਉ । ਕੱਲ੍ਹ ਤਕ ਤੁਹਾਡਾ ਇੱਕ ਜੱਥੇਦਾਰ ਜਿਹੜੀਆਂ ਬਾਣੀਆਂ ਗੁਰਦੁਆਰਿਆਂ ਦੀਆਂ ਸਟੇਜਾਂ ‘ਤੇ ਗਾ-ਗਾ ਕੇ ਮਾਇਆ ਇਕੱਠੀ ਕਰਦੀ ਫਿਰਦਾ ਸੀ, ਜੱਥੇਦਾਰੀ ਖੁੱਸ ਜਾਣ ਮਗਰੋਂ ਉਹੀ ‘ਇਨਸਾਨ’ ਅੱਜ ਉਨ੍ਹਾਂ ਬਾਣੀਆਂ ਬਾਰੇ ਹੀ ਅਪਸ਼ਬਦ ਬੋਲ ਰਿਹਾ ਹੈ । ਦੱਸੋ ਅਜਿਹਾ ਕਿਹੜਾ ਗਿਰਿਆ ਹੋਇਆ ਕੁੱਤਾ ਹੈ, ਜੋ ਪਹਿਲਾਂ ਜਿਸ ਦਾ ਪ੍ਰਚਾਰ ਕਰਦਾ ਰਿਹਾ ਹੋਵੇ ਤੇ ਜਿਸ ਦੇ ਸਹਾਰੇ ਟੁੱਕੜ ਖਾਂਦਾ ਰਿਹਾ ਹੋਵੇ, ਫਿਰ ਉਸ ਦੇ ਖ਼ਿਲਾਫ਼ ਹੀ ਭੌਂਕਣ ਲੱਗ ਪਏ?”

ਮੈਂ ਡੌਰ-ਭੌਰ ਜਿਹਾ ਹੋਇਆ ਪਿਆ ਸੀ । ਕੁੱਤੇ ਨੇ ਬੋਲਣਾ ਜਾਰੀ ਰੱਖਿਆ, “ਅਸੀਂ ਕੁੱਤੇ ਹਾਂ ਕੁੱਤੇ, ਇਨਸਾਨ ਨਹੀਂ । ਕੋਈ ਕੁੱਤਾ ਇੰਨਾ ਗਿਰਿਆ ਹੋਇਆ ਨਹੀਂ ਹੋ ਸਕਦਾ ਕਿ ਜਿਸ ਬਾਣੀ ਦਾ ਪ੍ਰਚਾਰ ਕਰ-ਕਰ ਕੇ ਉਸ ਨੇ ਟੁੱਕੜ ਇਕੱਠੇ ਕੀਤੇ ਹੋਣ, ਉਸ ਹੀ ਬਾਣੀ ਦੇ ਖ਼ਿਲਾਫ਼ ਭੌਂਕਣਾ ਸ਼ੁਰੂ ਕਰ ਦਵੇ । ਅਜਿਹਾ ਕਰਨ ਵਾਲੇ ਇਨਸਾਨ ਦੀ ਤੁੱਲਣਾ ਕਿਸੇ ਕੁੱਤੇ ਨਾਲ ਕਰ ਕੇ ਪੂਰੀ ਕੁੱਤਾ ਜਾਤੀ ਦਾ ਅਪਮਾਨ ਕੀਤਾ ਗਿਆ ਹੈ ।”

ਸੱਚੀ ਗੱਲ ਤਾਂ ਇਹ ਹੈ ਕਿ ਮੈਂਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕੁੱਤਾ ਜੋ ਆਖ ਰਿਹਾ ਹੈ, ਉਸ ਦਾ ਭਾਵ ਕੀ ਹੈ । ਮੈਂ ਬੱਸ ਸੁਣਦਾ ਹੀ ਜਾ ਰਿਹਾ ਸੀ ।

ਕੁੱਤਾ ਬੋਲਦਾ ਜਾ ਰਿਹਾ ਸੀ, “ਇਹ ਕਿਸੇ ਵੀ ਇਨਸਾਨ ਦੀ ਆਪਣੀ ਸੋਚ ਹੈ ਕਿ ਕੁਰਾਨ, ਵੇਦ, ਬਾਈਬਲ, ਦਸਮ ਗ੍ਰੰਥ ਜਾਂ ਕਿਸੇ ਵੀ ਹੋਰ ਗ੍ਰੰਥ ਨੂੰ ਮੰਨੇ ਜਾਂ ਨਾ, ਪਰ ਕਿਸੇ ਨੂੰ ਇਹ ਅਧਿਕਾਰ ਬਿਲਕੁਲ ਨਹੀਂ ਕਿ ਉਹ ਇਨ੍ਹਾਂ ਨੂੰ ਮੰਨਣ ਵਾਲਿਆਂ ਨੂੰ ‘ਕੰਜਰ’ ਆਖੇ ਜਾਂ ਕਿਸੇ ਵੀ ਤਰ੍ਹਾਂ ਜ਼ਲੀਲ ਕਰੇ । ਅਜਿਹਾ ਕਰਨਾ ਕਾਨੂੰਨਨ ਅਪਰਾਧ ਤਾਂ ਹੈ ਹੀ, ਇਹ ਮਨੁੱਖਤਾ ਅਤੇ ਸਮਾਜ ਪ੍ਰਤੀ ਅਪਰਾਧ ਵੀ ਹੈ । ਇਸੇ ਤਰ੍ਹਾਂ, ਕਿਸੇ ਵੀ ਧਾਰਮਿਕ ਗ੍ਰੰਥ ਪ੍ਰਤੀ ਘਿਰਣਾ ਰੱਖਣ ਵਾਲੇ ਕਿਸੇ ਇਨਸਾਨ ਨੂੰ ‘ਕੁੱਤਾ’ ਆਖਣਾ ਦੁਨੀਆਂ ਭਰ ਦੇ ਕੁੱਤਿਆਂ ਦੀ ਇੱਜ਼ਤ ‘ਤੇ ਹਮਲਾ ਹੈ । ਕੁੱਤਾ ਹੋਰ ਜੋ ਮਰਜ਼ੀ ਕਰੇ, ਪਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ‘ਤੇ ਚੋਟ ਨਹੀਂ ਕਰ ਸਕਦਾ । ਦਿੱਲੀ ਦੀਆਂ ਸੜਕਾਂ ‘ਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੋਈ ਕੁੱਤਾ ਨਹੀਂ ਕਰ ਸਕਦਾ । ਨਿਤਨੇਮ ਦੀਆਂ ਬਾਣੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਦੁਖਾਉਣ ਦਾ ਕੰਮ ਕੋਈ ਕੁੱਤਾ ਨਹੀਂ ਕਰ ਸਕਦਾ । ਅਸੀਂ ਕੁੱਤੇ ਹਾਂ ਕੁੱਤੇ, ਇਨਸਾਨ ਨਹੀਂ ।”

