ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਦੇ ਕਾਰਣ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਕਿਸੇ ਵੀ ਵਿਚਾਰ ਜਾਂ ਸਿੱਧਾਂਤ ਦਾ ਸੰਸਾਰ ਵਿੱਚ ਫੈਲਾਅ ਪ੍ਰਚਾਰ ਨਾਲ ਹੀ ਹੁੰਦਾ ਹੈ । ਕਿਸੇ ਵਿਚਾਰ ਜਾਂ ਸਿੱਧਾਂਤ ਦਾ ਪ੍ਰਚਾਰ ਕਰਨ ਵਾਲਾ ਵਿਅਕਤੀ ਪ੍ਰਚਾਰਕ ਆਖਿਆ ਜਾਂਦਾ ਹੈ । ਕਿਸੇ ਵੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਕਿਸੇ ਪ੍ਰਚਾਰਕ ਦੀ ਸਫਲਤਾ ਬਹੁਤ ਸਾਰੇ ਬਿੰਦੂਆਂ ‘ਤੇ ਨਿਰਭਰ ਕਰਦੀ ਹੈ। ਪ੍ਰਚਾਰਕ ਦੀ ਸਫਲਤਾ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਪਰਿਵਾਰਿਕ ਅਤੇ ਆਰਥਿਕ ਹਾਲਤਾਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ।

ਕਿਸੇ ਸਮਾਜ ਦੀ ਬਣਤਰ ਕਿਸੇ ਪ੍ਰਚਾਰਕ ਦੀ ਸਫਲਤਾ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਕਿਸੇ ਪਿਛਾਂਹ-ਖਿੱਚੂ ਸਮਾਜ ਵਿੱਚ ਆਧੁਨਿਕ ਵਿਚਾਰਧਾਰਾ ਦਾ ਪ੍ਰਚਾਰਕ ਆਪਣੇ ਆਪ ਨੂੰ ਬਹੁਤ ਮੁਸ਼ਕਿਲ ਸਥਿਤੀ ਵਿੱਚ ਫੱਸਿਆ ਦੇਖਦਾ ਹੈ। ਉਦਾਹਰਣ ਵਜੋਂ, ਨਾਰੀ ਪ੍ਰਤੀ ਬੜੀ ਸੌੜੀ ਸੋਚ ਰੱਖਣ ਵਾਲੇ ਸਮਾਜ ਵਿੱਚ ਨਾਰੀ ਨੂੰ ਪੂਰਣ ਆਜ਼ਾਦੀ ਦੇਣ ਦੀ ਵਿਚਾਰਧਾਰਾ ਦੇ ਪ੍ਰਚਾਰਕ ਨੂੰ ਪ੍ਰਚਾਰ ਕਰਨ ਵਿੱਚ ਬੜੀ ਔਖ ਹੋਏਗੀ। ਨਾਰੀ ਨੂੰ ਪੂਰਣ ਆਜ਼ਾਦੀ ਦੇਣ ਦੀ ਉਸ ਦੀ ਸੋਚ ਉਸ ਨੂੰ ਲੰਪਟ ਘੋਸ਼ਿਤ ਕਰਵਾ ਸਕਦੀ ਹੈ।

