ਮੋਹਿ ਅਨਾਥ ਪ੍ਰਭ ਤੇਰੀ ਸਰਣ

ਜੇ ਆਪਣੇ ਪਰਿਵਾਰ ਵਿੱਚ, ਮਾਂ-ਬਾਪ/ਭੈਣ/ਭਰਾ/ਧੀ/ਪੁੱਤਰ ਨਾਲ ਰਹਿਣਾ ਢਹਿੰਦੀ ਕਲਾ ਨਹੀਂ, ਤਾਂ ਕਿਸੇ ਅਨਾਥ ਆਸ਼ਰਮ ਵਿੱਚ ਰਹਿਣਾ ਵੀ ਢਹਿੰਦੀ ਕਲਾ ਨਹੀਂ ਹੋ ਸਕਦੀ । ਕਿਸੇ ਲਈ ਅਨਾਥ ਆਸ਼ਰਮ ਵੀ ਉਸਦਾ ਆਪਣਾ ਘਰ ਹੀ ਹੁੰਦਾ ਹੈ । ਊਧਮ ਸਿੰਘ ਵੀ ਯਤੀਮਖ਼ਾਨੇ ਵਿੱਚ ਹੀ ਪਲਿਆ ਸੀ, ਪਰ ਇਹ ਕਹਿਣਾ ਔਖਾ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਨਹੀਂ ਸੀ । ਜੇ ਪੂਰੀ ਧਰਤੀ ਹੀ ਰਹਿਣ ਯੋਗ ਹੈ, ਤਾਂ ਅਨਾਥ ਆਸ਼ਰਮ ਤੇ ਬਿਰਧ ਘਰ ਵੀ ਇਸੇ ਧਰਤੀ ਉੱਤੇ ਹੀ ਹਨ । ਜੇ ਕੋਈ ਆਪਣੇ ਘਰ ਵਿੱਚ ਰਹਿ ਰਿਹਾ ਹੈ, ਤਾਂ ਕੀ ਉਸ ਨੂੰ ਪਰਮਪਿਤਾ ਦਾ ਆਸਰਾ ਨਹੀਂ ਹੁੰਦਾ? ਇਸੇ ਤਰ੍ਹਾਂ, ਜੇ ਕੋਈ ਅਨਾਥ ਆਸ਼ਰਮ ਵਿੱਚ ਰਹਿ ਰਿਹਾ ਹੈ, ਤਾਂ ਇਸ ਦਾ ਇਹ ਮਤਲਬ ਕਿਵੇਂ ਲਿਆ ਜਾ ਸਕਦਾ ਹੈ ਕਿ ਉਸ ਨੂੰ ਪਰਮਪਿਤਾ ਦਾ ਆਸਰਾ ਨਹੀਂ?

ਜਿੱਥੋਂ ਤਕ ਆਪਣੇ ਆਪ ਨੂੰ ਅਨਾਥ ਆਖਣ ਦੀ ਗੱਲ ਹੈ, ਗੁਰੂ ਸਾਹਿਬਾਨ ਨੇ ਸ੍ਰੀ ਗੁਰੂਬਾਣੀ ਵਿੱਚ ਅਨੇਕ ਜਗ੍ਹਾ ਆਪਣੇ ਆਪ ਨੂੰ ਅਨਾਥ ਆਖਿਆ ਹੈ । ਉਦਾਹਰਣ ਵਜੋਂ: –

(1) “ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥ ”

(2) “ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥”

(3) “ਮੋਹਿ ਅਨਾਥ ਗਰੀਬ ਨਿਮਾਨੀ ॥ ”

(4) “ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ”

(5) “ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥ ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥ ”

(6) “ਮੋਹਿ ਅਨਾਥ ਤੁਮਰੀ ਸਰਣਾਈ ॥ ”

(7) “ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥ ”

(8) “ਮੋਹਿ ਅਨਾਥ ਪ੍ਰਭ ਤੇਰੀ ਸਰਣ ॥ ”

ਭਾਈ ਗੁਰਦਾਸ ਜੀ ਨੇ ਵੀ ਆਪਣੇ ਆਪ ਨੂੰ ਅਨਾਥ ਆਖਦੇ ਹੋਏ ਬੜਾ ਖ਼ੂਬਸੂਰਤ ਲਿਖਿਆ ਹੈ : ਤੋ ਸੋ ਨ ਨਾਥੁ, ਅਨਾਥ ਨ ਮੋ ਸਰਿ… (ਕਬਿੱਤ ੫੨੮).

