(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਪਤਾ ਨਹੀਂ ਕਿ ਜਿਨ੍ਹਾਂ ਪਿਆਰਿਆਂ ਦੀ ਯਾਦ ਵਿੱਚ ਮੈਂ ਇਹ ਲੇਖ ਰਿਹਾ ਹਾਂ, ਉਹ ਕਦੇ ਇਸ ਨੂੰ ਪੜ੍ਹਨਗੇ ਵੀ ਕਿ ਨਹੀਂ? ਪਰ ਫਿਰ ਵੀ, ਮੈਂ ਸੋਚਿਆ ਲਿੱਖ ਹੀ ਲਵਾਂ । ਸ਼ਾਇਦ ਉਨ੍ਹਾਂ ਵਿੱਚੋਂ ਕੋਈ ਪੜ੍ਹ ਹੀ ਲਵੇ । ਜੇ ਉਨ੍ਹਾਂ ਵਿੱਚੋਂ ਕੋਈ ਪੜ੍ਹੇ ਨਾ ਵੀ, ਤਾਂ ਵੀ ਸ਼ਾਇਦ ਦਿਲ ਹੀ ਹਲਕਾ ਹੋ ਜਾਏ ।
ਵੈਸੇ, ਉਨ੍ਹਾਂ ਸੱਜਣਾਂ ਨੂੰ ਯਾਦ ਕਰਦਿਆਂ ਮੈਂ ਪਹਿਲਾਂ ਵੀ ਲਿੱਖਿਆ ਹੈ । ਉਸ ਵਿੱਚੋਂ ਕੁੱਝ ਆਪਣੀ ਵੈੱਬਸਾਈਟ ‘ਤੇ ਛਾਪ ਵੀ ਦਿੱਤਾ ਸੀ, ਜਿਵੇਂ ‘ਜੋ ਤੁਰੇ ਸੀ ਮੇਰੇ ਨਾਲ‘ ਜਾਂ ‘ਮੈਂ ਕਿਸੇ ਕਹੂੰ ਮੇਰੇ ਸਾਥ ਚਲ‘ ।
ਸਤਿਗੁਰੂ ਨਾਨਕ ਦੇਵ ਜੀ ਮੁਹੱਬਤ ਦੇ ਪੈਗ਼ੰਬਰ ਹਨ । ਉਨ੍ਹਾਂ ਦਾ ਮਾਰਗ ਮੁਹੱਬਤ ਦਾ ਮਾਰਗ ਹੈ । ਉਹ ਪ੍ਰੇਮ-ਭਗਤੀ ਦੇ ਪ੍ਰਚਾਰਕ ਹਨ । ਉਨ੍ਹਾਂ ਦੇ ਮੁਹੱਬਤ ਦੇ ਸੰਦੇਸ਼ ਨੂੰ ਬਾਕੀ ਸਤਿਗੁਰੂ ਸਾਹਿਬਾਨ ਨੇ ਵੀ ਪ੍ਰਚਾਰਿਆ ।
ਮੈਂ ਕਿਤੇ ਲਿੱਖਿਆ ਸੀ ਕਿ ਜਦੋਂ ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਧਰਮ, ਦੇਸ਼ ਤੇ ਕੌਮ ਲਈ ਕੁੱਝ ਕਰਨ ਦੀ ਵੀਚਾਰ ਕਰਦੇ ਸਾਂ, ਤਾਂ ਮੇਰੇ ਦਿਮਾਗ਼ ਵਿੱਚ ਕੁੱਝ ਖ਼ਾਸ ਯੋਜਨਾਵਾਂ ਸਨ । ਮੁੱਖ ਯੋਜਨਾ ਤਾਂ ਇਹ ਹੀ ਸੀ ਕਿ ਭਰੋਸੇਯੋਗ ਤੇ ਵਿਦਵਤਾ ਭਰਪੂਰ ਲਿਖਤਾਂ ਤਿਆਰ ਕੀਤੀਆਂ ਜਾਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਤੋਂ ਲਾਭ ਉਠਾ ਸਕਣ । ਬੱਚਿਆਂ ਤੇ ਨੌਜਵਾਨਾਂ ਵਿੱਚ ਪ੍ਰਚਾਰ ਕਰਨ ਦੀ ਯੋਜਨਾ ਵੀ ਸੀ । ਇਹ ਯੋਜਨਾ ਵੀ ਸੀ ਕਿ ਪੰਜਾਬ ਤੋਂ ਬਾਹਰ ਜਾ ਕੇ ਵੀ ਪ੍ਰਚਾਰ ਕੀਤਾ ਜਾਵੇ । ਇਹ ਪ੍ਰਚਾਰ ਕੇਵਲ ਸਿੱਖ ਪਰਿਵਾਰਾਂ ਵਾਸਤੇ ਹੀ ਨਾ ਹੋਵੇ, ਬਲਕਿ ਗ਼ੈਰ-ਸਿੱਖ ਜਨਤਾ ਤਕ ਵੀ ਗੁਰਮਤਿ ਅਤੇ ਗੁਰੂ-ਇਤਿਹਾਸ ਦੀ ਜਾਣਕਾਰੀ ਪਹੁੰਚਾਈ ਜਾਵੇ ।
