ਜਗਤ ਸਭ ਮਿਥਿਆ

ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
(ਸਾਰੰਗ ਮਹਲਾ ੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ).

ਜਗਤ ਮਿਥਿਆ ਹੈ, ਨਾਸ਼ਵਾਨ ਹੈ । ਅਸਲ ਵਿੱਚ ਇਸ ਦੀ ਆਪਣੀ ਹੋਂਦ ਉਸੇ ਪ੍ਰਕਾਰ ਦੀ ਹੀ ਹੈ, ਜਿਸ ਪ੍ਰਕਾਰ ਕਿਸੇ ‘ਸੁਪਨੇ’ ਦੀ ਹੋਂਦ ਹੁੰਦੀ ਹੈ । ਰਾਤ ਨੂੰ ਆਏ ਸੁਪਨੇ ਦੀ ਹੋਂਦ ਬਾਰੇ ਕੀ ਆਖਿਆ ਜਾਏ? ਕੀ ਉਸ ਦੀ ਹੋਂਦ ਹੈ? ਕੀ ਉਸ ਦੀ ਹੋਂਦ ਨਹੀਂ ਹੈ? ਸੁਪਨੇ ਦੀ ਹੋਂਦ ਹੋ ਕੇ ਵੀ ਸੁਪਨਾ ਅਣਹੋਇਆ ਹੈ । ਸੁਪਨਾ ਮਿਥਿਆ ਹੈ । ਸੁਪਨੇ ਵਿੱਚ ਵਾਪਰੀ ਘਟਨਾ ਅਸਲ ਵਿੱਚ ਵਾਪਰੀ ਹੀ ਨਹੀਂ, ਪਰ ‘ਮਨ’ ਨੇ ਸੁਪਨੇ ਵਿੱਚ ਵਾਪਰੀ ਘਟਨਾ ਨੂੰ ਅਸਲ ਜਾਣ ਲਿਆ । ਇਸੇ ਕਾਰਣ, ਭਿਆਨਕ ਸੁਪਨੇ ਤੋਂ ਇਹ ਡਰ ਜਾਂਦਾ ਹੈ, ਦੁੱਖ ਦਾ ਸੁਪਨਾ ਦੇਖ ਕੇ ਦੁੱਖੀ ਹੋ ਜਾਂਦਾ ਹੈ ਤੇ ਖ਼ੁਸ਼ੀ ਦਾ ਸੁਪਨਾ ਦੇਖ ਕੇ ਖ਼ੁਸ਼ ਹੋ ਜਾਂਦਾ ਹੈ । ਨਾ ਕੋਈ ਭਿਆਨਕ ਘਟਨਾ ਵਾਪਰੀ, ਨਾ ਕੋਈ ਦੁੱਖ-ਭਰਪੂਰ ਘਟਨਾ ਘਟੀ, ਤੇ ਨਾ ਹੀ ਖ਼ੂਸ਼ੀ ਦੀ ਕੋਈ ਗੱਲ ਹੋਈ । ਕੇਵਲ ਸੁਪਨਾ ਆਇਆ, ਪਰ ਮਨ ਡਰ ਗਿਆ, ਦੁੱਖੀ ਹੋ ਗਿਆ ਜਾਂ ਖ਼ੁਸ਼ ਹੋ ਗਿਆ । ਕੁੱਝ ਵੀ ਵਾਪਰਿਆ ਨਹੀਂ, ਪਰ ਮਨ ਨੇ ਡਰ, ਦੁੱਖ ਜਾਂ ਸੁੱਖ ਨੂੰ ਮਹਿਸੂਸ ਕਰ ਲਿਆ ।