ਅਨਾਥ ਹੋਣਾ, ਅਨਾਥ ਆਸ਼ਰਮ ਵਿੱਚ ਰਹਿਣਾ, ਬਿਰਧ ਘਰ ਵਿੱਚ ਰਹਿਣਾ ਕੋਈ ਢਹਿੰਦੀ ਕਲਾ ਦੀ ਨਿਸ਼ਾਨੀ ਨਹੀਂ। ਇਹ ਤਾਂ ਸਗੋਂ ਚੜ੍ਹਦੀ ਕਲਾ ਦਾ ਉੱਤਮ ਨਮੂਨਾ ਹੈ ਕਿ ਕੋਈ ਦੁਨੀਆਵੀ ਰਿਸ਼ਤਾ ਸਹਾਈ ਨਾ ਹੋਣ ਦੇ ਬਾਵਜੂਦ ਉਹ ਜੀਅ ਰਹੇ ਹਨ ਤੇ ਹੋਰਨਾਂ ਅਨਾਥਾਂ ਜਾਂ ਬਿਰਧਾਂ ਨੂੰ ਵੀ ਸਾਥ ਦੇ ਰਹੇ ਹਨ । ਕਦੇ ਕਿਸੇ ਅਨਾਥ ਆਸ਼ਰਮ ਜਾਂ ਬਿਰਧ ਘਰ ਵਿੱਚ ਜਾ ਕੇ ਦੇਖਿਆ ਜਾਏ, ਤਾਂ ਹੀ ਇਹ ਗੱਲ ਸਮਝ ਆ ਸਕਦੀ ਹੈ ।

ਦੂਜੇ ਪਾਸੇ, ਜੇ ਕੋਈ ਆਪਣੇ ਸਮਝੇ ਜਾ ਰਹੇ ਘਰ ਵਿੱਚ, ਜਾਂ ਆਪਣੇ ਸਮਝੇ ਜਾ ਰਹੇ ਪਰਿਵਾਰ ਵਿੱਚ ਰਹਿ ਰਿਹਾ ਹੈ, ਤਾਂ ਇਸ ਦਾ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਉਹ ਜ਼ਰੂਰ ਹੀ ਚੜ੍ਹਦੀ ਕਲਾ ਵਿੱਚ ਹੀ ਹੋਏਗਾ । ਐਸੀ ਗੱਲ ਹੁੰਦੀ, ਤਾਂ ਆਪਣੇ ਸਮਝੇ ਜਾ ਰਹੇ ਘਰਾਂ ਵਿੱਚ ਰਹਿਣ ਵਾਲੇ ਲੋਕ ਕਦੇ ਵੀ ਆਤਮਹੱਤਿਆ ਨਾ ਕਰਦੇ ਫਿਰਦੇ ।

ਅਸਲ ਸਮੱਸਿਆ ਤਾਂ ਇਹ ਹੈ ਕਿ ਮਨਮੁੱਖ ਦੁਨੀਆਵੀ ਆਸਰਿਆਂ ਸਦਕਾ ਹੀ ਆਪਣੇ ਆਪ ਨੂੰ ਅਨਾਥ ਨਹੀਂ ਸਮਝ ਰਿਹਾ । ਜਦੋਂ ਉਹ ਸਮਝ ਗਿਆ ਕਿ ਉਹ ਅਸਲ ਵਿੱਚ ਅਨਾਥ ਹੈ, ਉਦੋਂ ਹੀ ਉਹ ਪ੍ਰਭੂ ਦੀ ਸ਼ਰਣ ਵਿੱਚ ਆਉਣ ਦੀ ਸੋਚ ਸਕਦਾ ਹੈ: –

ਮੋਹਿ ਅਨਾਥ ਪ੍ਰਭ ਤੇਰੀ ਸਰਣ ॥

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’