ਮੈਂ ਇਹ ਵੀ ਲਿੱਖਿਆ ਸੀ ਕਿ ਮੇਰੇ ਪਿਤਾ ਜੀ ਨੇ ਆਪਣੀ ਉਮਰ ਦਾ ਇੱਕ ਹਿੱਸਾ ਪੰਜਾਬ ਤੋਂ ਬਹੁਤ ਦੂਰ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਬਤੀਤ ਕੀਤਾ । ਪਿਤਾ ਜੀ ਤੋਂ ਸੁਣਦਾ ਆਇਆ ਸੀ ਕਿ ਉਦੋਂ ਗ਼ੈਰ-ਸਿੱਖ ਲੋਕ, ਖ਼ਾਸ ਕਰ ਗ਼ੈਰ-ਪੰਜਾਬੀ ਹਿੰਦੂ ਸੱਜਣ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਸਨ । ਮਨ ਵਿੱਚ ਖ਼ਿਆਲ ਆਉਂਦਾ ਕਿ ਆਖ਼ਿਰ ਐਸਾ ਕਿਉਂ ਹੋ ਗਿਆ ਕਿ ਭਾਰਤ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਸਤਿਕਾਰ ਘੱਟ ਗਿਆ? ਬਸ ਵੈਸੇ ਹੀ, ਇਹ ਇੱਛਾ ਪੈਦਾ ਹੁੰਦੀ ਕਿ ਕੁੱਝ ਅਜਿਹਾ ਕੀਤਾ ਜਾਵੇ, ਜਿਸ ਨਾਲ ਸਿੱਖਾਂ ਦੀ ਇੱਜ਼ਤ ਵਧੇ । ਜੀਅ ਕਰਦਾ ਕਿ ਕੁੱਝ ਐਸਾ ਕੀਤਾ ਜਾਵੇ, ਜਿਸ ਨਾਲ ਗ਼ੈਰ-ਸਿੱਖ ਲੋਕਾਂ ਨੂੰ ਸਾਡੇ ਗੁਰੂਆਂ ਦੇ ਪਵਿੱਤਰ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ ।
ਉਹ ਮੇਰੇ ਸਾਥੀ, ਜੋ ਮੇਰੀਆਂ ਯੋਜਨਾਵਾਂ ਦੀ ਕਾਮਯਾਬੀ ਵਿੱਚ ਸਹਾਇਕ ਹੋਣ ਦੇ ਵਾਅਦੇ ਕਰਦੇ ਰਹੇ, ਆਪਣੇ ਘਰੋਗੀ ਹਾਲਤਾਂ ਕਰਕੇ ਇੱਕ-ਇੱਕ ਕਰ ਕੇ ਮੇਰੇ ਤੋਂ ਦੂਰ ਹੁੰਦੇ ਗਏ । ਮੈਂ ਇਹ ਨਹੀਂ ਸਮਝਦਾ ਕਿ ਉਨ੍ਹਾਂ ਦੇ ਦਿਲਾਂ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀ ਮੁਹੱਬਤ ਖ਼ਤਮ ਹੋ ਗਈ, ਬਸ ਇੰਨਾ-ਕੁ ਜ਼ਰੂਰ ਹੈ ਕਿ ਇਸ ਮੁਹੱਬਤ ਨਾਲੋਂ ਪਰਿਵਾਰ ਦੀ ਮੁਹੱਬਤ ਕੁੱਝ ਜ਼ਿਆਦਾ ਤਾਕਤਵਰ ਨਿਕਲੀ ।
