(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਸੁਣਦੇ ਆਏ ਹਾਂ ਕਿ ਬੁਰੀ ਸੰਗਤ ਵਿੱਚ ਪੈਣ ਦਾ ਨਤੀਜਾ ਬੁਰਾ ਹੀ ਹੁੰਦਾ ਹੈ ।
ਪਰ, ਇਹ ਵੀ ਹੋ ਸਕਦਾ ਹੈ ਕਿ ਕੋਈ ਬੁਰੀ ਸੰਗਤ ਵਿੱਚ ਹੋਵੇ ਤਾਂ ਸਹੀ, ਪਰ ਖ਼ੁਦ ਕੋਈ ਬੁਰਾ ਕੰਮ ਨਾ ਵੀ ਕਰਦਾ ਹੋਵੇ । ਕੀ ਫਿਰ ਵੀ ਉਸ ਨੂੰ ਬੁਰੀ ਸੰਗਤ ਦਾ ਬੁਰਾ ਨਤੀਜਾ ਮਿਲੇਗਾ ਹੀ?
ਜਿਵੇਂ ਚਾਵਲ ਪ੍ਰਾਪਤ ਕਰਨ ਲਈ ਤੁਖ ਨੂੰ ਮੋਹਲੀ ਨਾਲ ਕੁੱਟਿਆ ਜਾਂਦਾ ਹੈ, ਉਵੇਂ ਹੀ ਉਨ੍ਹਾਂ ਨਾਲ ਹੋਏਗਾ, ਜੋ ਕੁਸੰਗਤ ਵਿੱਚ ਬੈਠਦੇ ਹਨ । ਧਰਮ/ਨਿਆਂ ਕਰਨ ਵਾਲਾ ਪ੍ਰਭੂ ਉਨ੍ਹਾਂ ਤੋਂ ਬੁਰੀ ਸੰਗਤ ਕਰਨ ਦਾ ਲੇਖਾ ਲਏਗਾ ਹੀ । ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਕਬੀਰ ਸਾਹਿਬ ਜੀ ਦਾ ਇੱਕ ਵਚਨ ਦੇ ਹਵਾਲੇ ਨਾਲ ਆਪਣੇ ਵਿਚਾਰ ਦਿੰਦਿਆਂ ਫ਼ੁਰਮਾਇਆ: –
ਮਹਲਾ ੫ ॥
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥
(੯੬੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਕਬੀਰ ਸਾਹਿਬ ਨੇ ਵੀ ਫ਼ੁਰਮਾਇਆ ਕਿ ਜੇ ਕਾਲਖ ਵਾਲਾ ਕੋਈ ਭਾਂਡਾ ਛੋਹ ਲਈਏ, ਤਾਂ ਕੁੱਝ ਨਾ ਕੁੱਝ ਨਾ ਦਾਗ਼ ਲੱਗ ਹੀ ਜਾਂਦਾ ਹੈ । ਇਸਲਈ ਬੇਹਤਰ ਇਹ ਹੀ ਹੈ ਕਿ ਸਾਕਤ ਦੀ, ਧਰਮ ਤੋਂ ਡਿੱਗੇ ਹੋਏ ਵਿਅਕਤੀ (ਪਤਿਤ) ਦੀ ਸੰਗਤ ਨਾ ਕੀਤੀ ਜਾਏ । ਬਲਕਿ ਪਤਿਤ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ । ਕਬੀਰ ਸਾਹਿਬ ਇੰਝ ਫ਼ੁਰਮਾਉਂਦੇ ਹਨ :-
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥
(੧੩੭੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।