ਫ਼ੇਸਬੁਕ ਉੱਤੇ ਬਣਾਏ ਗਏ ਨਿਰਾਰਥਕ ਗਰੁੱਪ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਫ਼ੇਸਬੁਕ ਉੱਤੇ ਬਣਾਏ ਗਏ ਕਈ ਸਿੱਖ ਗਰੁੱਪਾਂ ਵਿੱਚ ਹੋ ਰਹੀ ਵਿਚਾਰ-ਚਰਚਾ ਨੂੰ ਧਿਆਨ ਨਾਲ ਵਾਚਣ ਮਗਰੋਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜ਼ਿਆਦਾਤਰ ਗਰੁੱਪ ਕੋਈ ਵੀ ਡੂੰਘੀ ਵੀਚਾਰ ਨਹੀਂ ਕਰ ਰਹੇ । ਕਈ ਗਰੁੱਪ ਤਾਂ ਸਿਰਫ਼ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਹੀ ਬਣਾਏ ਗਏ ਹਨ । ਕਈ ਵਿਅਕਤੀ ਸਿਰਫ਼ ਪ੍ਰਸਿੱਧੀ ਦੀ ਲਾਲਸਾ ਅਧੀਨ ਹੀ ਨਵੇਂ-ਨਵੇਂ ਗਰੁੱਪ ਬਣਾਈ ਜਾ ਰਹੇ ਹਨ । ਮੈਂ ਇੱਕੋ ਹੀ ਪੋਸਟ ਕਈ ਸਿੱਖ ਗਰੁੱਪਾਂ ਵਿੱਚ ਪਈ ਹੋਈ ਦੇਖਦਾ ਹਾਂ । ਜ਼ਾਹਿਰ ਹੈ ਕਿ ਇੱਕ ਹੀ ਵਿਸ਼ੇ ਉੱਤੇ ਇੱਕ ਹੀ ਸਮੇਂ ਉਹੀ ਲੋਕ ਚਰਚਾ ਸਿਰਫ਼ ਤਾਂ ਹੀ ਕਰ ਸਕਦੇ ਹਨ, ਜੇ ਉਹ ਆਪਣੇ ਕੰਮ-ਧੰਧਿਆਂ ਤੋਂ ਬਿਲਕੁਲ ਵਿਹਲੇ ਹਨ ਤੇ ਉਨ੍ਹਾਂ ਨੂੰ ਬੈਠੇ-ਬਿਠਾਏ ਕੋਈ ਪੈਨਸ਼ਨ ਆਦਿ ਮਿਲ ਰਹੀ ਹੈ । ਬਲਕਿ ਬਿਲਕੁਲ ਵਿਹਲਾ ਵਿਅਕਤੀ ਵੀ ਸ਼ਾਇਦ ਇੱਕ ਹੀ ਵਿਸ਼ੇ ਉੱਤੇ ਇੱਕ ਹੀ ਸਮੇਂ ਥਾਂ-ਥਾਂ ਚਰਚਾ ਕਰਨ ਵਿੱਚ ਸਮਰਥ ਨਾ ਹੋਵੇ ।

ਮੈਂਨੂੰ ਇਹ ਆਖਣ ਵਿੱਚ ਕੋਈ ਝਿਜਕ ਨਹੀਂ ਕਿ ਅਜਿਹੇ ਗਰੁੱਪਾਂ ਵਿੱਚ ਜ਼ਿਆਦਾਤਰ ਵਿਅਕਤੀ ਅਜਿਹੇ ਹਨ, ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਨਹੀਂ ਹੈ । ਗੁਰਮਤਿ ਦੀ ਸਮਝ ਨਾ ਰੱਖਣ ਵਾਲੇ ਵਿਅਕਤੀ ਜਦੋਂ ਕੋਈ ਗੁਰਮਤਿ-ਵਿਰੋਧੀ ਵੀਚਾਰ ਕਿਸੇ ਗਰੁੱਪ ਵਿੱਚ ਪੋਸਟ ਕਰ ਦਿੰਦੇ ਹਨ, ਤਾਂ ਉਸੇ ਗਰੁੱਪ ਵਿੱਚ ਸ਼ਾਮਿਲ ਕੋਈ ਗ਼ੈਰ-ਸਿੱਖ ਜਾਂ ਕੋਈ ਵਿਦਿਆਰਥੀ ਉਸ ਗੁਰਮਤਿ-ਵਿਰੋਧੀ ਵੀਚਾਰ ਨੂੰ ਹੀ ਅਸਲੀ ਗੁਰਮਤਿ ਸਮਝ ਲੈਂਦਾ ਹੈ । ਸੰਬੰਧਿਤ ਐਡਮਿਨ ਇਹ ਸਮਝਣ ਤੋਂ ਅਸਮਰਥ ਜਾਪਦੇ ਹਨ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਕੀ ਹੈ ।

ਵੀਚਾਰ-ਚਰਚਾ ਕਰਦਿਆਂ ਭੱਦੀ ਸ਼ਬਦਾਵਲੀ ਵਰਤਣਾ ਜਾਂ ਨਿਜੀ ਹਮਲੇ ਕਰਨਾ ਕੁੱਝ ਗਰੁੱਪਾਂ ਵਿੱਚ ਆਮ ਵਰਤਾਰਾ ਹੈ । ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਕੁੱਝ ਵਿਅਕਤੀਆਂ ਨੇ ਫ਼ੇਸਬੁਕ ਉੱਤੇ ਹਿੰਦੂ ਵਿਅਕਤੀਆਂ ਬਾਰੇ ਭੱਦੀ ਸ਼ਬਦਾਵਲੀ ਵਰਤ-ਵਰਤ ਕੇ ਉਨ੍ਹਾਂ ਹਿੰਦੂਆਂ ਦੇ ਦਿਲਾਂ ਵਿੱਚ ਸਿੱਖਾਂ ਬਾਰੇ ਵੱਡੀ ਗ਼ਲਤਫ਼ਹਿਮੀ ਪੈਦਾ ਕਰ ਦਿੱਤੀ ਹੈ ।

ਮੇਰਾ ਸੁਝਾਅ ਹੈ ਕਿ ਅਜਿਹੀ ਕੋਸ਼ਿਸ਼ ਕੀਤੀ ਜਾਏ ਕਿ ਜਿਨ੍ਹਾਂ ਸਿੱਖ ਫ਼ੇਸਬੁਕ ਗਰੁੱਪਾਂ ਦੇ ਐਡਮਿਨ ਲੱਗਭੱਗ ਇੱਕੋ ਜਿਹੀ ਵੀਚਾਰ ਰੱਖਦੇ ਹਨ, ਉਨ੍ਹਾਂ ਗਰੁੱਪਾਂ ਨੂੰ ਇੱਕ-ਦੂਜੇ ਵਿੱਚ ਮਿਲਾ ਕੇ ਇੱਕ ਹੀ ਗਰੁੱਪ ਬਣਾ ਲਿਆ ਜਾਏ । ਇਸ ਨਾਲ ਸੁਹਿਰਦ ਮੈਂਬਰਾਂ ਨੂੰ ਸਹੂਲਤ ਵੀ ਹੋਏਗੀ ਤੇ ਏਕਤਾ ਦੀ ਭਾਵਨਾ ਵੀ ਦ੍ਰਿੜ ਹੋਏਗੀ ।

ਭੱਦੀ ਸ਼ਬਦਾਵਲੀ ਵਰਤਣ ਦੇ ਖ਼ਿਲਾਫ਼ ਸਖ਼ਤ ਨਿਯਮ ਬਣਾਏ ਜਾਣ । ਭੱਦੀ ਸ਼ਬਦਾਵਲੀ ਵਾਲੀ ਪੋਸਟ ਨੂੰ ਤੁਰੰਤ ਹਟਾ ਦਿੱਤਾ ਜਾਏ ਤੇ ਸੰਬੰਧਿਤ ਵਿਅਕਤੀ ਨੂੰ ਤਾੜਨਾ ਕੀਤੀ ਜਾਏ । ਦੁਬਾਰਾ ਗ਼ਲਤੀ ਕਰਨ ਵਾਲੇ ਨੂੰ ਗਰੁੱਪ ਵਿੱਚੋਂ ਹੀ ਹਟਾ ਦਿੱਤਾ ਜਾਏ ।

ਕਿਸੇ ਵੀ ਅਜਿਹੇ ਵਿਅਕਤੀ ਨੂੰ ਗਰੁੱਪ ਦਾ ਐਡਮਿਨ ਨਹੀਂ ਹੋਣਾ ਚਾਹੀਦਾ, ਜੋ ਆਪਣੀ ਪਹਿਚਾਣ ਗੁਪਤ ਰੱਖ ਰਿਹਾ ਹੋਵੇ । ਕੀ ਸਾਨੂੰ ਇਹ ਜਾਣਨ ਦਾ ਹੱਕ ਨਹੀਂ ਕਿ ਕੌਣ ਵਿਅਕਤੀ ਗਰੁੱਪ ਚਲਾ ਰਿਹਾ ਹੈ ਤੇ ਉਸ ਦਾ ਇਸ ਵਿੱਚ ਉਦੇਸ਼ ਕੀ ਹੈ?

ਸਤਿਗੁਰੂ ਦੀ ਸੇਵਾ ਕਰਦਿਆਂ ਮੇਰੇ ਲਈ ਇਹ ਸੰਭਵ ਨਹੀਂ ਹੈ ਕਿ ਮੈਂ ਅਜਿਹੇ ਗਰੁੱਪਾਂ ਵਿੱਚ ਥੋੜਾ ਜਿਹਾ ਵੀ ਵਕਤ ਬਰਬਾਦ ਕਰ ਸਕਾਂ । ਇਹ ਹੀ ਵਜ੍ਹਾ ਹੈ ਕਿ ਕੁੱਝ ਗਰੁੱਪਾਂ ਵਿੱਚੋਂ ਮੈਂ ਆਪ ਹੀ ਬਾਹਰ ਆ ਗਿਆ ਹਾਂ ਤੇ ਇਸ ਲਈ ਮੈਂ ਉਨ੍ਹਾਂ ਗਰੁੱਪਾਂ ਦੇ ਐਡਮਿਨ ਸਾਹਿਬਾਨ ਤੋਂ ਖਿਮਾ ਦਾ ਜਾਚਕ ਹਾਂ ।