ਜੇ ਕੋਈ ਪ੍ਰਚਾਰਕ ਕਿਸੇ ਕਮਿਊਨਿਸਟ ਦੇਸ਼ ਵਿੱਚ ਪੂੰਜੀਵਾਦ ਦਾ ਪ੍ਰਚਾਰ ਕਰਨਾ ਚਾਹੇ, ਤਾਂ ਉਹ ਆਪਣੀ ਜਾਨ ਖ਼ਤਰੇ ਵਿੱਚ ਪਾ ਰਿਹਾ ਹੋਏਗਾ। ਕਿਸੇ ਇਸਲਾਮਿਕ ਮੁਲਕ ਵਿੱਚ ਇਸਲਾਮ ਦਾ ਪ੍ਰਚਾਰ ਕਰਨ ਨਾਲੋਂ ਕਿਸੇ ਕਮਿਊਨਿਸਟ ਦੇਸ਼ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਯਕੀਨਨ ਇੰਨਾ ਆਸਾਨ ਨਹੀਂ ਹੋਏਗਾ। ਇਸਲਾਮ ਦੇ ਪ੍ਰਚਾਰਕ ਨੂੰ ਜੋ ਸਹੂਲਤ ਇਸਲਾਮਿਕ ਨਿਜ਼ਾਮ ਵਿੱਚ ਮਿਲ ਸਕਦੀ ਹੈ, ਉਹ ਕਿਸੇ ਹੋਰ ਰਾਜਨੀਤਿਕ ਸਿਸਟਮ ਵਿੱਚ ਪ੍ਰਾਪਤ ਨਹੀਂ ਹੋ ਸਕਦੀ। ਕਿਸੇ ਦੇਸ਼ ਵਿੱਚ ਕਿਸੇ ਵਿਸ਼ੇਸ਼ ਰਾਜਨੀਤਿਕ ਦਲ ਦੀ ਸਰਕਾਰ ਕਿਸੀ ਵਿਚਾਰਧਾਰਾ ਦੇ ਪ੍ਰਚਾਰ ਵਿੱਚ ਬਹੁਤ ਸਹਾਈ ਵੀ ਹੋ ਸਕਦੀ ਹੈ ਤੇ ਬਹੁਤ ਵੱਡੀ ਰੁਕਾਵਟ ਵੀ ਬਣ ਸਕਦੀ ਹੈ। ਕਈ ਵਾਰ ਕੋਈ ਵਿਚਾਰਧਾਰਕ ਲਹਿਰ ਕਿਸੇ ਵਿਸ਼ੇਸ਼ ਸੱਤਾਧਾਰੀ ਰਾਜਨੀਤਿਕ ਦਲ ਲਈ ਰਾਜਨੀਤਿਕ ਜਾਂ ਰਣਨੀਤਿਕ ਤੌਰ ‘ਤੇ ਫ਼ਾਇਦੇਮੰਦ ਹੋਏ, ਤਾਂ ਅਜਿਹਾ ਰਾਜਨੀਤਿਕ ਦਲ ਪ੍ਰਗਟ ਜਾਂ ਗੁਪਤ ਤੌਰ ‘ਤੇ ਉਸ ਲਹਿਰ ਦੀ ਭਰਪੂਰ ਮਦਦ ਕਰਦਾ ਹੈ। ਭਾਰਤੀ ਪੰਜਾਬ ਵਿੱਚ ਦੋ ਪ੍ਰਮੁੱਖ ਰਾਜਨੀਤਿਕ ਦਲਾਂ ਵਿੱਚੋਂ ਇੱਕ ਸਿਰਸਾ ਸ਼ਹਿਰ ਵਾਲੇ ਡੇਰਾ ਸੱਚਾ ਸੌਦਾ ਦਾ ਵਿਰੋਧ ਕਰਦਾ ਹੈ ਤੇ ਦੂਜਾ ਸਮਰਥਨ ਕਰਦਾ ਹੈ। ਅਜਿਹਾ ਅਸਲ ਵਿੱਚ ਰਾਜਨੀਤਿਕ ਕਾਰਣਾਂ ਕਰਕੇ ਹੀ ਹੈ। ਜ਼ਾਹਿਰ ਹੈ ਕਿ ਰਾਜਨੀਤਿਕ ਹਾਲਾਤ ਵੀ ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।