ਜ਼ਿੰਦਗੀ ਮੇਰੀ ਵੀ ਬਿਲਕੁਲ ਸੁੱਖ ਨਾਲ ਤਾਂ ਨਹੀਂ ਚੱਲੀ । ਮੇਰੇ ਆਪਣੇ ਪਰਿਵਾਰ ਦੇ ਜੀਅ ਇੱਕ-ਇੱਕ ਕਰ ਕੇ ਮੈਂਨੂੰ ਹਮੇਸ਼ਾ-ਹਮੇਸ਼ਾ ਲਈ ਵਿਛੋੜਾ ਦਿੰਦੇ ਚਲੇ ਗਏ । ਪਰਿਵਾਰ ਨਾਮ ਦੀ ਕੋਈ ਚੀਜ਼ ਮੇਰੀ ਜ਼ਿੰਦਗੀ ਵਿੱਚ ਨਾ ਰਹੀ । ਇੱਕ ਯਤੀਮ ਬਣ ਕੇ ਜੀਣ ਲਈ ਮਜਬੂਰ ਹੋ ਗਿਆ ਹਾਂ । ਇਸ ਨੇ ਮੇਰੇ ਅੰਦਰ ਬਹੁਤ ਨਿਰਾਸ਼ਾ ਪੈਦਾ ਕੀਤੀ । ਅਜਿਹੀ ਮਨੋ-ਦਸ਼ਾ ਵਿੱਚ ਹੀ ਮੈਂ ਇਹ ਲਿੱਖਿਆ ਸੀ: –
ਦੂਰ ਗਗਨ ਉਜਿਆਰਾ ਹੋਇਆ, ਜਿੱਥੇ ਮਾਤ-ਪਿਤਾ ਦਾ ਡੇਰਾ ।
ਸੱਪਾਂ ਦੀ ਧਰਤੀ ਮੈਂ ਵੱਸਦਾ, ਜਿੱਥੇ ਘੋਰ ਹਨੇਰਾ ।
ਬੱਸ ਰੱਬਾ ! ਹੋਰ ਸਾਹ ਨਾ ਦੇਵੀਂ, ਜੀਣ ਨੂੰ ਚਿੱਤ ਨਾ ਕਰਦਾ,
ਦੂਰ ਗਗਨ ਮੇਰੇ ਸੱਜਣ ਵੱਸਦੇ, ਮੇਰਾ ਉੱਥੇ ਲਾ ਦੇ ਡੇਰਾ । (‘ਅੰਮ੍ਰਿਤ’)
ਪਰ, ਜਦੋਂ-ਜਦੋਂ ਵੀ ਆਪਣੇ ਅੰਦਰ ਝਾਤੀ ਮਾਰੀ, ਸਤਿਗੁਰੂ ਨਾਨਕ ਦੇਵ ਜੀ ਦੀ ਮੁਹੱਬਤ ਦਾ ਦੀਵਾ ਉਵੇਂ ਦਾ ਉਵੇਂ ਹੀ ਜੱਗਦਾ ਦਿੱਸਿਆ । ਪਾਰਿਵਾਰਿਕ ਜੀਆਂ ਦੇ ਸਦੀਵੀ ਵਿੱਛੋੜਿਆਂ ਦਾ ਦਰਦ ਹੁਣ ਵੀ ਕਦੇ-ਕਦੇ ਬਹੁਤ ਪ੍ਰੇਸ਼ਾਨ ਕਰਦਾ ਹੈ । ਫਿਰ, ਕਦੇ-ਕਦੇ ਇਹ ਵੀ ਲੱਗਦਾ ਹੈ ਕਿ ਉਸ ਦਰਦ ਤੋਂ ਹੁਣ ਕੁੱਝ ਉੱਭਰ ਰਿਹਾ ਹਾਂ ਮੈਂ । ਸਤਿਗੁਰੂ ਦੇ ਮੁਹੱਬਤ ਦੇ ਸੁਨੇਹੇ ਨੂੰ ਫੈਲਾਉਣ ਲਈ ਸਾਥੀ ਬਣੇ ਸੱਜਣਾਂ ਦੇ ਵਿਉਹਾਰ ਨੂੰ ਜੇ ਮੈਂ ‘ਜ਼ਫ਼ਾ’ ਆਖਾਂ, ਤਾਂ ਸ਼ਾਇਦ ਉਸ ‘ਜ਼ਫ਼ਾ’ ਦੇ ਦਰਦ ਤੋਂ ਵੀ ਮੈਂ ਉੱਭਰ ਰਿਹਾ ਹਾਂ । ਪਾਰਿਵਾਰਿਕ ਜੀਆਂ ਦੇ ਸਦੀਵੀ ਵਿਛੋੜੇ ਦਾ ਗ਼ਮ ਵੀ ਹੁਣ ਕੁੱਝ-ਕੁੱਝ ਭੁੱਲਦਾ ਜਾ ਰਿਹਾ ਹੈ, ਤੇ ਉਨ੍ਹਾਂ ਸੱਜਣਾਂ ਦੀ ਜ਼ਫ਼ਾ ਵੀ ਹੁਣ ਕੁੱਝ-ਕੁੱਝ ਭੁੱਲਦੀ ਜਾ ਰਹੀ ਹੈ । ਹਾਂ, ਬਸ ਸਤਿਗੁਰੂ ਨਾਨਕ ਦੇਵ ਜੀ ਦੀ ਮੁਹੱਬਤ ਨਹੀਂ ਭੁੱਲਦੀ । ਸਤਿਗੁਰੂ ਦੀ ਮੁਹੱਬਤ ਮੇਰੇ ਤੋਂ ਕੀ ਮੰਗਦੀ ਹੈ, ਇਹ ਗੱਲ ਵੀ ਮੈਂਨੂੰ ਨਹੀਂ ਭੁੱਲਦੀ ।
ਸੱਜਣੋਂ, ਪਿਆਰਿਉ: –
ਅਪਨਾ ਗ਼ਮ ਭੂਲ ਗਏ, ਤੇਰੀ ਜ਼ਫ਼ਾ ਭੂਲ ਗਏ ।
ਹਮ ਤੋ ਹਰ ਬਾਤ ਮੁਹੱਬਤ ਕੇ ਸਿਵਾ ਭੂਲ ਗਏ । (ਫ਼ਾਰੂਖ਼ ਕੈਸਰ)