ਕੁੱਤਾ ਹੁਣ ਹੋਰ ਜੋਸ਼ ਵਿੱਚ ਸੀ, “ਕੋਈ ਇਨਸਾਨ ਪਹਿਲਾਂ ਤਾਂ ਗੁਰਦੁਆਰੇ ਵਿੱਚ ਗ੍ਰੰਥੀ ਬਣ ਜਾਂਦਾ ਹੈ, ਫਿਰ ਉਹੀ ਵਿਅਕਤੀ ਸਿੱਖ ਪ੍ਰੰਪਰਾਵਾਂ ਦੇ ਖ਼ਿਲਾਫ਼ ਭੌਂਕਦਾ-ਭੌਂਕਦਾ ਸਿੱਖ ਪ੍ਰੰਪਰਾਵਾਂ ਨੂੰ ‘ਬਿਪਰਨ ਕੀ ਰੀਤ’ ਗਰਦਾਨ ਦਿੰਦਾ ਹੈ । ਕੋਈ ਕੁੱਤਾ ਅਜਿਹਾ ਕਰਦਾ ਹੈ ਕਦੇ? ਕਦੇ ਸੁਣਿਆ ਕੋਈ ਕੁੱਤਾ ਸਿੱਖ ਪ੍ਰੰਪਰਾ ਦੇ ਖ਼ਿਲਾਫ਼ ਭੌਂਕਦਾ?”

ਕੁੱਤਾ ਚੁੱਪ ਹੀ ਨਹੀਂ ਹੋ ਰਿਹਾ ਸੀ, “ਸਿੱਖ ਪ੍ਰੰਪਰਾਵਾਂ ਤੇ ਸਿੱਖ ਗ੍ਰੰਥਾਂ ਦਾ ਅਪਮਾਨ ਕਰਨ ਵਾਲੇ ਲੋਕਾਂ ਨਾਲ ਤੁਸੀਂ ਜੋ ਮਰਜ਼ੀ ਸਲੂਕ ਕਰੋ, ਪਰ ਉਨ੍ਹਾਂ ਨੂੰ ‘ਕੁੱਤਾ’ ਕਹਿ ਕੇ ਸਾਰੇ ਕੁੱਤਿਆਂ ਦਾ ਅਪਮਾਨ ਨਾ ਕਰੋ । ਅਸੀਂ ਆਪਣਾ ਇਹ ਅਪਮਾਨ ਕਦੇ ਬਰਦਾਸ਼ਤ ਨਹੀਂ ਕਰਾਂਗੇ ।”

ਉਸ ਦੇ ਨਾਲ ਖੜੇ ਸਾਰੇ ਕੁੱਤੇ ਵੀ ਇਕੱਠੇ ਬੋਲੇ, “ਹਾਂ, ਹਾਂ, ਅਸੀਂ ਆਪਣਾ ਇਹ ਅਪਮਾਨ ਕਦੇ ਬਰਦਾਸ਼ਤ ਨਹੀਂ ਕਰਾਂਗੇ ।”

ਇੰਨੇ ਸਾਰੇ ਕੁੱਤਿਆਂ ਦੇ ਇਕੱਠੇ ਬੋਲਣ ਨਾਲ ਮੈਂ ਇੱਕ ਦਮ ਤ੍ਰਭਕ ਗਿਆ ਤੇ ਮੇਰਾ ਸਾਰਾ ਸਰੀਰ ਕੰਬ ਗਿਆ । ਇਸ ਤਰ੍ਹਾਂ ਕੰਬਣ ਨਾਲ ਮੇਰੀ ਨੀਂਦ ਟੁੱਟ ਗਈ । ਦੇਖਿਆ, ਤਾਂ ਮੈਂ ਆਪਣੇ ਘਰ ਵਿੱਚ ਆਪਣੇ ਬਿਸਤਰੇ ‘ਤੇ ਲੇਟਿਆ ਪਿਆ ਸੀ । ਸ਼ੁਕਰ ਹੈ ਰੱਬਾ, ਇਹ ਸਿਰਫ਼ ਸੁਪਨਾ ਹੀ ਸੀ, ਹਕੀਕਤ ਨਹੀਂ । ਕੀ ਪਤਾ ਗ਼ੁੱਸੇ ਵਿੱਚ ਆਏ ਹੋਏ ਕੁੱਤੇ ਕੀ ਕਰ ਬੈਠਦੇ ?