ਕਈ ਵਾਰ ਪਾਰਿਵਾਰਿਕ ਹਾਲਾਤ ਵੀ ਕਿਸੇ ਪ੍ਰਚਾਰਕ ਨੂੰ ਸਫਲ ਜਾਂ ਅਸਫਲ ਕਰ ਦਿੰਦੇ ਹਨ। ਘਰ ਵਿੱਚ ਬਿਮਾਰ ਪਏ ਤੁਰਨ-ਫਿਰਨ ਤੋਂ ਲਾਚਾਰ ਕਿਸੇ ਬਜ਼ੁਰਗ ਦੀ ਸੇਵਾ ਛੱਡ ਕੇ ਪ੍ਰਚਾਰ ਕਰਨਾ ਬਹੁਤੀ ਵਾਰ ਸੰਭਵ ਨਹੀਂ ਹੁੰਦਾ। ਕਈ ਵਾਰ ਪਾਰਿਵਾਰਿਕ ਰੁਝੇਵੇਂ ਪ੍ਰਚਾਰ ਲਈ ਵਕਤ ਹੀ ਬਾਕੀ ਨਹੀਂ ਛੱਡਦੇ। ਕਿਸੇ ਵਿਅਕਤੀ ਨੂੰ ਆਪਣੀ ਗੱਲਬਾਤ ਰਾਹੀਂ ਆਸਾਨੀ ਨਾਲ ਪ੍ਰਭਾਵਤ ਕਰ ਲੈਣ ਵਾਲਾ ਪ੍ਰਚਾਰਕ ਕਈ ਵਾਰ ਆਪਣੇ ਘਰੋਗੀ ਹਾਲਾਤ ਕਾਰਣ ਹੀ ਪ੍ਰਚਾਰ ਕਰਨ ਵਿੱਚ ਅਸਮਰਥ ਹੋ ਜਾਂਦਾ ਹੈ। ਪਰਿਵਾਰਿਕ ਜਾਂ ਨਿਜੀ ਕਾਰਣ ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਵਿੱਚ ਵੱਡਾ ਹਿੱਸਾ ਪਾਉਂਦੇ ਹਨ।

ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਉਸ ਦੀ ਆਰਥਿਕ ਸਥਿਤੀ ਦਾ ਵੀ ਹੁੰਦਾ ਹੈ। ਬੁੱਧ ਮਤਿ ਦਾ ਜੋ ਪ੍ਰਚਾਰ ਸਮਰਾਟ ਅਸ਼ੋਕ ਦੀ ਭਾਰੀ ਆਰਥਿਕ ਮਦਦ ਨਾਲ ਹੋਇਆ, ਉਹ ਉਸ ਤੋਂ ਪਹਿਲਾਂ ਸੰਭਵ ਹੀ ਨਹੀਂ ਸੀ ਹੋ ਸਕਿਆ। ਸਮਰਾਟ ਦੀ ਭਾਰੀ ਆਰਥਿਕ ਅਤੇ ਰਾਜਨੀਤਿਕ ਮਦਦ ਨਾਲ ਬੁੱਧ ਵਿਚਾਰਧਾਰਾ ਦਾ ਪ੍ਰਚਾਰ ਨਾ ਕੇਵਲ ਭਾਰਤ ਵਿੱਚ ਹੀ, ਬਲਕਿ ਵਿਦੇਸ਼ਾਂ ਵਿੱਚ ਵੀ ਖ਼ੂਬ ਹੋਇਆ। ਬੁੱਧ ਵਿਚਾਰਧਾਰਾ ਦੇ ਪ੍ਰਚਾਰਕ ਅਸ਼ੋਕ ਤੋਂ ਪਹਿਲਾਂ ਵੀ ਮੌਜੂਦ ਸਨ, ਪਰ ਉਨ੍ਹਾਂ ਨੂੰ ਉਹ ਆਰਥਿਕ ਤੇ ਰਾਜਨੀਤਿਕ ਸਹਿਯੋਗ ਨਹੀਂ ਮਿਲ ਸਕਿਆ ਸੀ, ਜੋ ਅਸ਼ੋਕ ਦੇ ਸਮੇਂ ਦੇ ਬੁੱਧ ਵਿਚਾਰਧਾਰਾ ਦੇ ਪ੍ਰਚਾਰਕਾਂ ਨੂੰ ਮਿਲਿਆ। ਅਸ਼ੋਕ ਤੋਂ ਪਹਿਲਾਂ ਦੇ ਬੋਧੀ ਪ੍ਰਚਾਰਕਾਂ ਦੀ ਲਿਆਕਤ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਬਸ, ਉਨ੍ਹਾਂ ਦੇ ਆਰਥਿਕ ਤੇ ਰਾਜਨੀਤਿਕ ਹਾਲਾਤ ਉਨ੍ਹਾਂ ਨੂੰ ਉਹ ਸਫਲਤਾ ਨਾ ਦੇ ਸਕੇ।

ਕਿਸੇ ਖੇਤਰ ਦਾ ਸਭਿਆਚਾਰ ਵੀ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਪ੍ਰਚਾਰਕ ਦੀ ਸਫਲਤਾ ਵਿੱਚ ਸਹਾਇਕ ਜਾਂ ਰੁਕਾਵਟ ਬਣਦਾ ਹੈ। ਭਾਰਤੀ ਪ੍ਰਚਾਰਕ ਓਸ਼ੋ (ਰਜਨੀਸ਼) ਨੂੰ ਜੋ ਸਫਲਤਾ ਸੰਯੁਕਤ ਰਾਜ ਅਮਰੀਕਾ ਜਾ ਕੇ ਪ੍ਰਾਪਤ ਹੋਈ, ਉਹ ਸਿਰਫ਼ ਭਾਰਤ ਵਿੱਚ ਰਹਿਣ ਨਾਲ ਪ੍ਰਾਪਤ ਹੋਣੀ ਅਸੰਭਵ ਸੀ। ਉਸਦੀ ਵਿਚਾਰਧਾਰਾ ਦਾ ਸਭਿਆਚਾਰਕ ਪੱਖ ਭਾਰਤੀ ਸਭਿਆਚਾਰ ਨਾਲ ਮੇਲ ਨਹੀਂ ਖਾਂਦਾ ਸੀ। ਜਦੋਂ ਉਹ ਭਾਰਤ ਵਾਪਸ ਆਇਆ ਵੀ, ਤਾਂ ਉਸ ਦੀ ਵਿਸ਼ੇਸ਼ ਵਿਚਾਰਧਾਰਾ ਉਸਦੇ ਆਪਣੇ ਆਸ਼ਰਮ ਤੋਂ ਬਾਹਰ ਉਸ ਤਰ੍ਹਾਂ ਦਾ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਨਾ ਹੋ ਸਕੀ।

ਉੱਪਰ ਜ਼ਿਕਰ ਕੀਤੇ ਗਏ ਕਾਰਣਾਂ ਵਿੱਚੋਂ ਕੋਈ ਇੱਕ ਕਾਰਣ ਵੀ ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਨਿਰਧਾਰਿਤ ਕਰਨ ਦੀ ਸਮਰਥਾ ਰੱਖਦਾ ਹੈ। ਕੋਈ ਬਹੁਤ ਹੀ ਕਾਬਿਲ ਪ੍ਰਚਾਰਕ ਉੱਪਰ ਦੱਸੇ ਗਏ ਕਿਸੇ ਕਾਰਣ ਜਾਂ ਕਾਰਣਾਂ ਕਰਕੇ ਅਸਫਲ ਹੋ ਸਕਦਾ ਹੈ। ਦੂਜੇ ਪਾਸੇ, ਉੱਪਰ ਵਰਣਿਤ ਕਿਸੇ ਕਾਰਣ ਜਾਂ ਕਾਰਣਾਂ ਕਰਕੇ ਕੋਈ ਘੱਟ ਕਾਬਲੀਅਤ ਰੱਖਣ ਵਾਲਾ ਪ੍ਰਚਾਰਕ ਵੀ ਵੱਡੀ ਸਫਲਤਾ ਪ੍ਰਾਪਤ ਕਰ ਸਕਦਾ ਹੈ।